'ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਜਮਹੂਰੀ 'ਤੇ ਸੰਵਿਧਾਨਕ ਹੱਕਾਂ ਦੀ ਘੋਰ ਉਲੰਘਣਾ'-ਬਲਬੀਰ ਸਿੰਘ ਸਿੱਧੂ
- 'ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਰ ਚੜ੍ਹਿਆ ਹੈ ਸੱਤਾ ਦਾ ਹੰਕਾਰ'-ਬਲਬੀਰ ਸਿੰਘ ਸਿੱਧੂ
- 'ਭਗਵੰਤ ਮਾਨ ਵੱਲੋਂ ਮੁਆਫ਼ੀ ਮੰਗਣ ਦੀ ਬਜਾਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ'- ਬਲਬੀਰ ਸਿੰਘ ਸਿੱਧੂ
Chandigarh, March 4, 2025 - ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਪੁਲਿਸ ਵਲੋਂ ਕਿਸਾਨ ਆਗੂਆਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਹੈ,"ਸਰਕਾਰ ਦੀ ਇਹ ਕਾਰਵਾਈ ਜਮਹੂਰੀ 'ਤੇ ਸੰਵਿਧਾਨਕ ਹੱਕਾਂ ਦੀ ਘੋਰ ਉਲੰਘਣਾ ਹੈ।"
ਸਿੱਧੂ ਨੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ," ਕਿਸਾਨਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਾਰ ਵਿਰੁੱਧ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਜਾਂ ਧਰਨਾ ਦੇਣ ਦਾ ਪੂਰਾ ਹੱਕ ਹੈ ਅਤੇ ਸਰਕਾਰ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਕਰ ਕੇ ਇਹ ਹੱਕ ਉਨ੍ਹਾਂ ਤੋਂ ਖੋਹ ਰਹੀ ਹੈ," ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵੀ ਕੇਂਦਰ ਦੀ ਮੋਦੀ ਸਰਕਾਰ ਦੀ ਤਰ੍ਹਾਂ ਇਹ ਗ੍ਰਿਫਤਰੀਆਂ ਕਰ ਕੇ ਕਿਸਾਨਾਂ ਨਾਲ ਬੇਲੋੜਾ ਟਕਰਾਅ ਵਿੱਢ ਲਿਆ ਹੈ ਜਿਸ ਦਾ ਖਮਿਆਜ਼ਾ ਸਮੁੱਚੇ ਪੰਜਾਬੀਆਂ ਨੂੰ ਭੁਗਤਨਾ ਪਵੇਗਾ।
ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੀ ਕੱਲ ਮੀਟਿੰਗ ਲਈ ਬੁਲਾਏ ਹੋਏ ਕਿਸਾਨ ਆਗੂਆਂ ਦੀ ਬੇਇਜ਼ਤੀ ਕਰਨ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਕਾਰਵਾਈ ਵਿਚੋਂ ਸਾਫ਼ ਤੌਰ 'ਤੇ ਮੁੱਖ ਮੰਤਰੀ ਦਾ ਹੰਕਾਰ ਝਲਕਦਾ ਨਜ਼ਰ ਆ ਰਿਹਾ ਹੈ. ਉਨ੍ਹਾਂ ਨੇ ਅੱਗੇ ਕਿਹਾ, "ਮੀਟਿੰਗਾਂ ਵਿਚੋਂ ਜਥੇਬੰਦੀਆਂ ਦੇ ਆਗੂ ਤਾਂ ਵਾਕ ਆਊਟ ਕਰਦੇ ਅਕਸਰ ਵੇਖੇ ਹਨ, ਪਰ ਮੁੱਖ ਮੰਤਰੀ ਵਾਕ ਆਊਟ ਕਰਦਿਆਂ ਪਹਿਲੀ ਵਾਰ ਵੇਖਿਆ ਹੈ।"
ਸਿੱਧੂ ਨੇ ਮਾਨ ਸਰਕਾਰ 'ਤੇ ਦੋਸ਼ ਲਾਉਂਦੇ ਹੋਏ ਕਿਹਾ, "ਕਿਸਾਨ ਆਗੂਆਂ ਦੀ ਗ੍ਰਿਫਤਾਰੀਆਂ ਦਾ ਹੁਕਮ ਵੀ ਮੁੱਖ ਮੰਤਰੀ ਨੇ ਇਸ ਮੀਟਿੰਗ ਤੋਂ ਖਿਝ ਕੇ ਬਦਲਾ ਲੈਣ ਦੀ ਭਾਵਨਾ ਨਾਲ ਦਿੱਤਾ ਹੈ।" ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨਾਂ ਦਾ ਧਰਨਾ ਇਹਨਾਂ ਗ੍ਰਿਫਤਾਰੀਆਂ ਨਾਲ ਨਹੀਂ ਰੋਕਿਆ ਜਾ ਸਕੇਗਾ।
ਸਿੱਧੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗ੍ਰਿਫਤਾਰ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਜੋ ਉਹ ਕੱਲ ਤੋਂ ਚੰਡੀਗੜ੍ਹ ਵਿਚ ਲਾਏ ਜਾ ਰਹੇ ਹਫ਼ਤੇ ਭਰ ਦੇ ਮੋਰਚੇ ਦੌਰਾਨ ਆਪਣੀਆਂ ਯੂਨੀਅਨਾਂ ਦੇ ਕਾਡਰ ਨੂੰ ਜ਼ਾਬਤੇ ਵਿਚ ਰੱਖ ਸਕਣ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਡਰ ਪ੍ਰਗਟ ਕੀਤਾ ਕਿ ਸਰਕਾਰ ਵਲੋਂ ਗ੍ਰਿਫਤਾਰੀਆਂ ਦੀ ਫ਼ਰਜ਼ੀ ਕਾਰਵਾਈ ਕਾਰਨ ਰੋਸ ਵਿਚ ਆਏ ਹੋਏ ਕਿਸਾਨਾਂ ਦਾ ਕਿਤੇ ਨਾ ਕਿਤੇ ਪ੍ਰਸ਼ਾਸ਼ਨ ਨਾਲ ਟਕਰਾਅ ਪੈਦਾ ਹੋ ਸਕਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਕਾਬੂ ਕਰਨਾ ਔਖਾ ਵੀ ਹੋ ਸਕਦਾ ਹੈ।