ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ
ਪਟਿਆਲਾ, 13 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਰਵਿਦਾਸ ਚੇਅਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਗੁਰੂ ਗੋਬਿੰਦ ਸਿੰਘ ਭਵਨ ਵਿਖੇ ਕਰਵਾਏ ਗਏ ਇਸ ਇਸ ਸਮਾਗਮ ਦੌਰਾਨ ਡਾ. ਗੁਰਮੀਤ ਸਿੰਘ ਸਿੱਧੂ ਨੇ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਸਬੰਧੀ ਹੋਣ ਵਾਲੇ ਖੋਜ ਕਾਰਜਾਂ ਲਈ ਸੱਤ ਨੁਕਤੇ ਉਭਾਰੇ ਤਾਂ ਕਿ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਸਮਝਿਆ ਜਾ ਸਕੇ। ਇਨ੍ਹਾਂ ਨੁਕਤਿਆਂ ਵਿੱਚ ਸਮਾਜ ਸੁਧਾਰ, ਚਿੰਤਨਧਾਰਾ, ਇਤਿਹਾਸਕ, ਨਾਮ-ਸਿਮਰਨ, ਜਾਤ ਪ੍ਰਥਾ ਆਦਿ ਸ਼ਾਮਿਲ ਸੀ। ਡਾ. ਸਿੱਧੂ ਨੇ ਭਗਤ ਰਵਿਦਾਸ ਚੇਅਰ ਵੱਲੋਂ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਪ੍ਰਮੁੱਖ ਕਾਰਜਾਂ ਅਤੇ ਖੋਜ ਬਾਰੇ ਵੀ ਵਿਸ਼ੇਸ਼ ਵਿਚਾਰ ਪੇਸ਼ ਕੀਤੇ।
ਇਸ ਤੋਂ ਪਹਿਲਾਂ ਡਾ. ਤੇਜਿੰਦਰ ਕੌਰ ਧਾਲੀਵਾਲ, ਇੰਚਾਰਜ, ਗੁਰੂ ਰਵਿਦਾਸ ਚੇਅਰ, ਨੇ ਸਮਾਗਮ ਦੀ ਰੂਪ-ਰੇਖਾ ਪੇਸ਼ ਕੀਤੀ।
ਅੰਤ ਵਿੱਚ ਡਾ. ਗੁਰਮੇਲ ਸਿੰਘ, ਮੁਖੀ, ਧਰਮ ਅਧਿਐਨ ਵਿਭਾਗ, ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ’ਤੇ ਸੁਆਗਤ ਕਰਦਿਆਂ ਗੁਰੂ ਰਵਿਦਾਸ ਜੀ ’ਤੇ ਹੋ ਰਹੀਆਂ ਖੋਜਾਂ ਅਤੇ ਛਪ ਚੁਕੀਆਂ ਪੁਸਤਕਾਂ ਬਾਰੇ ਜਾਣਕਾਰੀ ਦਿਤੀ।
ਇਸ ਮੌਕੇ ਮੰਚ ਸੰਚਾਲਨ ਦਾ ਕਾਰਜ ਧਰਮ ਅਧਿਐਨ ਵਿਭਾਗ ਦੀ ਖੋਜਾਰਥੀ ਹਰਪ੍ਰੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਪਰਮਵੀਰ ਸਿੰਘ, ਡਾ. ਜਸਪ੍ਰੀਤ ਕੌਰ ਸੰਧੂ, ਡਾ. ਰੁਪਿੰਦਰ ਕੌਰ, ਡਾ. ਪ੍ਰਦੀਪ ਕੌਰ ਅਤੇ ਵਿਭਾਗ ਦੇ ਖੋਜਾਰਥੀ ਤੇ ਵਿਦਿਆਰਥੀ ਹਾਜ਼ਰ ਸਨ।