ਪੁਲਿਸ ਪੈਨਸ਼ਨਰਜ਼ ਜਿਲ੍ਹਾ ਮਾਨਸਾ ਨੇ ਮਹੀਨਾਵਾਰ ਮੀਟਿੰਗ ਕਰਕੇ ਸਰਕਾਰ ਨੂੰ ਮੰਗਾਂ ਮੰਨਣ ਦੀ ਕੀਤੀ ਅਪੀਲ
ਸੰਜੀਵ ਜਿੰਦਲ
ਮਾਨਸਾ, 4 ਮਾਰਚ 2025 : ਪੁਲਿਸ ਪੈਨਸ਼ਨਰਜ਼ ਜਿਲ੍ਹਾ ਇਕਾਈ ਮਾਨਸਾ ਵੱਲੋਂ ਅੱਜ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ।ਪਿਛਲੇ ਮਹੀਨੇ ਦੌਰਾਨ ਸਵਰਗਵਾਸ ਹੋਏ ਪੈਨਸ਼ਨਰ ਸੱਤਪਾਲ ਸਿੰਘ ਮੂਸਾ ਸਬੰਧੀ ਦੁੱਖ ਪ੍ਰਗਟ ਕਰਦੇ ਹੋਏ 2 ਮਿੰਟ ਦਾ ਮੋਨ ਧਾਰ ਕੇ ਇਸ ਵਿਛੁੜ ਚੁੱਕੇ ਸਾਥੀ ਨੂੰ ਸਰਧਾਂਜਲੀ ਦਿੱਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਜਿਹਨਾਂ ਵੱਲੋਂ ਸਭਾ ਵਿੱਚ ਨਵੇੰ ਆਏ 3 ਪੈਨਸ਼ਨਰਾਂ ਜਸਵੀਰ ਸਿੰਘ ਸਿੰਘ ਵਾਸੀ ਮਾਨਸਾ, ਅਮਰੀਕ ਸਿੰਘ ਜੋਈਆ ਅਤੇ ਜਰਨੈਲ ਸਿੰਘ ਡੇਲੂਆਣਾ ਨੂੰ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।
ਮੀਟਿੰਗ ਦੌਰਾਨ ਪ੍ਰਧਾਨ ਵੱਲੋਂ ਕਮੇਟੀ ਦੇ ਆਹੁਦੇਦਾਰਾਂ ਨੂੰ ਉਹਨਾਂ ਦੇ ਕੰਮਕਾਜ ਬਾਰੇ ਪੁੱਛਿਆ ਗਿਆ ਪੈਨਸ਼ਨਰ ਸਾਥੀਆ ਦੇ ਪੈਡਿੰਗ ਕੰਮਕਾਜ ਮੈਡੀਕਲ ਬਿੱਲ ਆਦਿ ਪੈਰਵਾਈ ਕਰਕੇ ਨਿਪਟਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਪੈਨਸ਼ਨਰ ਸਾਥੀਆ ਨੂੰ ਕਾਰ-ਸਰਕਾਰ ਵਿੱਚ ਮੁਸ਼ਕਲ ਜਾਂ ਕੋਈ ਹੋਰ ਦੁੱਖ ਤਕਲੀਫ ਹੋਣ ਸਬੰਧੀ ਵੀ ਪੁੱਛਿਆ ਗਿਆ।
ਪ੍ਰਧਾਨ ਵੱਲੋਂ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੰਵਿਧਾਨ ਦੀ ਹੋਈ ਇਕੱਲੀ ਇਕੱਲੀ ਸੋਧ ਬੋਲ ਕੇ ਸੁਣਾਈ ਗਈ ਅਤੇ ਸਾਰੇ ਪੈਨਸ਼ਨਰਾਂ ਪਾਸੋਂ ਰਾਇ ਹਾਸਲ ਕੀਤੀ ਗਈ।
