ਮੀਰਪੁਰਾ 'ਚ ਟੈਂਟ ਦੀ ਦੁਕਾਨ ਸੜ ਕੇ ਸੁਆਹ , ਲੱਖਾਂ ਰੁਪਏ ਦਾ ਹੋਇਆ ਨੁਕਸਾਨ
ਮਲਕੀਤ ਸਿੰਘ ਮਲਕਪੁਰ
ਲਾਲੜੂ 4 ਮਾਰਚ 2025: ਅੰਬਾਲਾ- ਰਾਮਪੁਰ ਸੈਣੀਆਂ ਸੰਪਰਕ ਸੜਕ 'ਤੇ ਪੈਂਦੇ ਪਿੰਡ ਮੀਰਪੁਰਾ ਵਿਖੇ ਇੱਕ ਦੁਕਾਨ ਵਿੱਚ ਪਏ ਟੈਂਟ ਦੇ ਸਮਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਨਾ ਸਿਰਫ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸਗੋਂ ਦੁਕਾਨ ਦੀ ਇਮਾਰਤ ਵੀ ਅੱਗ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਭਿਆਨਕ ਅੱਗ ਨੂੰ ਬੁਝਾਉਣ ਲਈ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪੁੱਜੀਆਂ ,ਜਿਸ ਉੱਤੇ ਇੱਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ, ਉਦੋਂ ਤੱਕ ਦੁਕਾਨ ਵਿੱਚ ਸਿਰਫ਼ ਰਾਖ ਦੇ ਢੇਰ ਹੀ ਬਚਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਜਾਣਕਾਰੀ ਅਨੁਸਾਰ ਮੀਰਪੁਰਾ ਦੇ ਰਹਿਣ ਵਾਲੇ ਦਲਬੀਰ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਦੇ ਹੀ ਗੁਰਮੀਤ ਸਿੰਘ ਫੌਜੀ ਦੀਆਂ ਦੁਕਾਨਾਂ 'ਤੇ ਹਰੀਕ੍ਰਿਸ਼ਨ ਟੈਂਟ ਹਾਊਸ ਦੇ ਨਾਂਅ 'ਤੇ ਆਪਣਾ ਕਾਰੋਬਾਰ ਚਲਾ ਰਿਹਾ ਸੀ। ਦਲਵੀਰ ਦੇ ਅਨੁਸਾਰ ਲੋਕਾਂ ਨੇ ਉਸ ਨੂੰ ਸਵੇਰੇ 5:00 ਵਜੇ ਦੇ ਕਰੀਬ ਦੱਸਿਆ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। ਹਾਲਾਂਕਿ, ਲੋਕ ਕਹਿ ਰਹੇ ਸਨ ਕਿ ਉਨ੍ਹਾਂ ਨੇ ਰਾਤ ਦੇ 2 ਤੋਂ 3 ਵਜੇ ਦੇ ਵਿਚਕਾਰ ਵੀ ਦੁਕਾਨ ਤੋਂ ਧੂੰਆਂ ਉੱਠਦਾ ਦੇਖਿਆ। ਸੂਚਨਾ ਮਿਲਣ 'ਤੇ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਸਵੇਰੇ 6:00 ਵਜੇ ਦੇ ਕਰੀਬ ਪਹੁੰਚੀ। ਅੱਗ ਕਿਵੇਂ ਲੱਗੀ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੁਕਾਨਦਾਰ ਮੁਤਾਬਕ ਉਸ ਨੇ ਦੁਕਾਨ ਵਿਚ 7- 8 ਲੱਖ ਰੁਪਏ ਦਾ ਟੈਂਟ ਦਾ ਸਮਾਨ ਪਾਇਆ ਹੋਇਆ ਸੀ, ਜੋ ਅੱਗ ਨਾਲ ਸੜ ਕੇ ਰਾਖ ਬਣ ਗਿਆ ਹੈ।
ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਉਸ ਨੇ ਦੱਸਿਆ ਕਿ ਦੁਕਾਨ ਵਿੱਚ 100 ਮੈਟ, ਪਲਾਸਟਿਕ ਦੀਆਂ ਲਗਭਗ 500 ਪਲੇਟਾਂ, 2000 ਤੋਂ ਵੱਧ ਚੱਮਚੇ, 220 ਕੁਰਸੀਆਂ, 150 ਪਰਦੇ, 100 ਛੱਤਾਂ, 50 ਮੇਜ਼, 150 ਮੇਜ਼ ਕੱਪੜੇ ਸਮੇਤ ਹੋਰ ਸਮਾਨ ਵੀ ਸ਼ਾਮਲ ਹਨ। ਸਿਰਫ਼ ਮੇਜ਼ਾਂ ਅਤੇ ਕੁਰਸੀਆਂ ਦੇ ਫਰੇਮ ਹੀ ਬਚੇ ਹਨ। ਇਸ ਤੋਂ ਇਲਾਵਾ ਇਮਾਰਤ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਸਾਮਾਨ 20 ਬਾਈ 20 ਫੁੱਟ ਦੇ ਇੱਕ ਹਾਲ ਦੇ ਅੰਦਰ ਰੱਖਿਆ ਹੋਇਆ ਸੀ, ਜਿਸ ਦੇ ਤਿੰਨ ਸ਼ਟਰ ਸਨ। ਅੱਗ ਇੰਨੀ ਭਿਆਨਕ ਸੀ ਕਿ ਅੰਦਰ ਪਏ ਸਾਮਾਨ ਤੋਂ ਇਲਾਵਾ ਅੱਗ ਕਾਰਨ ਤਿੰਨੋਂ ਸ਼ਟਰ ਅਤੇ ਗਰਿੱਲਾਂ ਲਾਲ ਹੋ ਗਈਆਂ ਸਨ। ਟੈਂਟ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਦਲਬੀਰ ਨੇ ਹੋਕਾ ਭਰਦੇ ਦੱਸਿਆ ਕਿ ਉਨ੍ਹਾਂ ਕੋਲ ਅੱਜ ਦੇ ਵਿਆਹ ਦੀ ਬੁਕਿੰਗ ਵੀ ਸੀ। ਇਸ ਤੋਂ ਇਲਾਵਾ, ਉਸ ਦੀਆਂ ਸਾਰੀਆਂ ਬੁਕਿੰਗਾਂ ਵੀ ਖਤਮ ਹੋ ਗਈਆਂ ਅਤੇ ਹੁਣ ਉਨ੍ਹਾਂ ਨੂੰ ਲੋਕਾਂ ਦਾ ਬੁਕਿੰਗ ਸਮੇਂ ਲਿਆ ਪੈਸਾ ਵੀ ਵਾਪਸ ਕਰਨਾ ਪਵੇਗਾ। ਟੈਂਟ ਮਾਲਕ ਨੇ ਪ੍ਰਸ਼ਾਸਨ ਤੋਂ ਉਚਿਤ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।