ਮੋਗਾ: ਪ੍ਰਸ਼ਾਸਨ ਨੇ ਸ਼ਹਿਰ ਅਤੇ ਆਸ-ਪਾਸ ਗੈਰਕਾਨੂੰਨੀ ਨਿਰਮਾਣ ਅਤੇ ਢਾਂਚਿਆਂ ਨੂੰ ਢਾਹਿਆ
ਮੋਗਾ, 13 ਫਰਵਰੀ 2025 - ਮੋਗਾ ਦੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਚਾਰੁਮਿਤਾ ਨੇ ਗੈਰਕਾਨੂੰਨੀ ਕਲੋਨੀਆਂ ਅਤੇ ਨਜ਼ਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ ਜੋ ਨਾਜ਼ਾਇਜ਼ ਕਾਲੋਨੀਆਂ ਵਿੱਚ ਸਸਤੇ ਪਲਾਟਾਂ ਦੀ ਆੜ ‘ਚ ਨਿਰਦੋਸ਼ ਲੋਕਾਂ ਨੂੰ ਲੁੱਟ ਰਹੇ ਹਨ। ਇਹ ਕਾਲੋਨੀਆਂ ਸਰਕਾਰੀ ਨਿਯਮਾਂ ਦੀ ਪਾਲਣਾ ਅਤੇ ਕਾਨੂੰਨੀ ਮਨਜ਼ੂਰੀ ਤੋਂ ਵਾਂਝੀਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਜ), ਮੋਗਾ-ਕਮ-ਕੰਪੀਟੈਂਟ ਅਥਾਰਟੀ ਸ੍ਰੀਮਤੀ ਚਾਰੁਮਿਤਾ ਵੱਲੋਂ ਗੈਰਕਾਨੂੰਨੀ ਕਾਲੋਨੀਆਂ ਖ਼ਿਲਾਫ਼ ਜਾਰੀ ਕੀਤੇ ਗਏ ਢਾਹੁਣ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਡਿਊਟੀ ਮੈਜਿਸਟ੍ਰੇਟ, ਪੁਲਿਸ ਬਲ ਅਤੇ ਲਾਗੂ ਕਰਨ ਵਾਲੀ ਟੀਮ ਜਿਸ ਵਿੱਚ ਜ਼ਿਲ੍ਹਾ ਟਾਊਨ ਪਲਾਨਰ (ਨਿਯਮਕ), ਅਸਿਸਟੈਂਟ ਟਾਊਨ ਪਲਾਨਰ (ਨਿਯਮਕ), ਜੂਨੀਅਰ ਇੰਜੀਨੀਅਰ (ਨਿਯਮਕ) ਸ਼ਾਮਲ ਸਨ, ਨੇ ਅੱਜ ਪਿੰਡ ਧੱਲੇਕੇ, ਮੋਗਾ ਵਿੱਚ ਇਕ ਗੈਰਕਾਨੂੰਨੀ ਕਾਲੋਨੀ ਨੂੰ ਢਾਹੁੰਦੇ ਹੋਏ ਉਨ੍ਹਾਂ ਦੇ ਰਾਹਾਂ, ਗਲੀਆਂ, ਸੀਵਰ ਮੈਨਹੋਲ ਅਤੇ ਹੋਰ ਗੈਰਕਾਨੂੰਨੀ ਨਿਰਮਾਣਾਂ ਨੂੰ ਤੋੜ ਦਿੱਤਾ। ਕਲੋਨੀਕਾਰਾਂ ਨੂੰ ਨੋਟਿਸ ਦੇਣ ਦੇ ਬਾਵਜੂਦ ਜਦੋਂ ਉਨ੍ਹਾਂ ਨੇ ਗੈਰਕਾਨੂੰਨੀ ਕੰਮ ਜਾਰੀ ਰੱਖਿਆ, ਤਾਂ ਵਿਸ਼ੇਸ਼ ਟੀਮ ਨੇ ਢਾਹੁਣ ਦੀ ਕਾਰਵਾਈ ਕੀਤੀ, ਜੋ ਬਿਨਾਂ ਕਿਸੇ ਵਿਰੋਧ ਦੇ ਪੂਰੀ ਹੋਈ। ਸ਼ਹਿਰ ਵਿੱਚ ਸ਼ੁਰੂਆਤੀ ਪੱਧਰ ‘ਤੇ ਗੈਰਕਾਨੂੰਨੀ ਕਾਲੋਨੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਹੋਰ ਵਿਅਪਕ ਮੁਹਿੰਮ ਲਾਗੂ ਕਰਨ ਦੀ ਯੋਜਨਾ ਬਣਾਈ ਹੈ।
ਵਧੀਕ ਡਿਪਟੀ ਕਮਿਸ਼ਨਰ (ਜੀ), ਮੋਗਾ-ਕਮ-ਕੰਪੀਟੈਂਟ ਅਥਾਰਟੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਗੈਰਕਾਨੂੰਨੀ ਕਾਲੋਨੀਆਂ ਵਿੱਚ ਜਾਇਦਾਦ/ਪਲਾਟ/ਬਿਲਡਿੰਗਾਂ ਨਾ ਖਰੀਦੇ, ਕਿਉਂਕਿ ਉਨ੍ਹਾਂ ਨੂੰ ਪਾਣੀ ਸਪਲਾਈ, ਸੀਵਰੇਜ, ਬਿਜਲੀ ਕਨੈਕਸ਼ਨ ਆਦਿ ਜਿਹੀਆਂ ਕੋਈ ਵੀ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ। ਮਨਜ਼ੂਰਸ਼ੁਦਾ ਅਤੇ ਨਿਯਮਿਤ ਕੀਤੀਆਂ ਗਈਆਂ ਕਾਲੋਨੀਆਂ ਦੀ ਲਿਸਟ ਅਤੇ ਉਨ੍ਹਾਂ ਦੇ ਮੰਜ਼ੂਰਸ਼ੁਦਾ ਨਕਸ਼ੇ ਅਧਿਕਾਰਿਕ ਵੈੱਬਸਾਈਟ www.glada.gov.in ‘ਤੇ ਉਪਲਬਧ ਹਨ, ਜੋ ਕਿ ਸੰਭਾਵਿਤ ਖਰੀਦਦਾਰ ਜਾਇਦਾਦ ਲੈਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਸਕਦੇ ਹਨ।
ਉਹਨਾਂ ਨੇ ਕਿਹਾ ਕਿ ਢਾਹੁਣ ਮੁਹਿੰਮ ਦੇ ਨਾਲ-ਨਾਲ, ਗੈਰਕਾਨੂੰਨੀ ਕਾਲੋਨੀਆਂ ਦੇ ਵਿਕਾਸਕਾਰਾਂ ਵਿਰੁੱਧ ਐਫ ਆਈ ਆਰ ਦਰਜ ਕਰਨ ਦੀ ਵੀ ਸਿਫ਼ਾਰਸ਼ ਕੀਤੀ ਜਾਵੇਗੀ।