ਪ੍ਰਧਾਨ ਵੱਲੋਂ ਮੀਟਿੰਗ ਦੌਰਾਨ ਪੈਡਿੰਗ ਡੀ.ਏ.ਅਤੇ ਬਕਾਇਆ ਕਿਸਤਾ ਦੀ ਬਜਾਏ ਤੁਰੰਤ ਦੇਣ, ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤੇ ਵਿੱਚ ਵਾਧਾ ਕਰਨ, ਪੈਨਸ਼ਨਰਾ ਨੂੰ 13ਵੀ. ਤਨਖਾਹ ਲਾਗੂ ਕਰਨ ਆਦਿ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਰਾਮ ਸਿੰਘ ਅੱਕਾਂਵਾਲੀ ਸਕੱਤਰ ਵੱਲੋਂ ਮਿਤੀ 23-02-2025 ਨੂੰ ਲੁਧਿਆਣਾ ਵਿਖੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੰਵਿਧਾਨ ਦੀ ਸੋਧ ਸਬੰਧੀ ਹੋਈ ਸਟੇਟ ਬਾਡੀ ਦੀ ਮੀਟਿੰਗ ਵਿੱਚ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਪੈਨਸ਼ਨਰਾ ਦੀਆ ਸਮੱਸਿਆਵਾ ਅਤੇ ਹੋਰ ਜਰੂਰੀ ਮਸਲਿਆ ਨੂੰ ਬੜੇ ਜੋਸ਼ ਨਾਲ ਉਠਾ ਕੇ ਸ਼ਲਾਘਾਯੋਗ ਕਾਰਗੁਜਾਰੀ ਦਿਖਾਉਣ ਲਈ ਤਾੜੀਆਂ ਮਾਰ ਕੇ ਹੌਸਲਾ ਅਫਜਾਈ ਕੀਤੀ ਗਈ। ਜਿਸਨੇ ਮਾਣਯੋਗ ਹਾਈਕੋਰਟ ਵਿੱਚ ਪੈਨਸ਼ਨਰਾ ਅਤੇ ਮੁਲਾਜ਼ਮਾ ਦੇ ਹੱਕ ਵਿੱਚ ਚੱਲ ਰਹੀਆ ਰਿੱਟ ਪਟੀਸ਼ਨਾਂ ਅਤੇ ਆਏ ਫੈਸਲਿਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਡੀ.ਏ.ਨੂੰ 113% ਤੋਂ 119% ਕਰਨ ਦੀ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ, ਜੋ ਮੁਲਾਜ਼ਮਾ ਵੱਲੋਂ ਪ੍ਰਵਾਨ ਨਹੀ ਕੀਤਾ ਗਿਆ। ਜਿਹੜੇ ਪੈਨਸ਼ਨਰ ਦਾ ਪੂਰਾ ਸਮਾਂ ਨਾ ਹੋਣ ਕਰਕੇ ਸਲਾਨਾ ਇਨਕਰੀਮੈਂਟ ਨਹੀ ਲੱਗਿਆ, ਜੇਕਰ ਉਹਨਾਂ ਦਾ ਸਮਾਂ 6 ਮਾਹ ਤੋਂ ਵੱਧ ਬਣਦਾ ਹੈ ਤਾਂ ਉਹ ਮਾਨਯੋਗ ਹਾਈਕੋਰਟ ਵਿੱਚ ਰਿੱਟ ਦਾਇਰ ਕਰਕੇ ਇਨਕਰੀਮੈਂਟ ਹਾਸਲ ਕਰ ਸਕਦੇ ਹਨ।
ਅਖੀਰ ਵਿੱਚ ਰਾਜਿੰਦਰ ਸਿੰਘ ਜਵਾਹਰਕੇ, ਬੂਟਾ ਸਿੰਘ, ਗੁਰਤੇਜ ਸਿੰਘ ਪਿੱਪਲੀਆ, ਸੁਰਜੀਤ ਰਾਜ, ਹਰਜਿੰਦਰ ਸਿੰਘ ਭੀਖੀ, ਭੋਲਾ ਸਿੰਘ ਬੋਹਾ, ਹਰਭਜਨ ਸਿੰਘ ਅਤੇ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਆਦਿ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।