ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਅਤਿ ਮੰਦਭਾਗੀ ਘਟਨਾ - ਮਨਜੀਤ ਮਲਕਪੁਰ
ਮਲਕੀਤ ਸਿੰਘ ਮਲਕਪੁਰ
ਲਾਲੜੂ 4 ਮਾਰਚ 2025: ਯੂਥ ਅਕਾਲੀ ਦਲ ਪੰਜਾਬ ਦੀ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਸ੍ਰ. ਮਨਜੀਤ ਸਿੰਘ ਮਲਕਪੁਰ ਨੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ। ਸ. ਮਨਜੀਤ ਸਿੰਘ ਮਲਕਪੁਰ ਨੇ ਕਿਸਾਨ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਧਰਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਾਬੰਦੀ ਲਗਾਉਣ ਦੇ ਫ਼ੈਸਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ, ਕਿ ਧਰਨਿਆਂ ਤੇ ਮੁਜ਼ਾਹਰਿਆਂ ਵਿੱਚੋਂ ਬਣੀ ਸਰਕਾਰ ਨੂੰ ਅੱਜ ਲੋਕ ਹਿੱਤ ਵਿੱਚ ਸੰਘਰਸ਼ ਚੰਗੇ ਨਹੀਂ ਲੱਗ ਰਹੇ ਹਨ ਅਤੇ ਸੰਘਰਸ਼ ਨੂੰ ਰੋਕਣ ਲਈ ਕਿਸਾਨ ਆਗੂਆਂ ਨੂੰ ਫੜ ਕੇ ਥਾਣਿਆਂ ਵਿੱਚ ਰੱਖਿਆ ਜਾ ਰਿਹਾ ਹੈ,ਜੋ ਅਤਿ ਨਿੰਦਣਯੋਗ ਹੈ।ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਮੰਗਾਂ ਹਿੱਤ ਲਗਾਏ ਜਾ ਰਹੇ ਪੱਕੇ ਮੋਰਚੇ ਦੀ ਹਮਾਇਤ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਕਿਸਾਨ ਹਿੱਤ ਦੀ ਗੱਲ ਕੀਤੀ ਹੈ ਤੇ ਅਕਾਲੀ ਦਲ ਕਿਸਾਨਾਂ ਦੀ ਹੀ ਪਾਰਟੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਯੂਥ ਅਕਾਲੀ ਦਲ ਵੱਧ ਚੜ ਕੇ ਹਿੱਸਾ ਲਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇੰਨੇ ਲੰਮੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲੋ ਕੋਈ ਧਿਆਨ ਨਹੀਂ ਦਿੱਤਾ ਤੇ ਜਦੋਂ ਹੁਣ ਕਿਸਾਨਾਂ ਨੇ 5 ਮਾਰਚ ਨੂੰ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ਤਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਥਾਣਿਆ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਆਮ ਆਦਮੀ ਪਾਰਟੀ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ।