ਕਿਸੇ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਤਾਂ ਨਾਲ ਛੇੜਛਾੜ ਨਾ ਕਰਨ ਦਿਤੀ ਜਾਵੇ: ਬਾਬਾ ਬਲਬੀਰ ਸਿੰਘ
ਹਰ ਦਿਵਾਲੀ, ਵਿਸਾਖੀ ਸਮੇਂ ਸਰਬੱਤ ਖਾਲਸਾ ਸੱਦਿਆ ਜਾਵੇ
ਸ੍ਰੀ ਦਮਦਮਾ ਸਾਹਿਬ/ ਤਲਵੰਡੀ ਸਾਬੋ:- 24 ਫਰਵਰੀ 2025 : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਜਿਹੜਾ ਵਰਤਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਸਬੰਧੀ ਸਿਰਜਿਆ ਜਾ ਰਿਹਾ ਹੈ ਇਹ ਕੌਮੀ ਤੌਰ ਤੇ ਘਾਤਕ ਅਤੇ ਸਮੁੱਚੇ ਸਿੱਖ ਜਗਤ ਨਾਲ ਕੋਝਾ ਮਜ਼ਾਕ ਕਰਨ ਅਤੇ ਰਾਜਨੀਤਕ ਧਿਰ ਵਾਲੇ ਆਪਣੀ ਮੜੀ ਆਪ ਪੁਟਣ ਵਾਲਾ ਸਿੱਧ ਹੋਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਦੇ ਅਧਿਕਾਰਾਂ ਤੇ ਸੀਮਾਵਾਂ ਪ੍ਰਤੀ ਪਾਠ ਪੜਾਉਣਾ ਬਹਤੁ ਹੀ ਮੰਦਭਾਗਾ ਹੈ ਜਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ ਹੀ ਅਕਾਲ ਤਖ਼ਤ ਸਾਹਿਬ ਦੀਆਂ ਸੀਮਾਵਾਂ ਤੋਂ ਅਨਜਾਣ ਹਨ।
ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੰਦੇਸ਼ ਵਿਸ਼ਵ ਵਿਆਪੀ ਹੈ ਤੇ ਵਿਸ਼ਵ ਵਿੱਚ ਵਸਦੇ ਹਰ ਸਿੱਖ ਲਈ ਹੈ। ਇਸ ਨੂੰ ਅਕਾਲ ਤਖ਼ਤ ਦੀ ਪ੍ਰਕਰਮਾ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਸਪੱਸ਼ਟ ਹੈ ਕਿ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਪਿਠ ਦੇ ਰਹੇ ਹਾਂ, ਉਸ ਦੇ ਹੁਕਮਾਂ ਤੋਂ ਮੂੰਹ ਫੇਰ ਰਹੇ ਹਾਂ। ਇਹ ਕਾਰਾ ਸਿੱਖ ਸਿਧਾਤਾਂ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੱਖ ਸਿਧਾਤਾਂ ਤੋਂ ਪਾਰਟੀ ਦਾ ਬਹਾਨਾ ਬਣਾ ਕੇ ਜਥੇਦਾਰਾਂ ਦੀਆਂ ਬਲੀਆਂ ਲੈਣੀਆਂ ਅਕਾਲੀ ਦਲ ਦਾ ਸਿਧਾਂਤਕ ਖਾਕਾ ਨਹੀਂ ਹੈ। ਪਰ ਹੁਣ ਦੀ ਅਕਾਲੀ ਸਿੱਖ ਲੀਡਰਸ਼ਿਪ ਕੁਰਾਹੇ ਪੈ ਗਈ ਹੈ, ਇਸ ਨਾਲ ਸਮੁੱਚੀ ਕੌਮ ਤੇ ਵਿਸ਼ਵ ਵਿੱਚ ਵਸਦੇ ਸਿੱਖਾਂ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਇਕੋ ਇਕ ਸੰਸਥਾ ਸਿੱਖਾਂ ਪਾਸ ਹੈ ਜਿਥੋਂ ਸਿੱਖ ਜਗਤ ਨੂੰ ਇਕਮੁੱਠ ਰਹਿਣ, ਦੁਸ਼ਮਣ ਸ਼ਕਤੀਆਂ ਨੂੰ ਕੁਚਲਣ ਅਤੇ ਸਿੱਖ ਸਿਧਾਤਾਂ ਨੂੰ ਮਜ਼ਬੂਤ ਕਰਨ ਲਈਆਵਾਜ਼ ਦਿਤੀ ਜਾਂਦੀ ਜਾਂ ਸੇਧ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਸੰਸਥਾ ਵੀ ਅਸੀਂ ਸੌੜੇ ਰਾਜਨੀਤਕ ਲਾਭ ਲਈ ਗੁਆ ਲਈ, ਤਾਂ ਕੌਮੀ ਪੱਧਰ ਤੇ ਸਾਡੀ ਖੁਆਰੀ ਹੋਵੇਗੀ। ਉਨ੍ਹਾਂ ਅਖੀਰ ਤੇ ਕਿਹਾ ਕਿ ਸਾਨੂੰ ਸੋੜੀਆਂ, ਸਸਤੀਆਂ, ਗਰਜਾਂ ਨੂੰ ਤਿਆਗ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਚੜ੍ਹਦੀਕਲਾ, ਇਸ ਦੇ ਖੂਬਸੂਰਤ ਮਿੱਠੇ ਸਿਧਾਤਾਂ ਨੂੰ ਪ੍ਰਚਾਰਨ ਲਈ ਇੱਕਮੁੱਠ ਹੋਣਾ ਚਾਹੀਦਾ ਹੈ। ਉਨ੍ਹਾਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਗੁਰੂ ਦੀਆਂ ਬਖਸ਼ਿਸ਼ ਸੰਸਥਾਵਾਂ ਦੇ ਮੂਲ ਸਿਧਾਤਾਂ ਤੇ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ। ਏਹੋ ਕਮਾਈ ਨੇ ਤੁਹਾਡੀ ਨੇਕਨਾਮੀ ਦਾ ਝੰਡਾ ਬੁਲੰਦ ਕਰਨਾ ਹੈ। ਉਨ੍ਹਾਂ ਨਾਲ ਹੀ ਸਲਾਹ ਦੇਂਦਿਆ ਕਿਹਾ ਵਿਸਾਖੀ ਜਾਂ ਦਿਵਾਲੀ ਸਮੇਂ ਸਰਬੱਤ ਖਾਲਸਾ ਸੱਦਣ ਦੀ ਪਰੰਪਰਾ ਮੁੜ ਸੁਰਜੀਤ ਕੀਤੀ ਜਾਵੇ ਅਤੇ ਕੌਮੀ ਸਮੱਸਿਆਵਾਂ ਦੇ ਸਰਲੀਕਰਨ ਲਈ ਗੁਰਮਤੇ ਪਾਸ ਹੋਣ। ਦੇਸ਼, ਵਿਦੇਸ਼ ਵਿੱਚ ਗੁਰਮਤੇ ਪ੍ਰਚਾਰਨ ਅਤੇ ਲਾਗੂ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਰੂਪ ਵਿੱਚ ਪਾਬੰਦ ਹੋਵੇ।