ਕੌਂਸਲਰਾਂ ਨੇ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਕੋਲ ਜਨਤਾ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਾਇਆ
ਜਗਰਾਉਂ, 4 ਫਰਵਰੀ 2025 - ਅੱਜ ਨਗਰ ਕੌਂਸਲ ਜਗਰਾਉਂ ਦੇ ਕੌਂਸਲਰਾਂ ਵੱਲੋਂ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਦਾ ਫੁੱਲਾਂ ਦਾ ਦਸਤਾ ਦੇ ਕੇ ਸਵਾਗਤ ਕੀਤਾ ਗਿਆ। ਕੌਂਸਲਰ ਸਾਹਿਬਾਨ ਵੱਲੋਂ ਐਸਐਸਪੀ ਗੁਪਤਾ ਨੂੰ ਜਗਰਾਓ ਅੰਦਰ ਜਨਤਾ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਸਭ ਤੋਂ ਵੱਡੀ ਸਮੱਸਿਆ ਇਲਾਕੇ ਵਿੱਚ ਵਿਕ ਰਹੇ ਨਸ਼ੇ ਉੱਪਰ ਚਰਚਾ ਕੀਤੀ ਗਈ। ਜਿਸ ਤੇ ਡਾਕਟਰ ਗੁਪਤਾ ਨੇ ਇਹ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਇਕ ਮੁਹਿੰਮ ਵਿੱਡ ਚੁੱਕੀ ਹੈ ਅਤੇ ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਦੱਸਿਆ ਕਿ ਅਜਿਹੇ ਤਸਕਰ ਜਿਨਾਂ ਉੱਪਰ ਕਮਰਸ਼ੀਅਲ ਕੁਆਂਟਿਟੀ ਦੇ ਤਿੰਨ ਮਾਮਲੇ ਦਰਜ ਹੋਣ ਗੇ ਅਤੇ ਉਹਨਾਂ ਵੱਲੋਂ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਈਆਂ ਜਾਇਦਾਦਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਮੀਨ ਦੋਜ ਕਰ ਦਿੱਤਾ ਜਾਵੇਗਾ। ਇਸ ਕੜੀ ਵਿੱਚ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਨਰੰਗਵਾਲ ਦੀ ਇੱਕ ਤਸਕਰ ਔਰਤ ਦੇ ਘਰ ਨੂੰ ਵੀ ਕੁਝ ਦਿਨ ਪਹਿਲਾਂ ਤੋੜ ਕੇ ਤਸਕਰਾਂ ਨੂੰ ਚੇਤਾਵਨੀ ਦੇ ਚੁੱਕੀ ਹੈ ਕਿ ਆਪਣਾ ਗੈਰ ਕਾਨੂੰਨੀ ਧੰਦਾ ਬੰਦ ਕਰ ਦਿਓ ਜਾਂ ਫਿਰ ਆਪਣਾ ਬੋਰੀ ਬਿਸਤਰਾ ਗੋਲ ਕਰ ਲਓ।
ਕੌਂਸਲਰ ਸਾਹਿਬਾਨ ਵੱਲੋਂ ਐਸਐਸਪੀ ਨੂੰ ਬੇਨਤੀ ਕਰਦੇ ਹੋਏ ਕਿਹਾ ਗਿਆ ਕਿ ਬਾਜ਼ਾਰਾਂ ਵਿੱਚ ਹੋ ਰਹੇ ਨਜਾਇਜ਼ ਕਬਜ਼ਿਆਂ ਅਤੇ ਟਰੈਫਿਕ ਦੀ ਸਮੱਸਿਆ ਸਭ ਤੋਂ ਵੱਡੀ ਹੈ। ਜਿਸ ਉੱਪਰ ਧਿਆਨ ਦੇਣਾ ਲੋੜੀਂਦਾ ਹੈ। ਜਿਸ ਤੇ ਐਸਐਸਪੀ ਡਾਕਟਰ ਗੁਪਤਾ ਨੇ ਦੱਸਿਆ ਕਿ ਉਹ ਪਹਿਲਾਂ ਹੀ ਸ਼ਹਿਰ ਅੰਦਰ ਆ ਰਹੀ ਟਰੈਫਿਕ ਦੀ ਸਮੱਸਿਆ ਤੋਂ ਪੂਰੀ ਤਰਹਾਂ ਜਾਨੂ ਹਨ ਅਤੇ ਉਹਨਾਂ ਵੱਲੋਂ ਤਹਿਸੀਲ ਚੌਂਕ ਤੋਂ ਲੈ ਕੇ ਪੰਜ ਨੰਬਰ ਚੁੰਗੀ ਅਤੇ ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿੱਚ ਭਾਰੀ ਗੱਡੀਆਂ ਦੇ ਦਾਖਲ ਹੋਣ ਤੇ ਪੂਰੀ ਤਰਹਾਂ ਪਾਬੰਦੀ ਲਗਾ ਦਿੱਤੀ ਹੈ ਅਤੇ ਦਿਨ ਵੇਲੇ ਕੋਈ ਵੀ ਹੈਵੀ ਟਰੈਫਿਕ ਇਹਨਾਂ ਇਲਾਕਿਆਂ ਵਿੱਚ ਐਂਟਰੀ ਨਹੀਂ ਕਰ ਸਕੇਗਾ।
ਇਸ ਮੌਕੇ ਨਗਰ ਕੌਂਸਲ ਜਗਰਾਉਂ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਦੌਦਰੀਆ, ਕੌਂਸਲਰ ਕਵੰਰਪਾਲ ਸਿੰਘ, ਬਲਾਕ ਕਾਂਗਰਸ ਜਗਰਾਉਂ ਦੇ ਸਾਬਕਾ ਪ੍ਰਧਾਨ ਰਵਿੰਦਰ ਕੁਮਾਰ ਸਬਰਵਾਲ, ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਠੇਕੇਦਾਰ ਰਾਜ ਭਾਰਦਬਾਜ਼ ਅਤੇ ਹੋਰ ਮੌਤਵਰ ਹਾਜ਼ਰ ਸਨ।