ਖੇਤੀ ਅਰਥ ਸ਼ਾਸਤਰ ਬਾਰੇ ਖੋਜ ਦੀ ਮੀਟਿੰਗ ਦੌਰਾਨ ਨੁਕਤਿਆਂ ਬਾਰੇ ਚਰਚਾ ਹੋਈ
ਲੁਧਿਆਣਾ 24 ਫਰਵਰੀ, 2025
ਬੀਤੇ ਦਿਨੀਂ ਪੀ.ਏ.ਯੂ. ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿਖੇ ਖੇਤੀ ਅਰਥ ਸ਼ਾਸਤਰ ਖੋਜ ਕੇਂਦਰ ਦੀ ਤਕਨੀਕੀ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ| ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਆਰਥਿਕ ਸਲਾਹਕਾਰ ਸ਼੍ਰੀ ਦੇਵਾਜੀਤ ਖੌਂਡ ਨੇ ਕੀਤੀ| ਨਾਲ ਹੀ ਭਾਰਤ ਸਰਕਾਰ ਦੇ ਖੇਤੀ ਅਰਥ ਸ਼ਾਸਤਰ ਦੀ ਖੋਜ ਦੇ ਸਲਾਹਕਾਰ ਸ਼੍ਰੀਮਤੀ ਪ੍ਰਮੋਦਿਤਾ ਸਤੀਸ਼ ਅਤੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਦੇ ਨਾਲ ਕੰਪਟਰੋਲਰ ਡਾ. ਸ਼ੰਮੀ ਕਪੂਰ ਅਤੇ ਤਕਨੀਕੀ ਸਲਾਹਕਾਰ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ| ਮਹਿਮਾਨਾਂ ਦਾ ਸਵਾਗਤ ਪ੍ਰਮੁੱਖ ਖੇਤੀ ਅਰਥ ਸ਼ਾਸਤਰੀ ਡਾ. ਪਰਮਿੰਦਰ ਕੌਰ ਨੇ ਕੀਤਾ|
ਮੀਟਿੰਗ ਦੌਰਾਨ ਵੱਖ-ਵੱਖ ਵਿਸ਼ਿਆਂ ਬਾਰੇ ਭਰਪੂਰ ਵਿਚਾਰ-ਚਰਚਾ ਹੋਈ| ਸ਼੍ਰੀ ਦੇਵਾਜੀਤ ਖੌਂਡ ਨੇ ਪਰਾਲੀ ਦੀ ਸੰਭਾਲ ਲਈ ਵਧੇਰੇ ਵਿਹਾਰਕ ਅਤੇ ਵਰਤੋਂ ਯੋਗ ਤਕਨਾਲੋਜੀ ਖੋਜਣ ਅਤੇ ਉਸਨੂੰ ਲਾਗੂ ਕਰਨ ਲਈ ਹੋਰ ਕੋਸ਼ਿਸ਼ਾਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ| ਨਾਲ ਹੀ ਉਹਨਾਂ ਨੇ ਕਣਕ-ਝੋਨੇ ਦੇ ਫਸਲੀ ਚੱਕਰ ਦੇ ਬਦਲ ਵਜੋਂ ਦਾਲਾਂ ਅਤੇ ਤੇਲਬੀਜਾਂ ਦੀ ਕਾਸ਼ਤ ਸੰਬੰਧੀ ਖੋਜ ਦੀ ਲੋੜ ਉੱਪਰ ਵੀ ਜ਼ੋਰ ਦਿੱਤਾ|
ਡਾ. ਅਜਮੇਰ ਸਿੰਘ ਢੱਟ ਨੇ ਕਣਕ ਅਤੇ ਝੋਨੇ ਦੇ ਬਦਲ ਵਜੋਂ ਹੋਰ ਫਸਲਾਂ ਦੀ ਕਾਸ਼ਤ ਬਾਰੇ ਆਰਥਿਕ ਸਰਵੇਖਣ ਅਤੇ ਅਧਿਐਨ ਕਰਵਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਪੰਜਾਬ ਦੀਆਂ ਪ੍ਰਮੁੱਖ ਸਮੱਸਿਆਵਾਂ ਵਿਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਦੇਖਿਆ ਜਾ ਸਕਦਾ ਹੈ| ਇਸਦੀ ਸੰਭਾਲ ਲਈ ਨਵੀਆਂ ਖੋਜਾਂ ਅਤੇ ਨਵੇਂ ਅਧਿਐਨ ਸਾਹਮਣੇ ਆਉਣੇ ਜ਼ਰੂਰੀ ਹਨ|
ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਅਤੇ ਖੇਤੀ ਅਰਥ ਸ਼ਾਸਤਰ ਬਾਰੇ ਖੋਜ ਕਮੇਟੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਜਤਿੰਦਰ ਮੋਹਨ ਸਿੰਘ ਨੇ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਰਿਪੋਰਟ ਪੇਸ਼ਕ ਕੀਤੀ| ਉਹਨਾਂ ਨੇ ਇਸ ਦੌਰਾਨ ਨੇਪਰੇ ਚੜੇ ਅਧਿਐਨਾਂ ਦੇ ਨਾਲ-ਨਾਲ ਪਰਾਲੀ ਦੀ ਸੰਭਾਲ ਸੰਬੰਧੀ ਕੀਤੇ ਅਰਥ ਸ਼ਾਸਤਰੀ ਵਿਸ਼ਲੇਸ਼ਣਾਂ, ਕਿਸਾਨ ਖੁਦਕੁਸ਼ੀਆਂ, ਖੇਤੀ ਉਤਪਾਦਕਤਾ ਅਤੇ ਜ਼ਮੀਨ ਦੀ ਵਹਾਈ, ਦੁੱਧ ਉਤਪਾਦਨ ਦੀ ਲਾਗਤ ਅਤੇ ਮੁਨਾਫ਼ਾ ਅਤੇ ਪੰਜਾਬ ਵਿਚ ਕਣਕ ਦੀ ਖਰੀਦ ਯੋਜਨਾਬੰਦੀ ਬਾਰੇ ਵਿਸਥਾਰ ਨਾਲ ਗੱਲ ਕੀਤੀ| ਡਾ. ਸਿੰਘ ਨੇ ਇਸ ਕੇਂਦਰ ਵਿਚ ਜਾਰੀ ਵੱਖ-ਵੱਖ ਖੋਜ ਗਤੀਵਿਧੀਆਂ ਉੱਪਰ ਵੀ ਭਰਪੂਰ ਚਾਨਣਾ ਪਾਇਆ|
ਤਕਨੀਕੀ ਸਲਾਹਕਾਰ ਕਮੇਟੀ ਦੌਰਾਨ ਵੱਖ-ਵੱਖ ਮੁੱਦਿਆਂ ਬਾਰੇ ਨਿੱਠ ਕੇ ਚਰਚਾ ਹੋਈ ਅਤੇ ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ| ਅੰਤ ਵਿਚ ਅਰਥ ਸ਼ਾਸਤਰ ਦੇ ਮਾਹਿਰ ਡਾ. ਸੰਜੇ ਕੁਮਾਰ ਨੇ ਧੰਨਵਾਦ ਦੇ ਸ਼ਬਦ ਕਹੇ|