ਵੱਡੀ ਖ਼ਬਰ: ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਕੱਲ੍ਹ ਹੋਵੇਗੀ ਅਹਿਮ ਮੀਟਿੰਗ, ਪੜ੍ਹੋ ਡੱਲੇਵਾਲ ਸਮੇਤ ਕਿਹੜੇ ਕਿਹੜੇ ਕਿਸਾਨ ਆਗੂ ਰਹਿਣਗੇ ਮੌਜੂਦ
ਦਿੱਲੀ ਅੰਦੋਲਨ 2 ਦਾ ਇੱਕ ਸਾਲ ਪੂਰਾ, ਸ਼ੰਭੂ ਮੋਰਚੇ ਤੇ ਕਿਸਾਨਾਂ ਮਜਦੂਰਾਂ ਦਾ ਵਿਸ਼ਾਲ ਇੱਕਠ, 21 ਨੂੰ ਮਨਾਈ ਜਾਵੇਗੀ ਸ਼ਹੀਦ ਸ਼ੁੱਭਕਰਨ ਸਿੰਘ ਦੀ ਪਹਿਲੀ ਬਰਸੀ, ਕੇਂਦਰ ਨਾਲ ਮੀਟਿੰਗ ਲਈ ਆਗੂਆਂ ਦੇ ਵਫਦ ਦਾ ਐਲਾਨ
ਰਵੀ ਜੱਖੂ
ਚੰਡੀਗੜ੍ਹ, 13 ਫਰਵਰੀ 2025- ਦਿੱਲੀ ਅੰਦੋਲਨ 2 ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ ) ਵੱਲੋਂ ਦਿੱਲੀ ਚੱਲੋ ਦੇ ਸੱਦੇ ਨਾਲ ਸ਼ੁਰੂ ਹੋਇਆ ਅਤੇ 13 ਫਰਵਰੀ 2024 ਤੋਂ ਲਗਾਤਾਰ ਸ਼ੰਭੂ, ਖਨੌਰੀ ਅਤੇ ਰਤਨਪੁਰਾ ( ਰਾਜਿਸਥਾਨ ) ਬਾਡਰਾਂ ਤੇ ਅੱਜ ਇੱਕ ਸਾਲ ਪੂਰਾ ਕਰ ਗਿਆ। ਇਸ ਮੌਕੇ ਰੱਖੇ ਗਏ ਸਾਲਾਨਾ ਇੱਕਠ ਤੇ ਕਿਸਾਨਾਂ ਮਜਦੂਰਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਹੋ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ 12 ਮਹੀਨੇ ਸੜਕਾਂ ਤੇ ਬੀਤ ਜਾਣ ਦੇ ਬਾਵਜੂਦ ਅੰਦੋਲਨਕਾਰੀਆਂ ਦਾ ਜੋਸ਼ ਠਾਠਾਂ ਮਾਰ ਰਿਹਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਸ਼ੰਭੂ ਮੋਰਚੇ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ ਗਿਆ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸੂਬਿਆਂ ਦੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਟੇਜ ਤੋਂ ਆਪਣੇ ਵਿਚਾਰ ਅੰਦੋਲਨਕਾਰੀ ਕਿਸਾਨਾਂ ਮਜਦੂਰਾਂ ਨਾਲ ਸਾਂਝੇ ਕੀਤੇ। ਆਗੂਆਂ ਕਿਹਾ ਕਿ ਅੰਦੋਲਨ ਅਤੇ ਅੰਦੋਲਨਕਾਰੀ ਜਥੇਬੰਦੀਆਂ ਪ੍ਰਤੀ ਸ਼ੁਰੂ ਤੋਂ ਹੀ ਸਰਕਾਰ ਅਤੇ ਸਰਕਾਰ ਪੱਖੀ ਤਥਾਕਥਿਤ ਬੁੱਧੀਜੀਵੀਆਂ ਨੇ ਗੈਰ ਵਾਜਿਬ, ਤੱਥਵਿਹੀਣ ਅਤੇ ਨਕਾਰਾਤਮਕ ਅਲੋਚਨਾ ਅਤੇ ਕੂੜ ਪ੍ਰਚਾਰ ਕਰਕੇ, ਸਿੱਧੀਆਂ ਗੋਲੀਆਂ ਚਲਾ ਕੇ, ਅੱਥਰੂ ਗੈਸ, ਰਬੜ ਦੀਆਂ ਗੋਲੀਆਂ, ਪੈਲੇਟ ਬੰਬ , ਡਾਂਗਾਂ, ਜ਼ਹਿਰੀਲੀਆਂ ਸਪਰੇਹਾਂ ਵਰਤ ਕੇ, ਸ਼ਰਾਰਤੀ ਤੱਤਾਂ ਨੂੰ ਮੋਰਚੇ ਵਿੱਚ ਭੇਜ ਕੇ ਆਮ ਲੋਕਾਂ ਨੂੰ ਭੜਕਾਉਣ, ਬਿਜਲੀ/ਪਾਣੀ ਦੀ ਸਮੱਸਿਆਂ ਖੜੀ ਕਰਨ ਸਮੇਤ ਸਮੇਤ ਸੈਂਕੜੇ ਕਿਸਮ ਦੇ ਹਥਕੰਡੇ ਵਰਤ ਕੇ ਅੰਦੋਲਨ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸਾਂ ਦੇ ਬਾਵਜੂਦ ਜਥੇਬੰਦੀਆਂ ਦੀ ਸਾਫ ਸੁਥਰੀ ਅਤੇ ਇਮਾਨਦਾਰ ਅਗਵਾਈ ਕਾਰਨ ਅੰਦੋਲਨ ਨੇ ਲਗਾਤਾਰ ਵਿਸਤਾਰ ਕੀਤਾ ਹੈ ਅਤੇ ਸਾਲ ਭਰ ਸਫਲਤਾ ਨਾਲ ਅੰਦੋਲਨ ਚਲਾ ਕੇ ਸਰਕਾਰ ਸਾਹਮਣੇ ਚੁਨੌਤੀ ਦੇ ਰੂਪ ਵਿੱਚ ਕਿਸਾਨਾਂ ਮਜਦੂਰਾਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ।
ਉਨ੍ਹਾਂ ਕਿਹਾ ਕਿ ਇੱਕ ਸਾਲ ਦੌਰਾਨ ਦੇਸ਼ ਦੇ ਹਰ ਸੂਬੇ ਤੋਂ ਬਣਦਾ ਸਹਿਯੋਗ ਮਿਲਿਆ ਹੈ ਅਤੇ ਦਿੱਲੀ ਅੰਦੋਲਨ 2 ਖਿਲਾਫ ਸਿਰਫ ਪੰਜਾਬ ਹਰਿਆਣਾ ਦੇ ਅੰਦੋਲਨ ਵਾਲੇ ਬਣਾਏ ਗਏ ਬਿਰਤਾਂਤ ਨੂੰ ਵੀ, ਦੇਸ਼ ਪੱਧਰੀ ਰੇਲ ਰੋਕੋ, ਟ੍ਰੈਕਟਰ ਮਾਰਚ ਅਤੇ ਹੋਰ ਐਕਸ਼ਨ ਦੇ ਕੇ, ਤੋੜਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਜੋਸ਼ ਸਾਬਿਤ ਕਰ ਰਿਹਾ ਹੈ ਕਿ ਅੰਦੋਲਨ ਨੇ ਲੋਕ ਮਨਾਂ ਵਿੱਚ ਹੱਕੀਂ ਮੰਗਾਂ ਪ੍ਰਤੀ ਜਾਗਰੂਕਤਾ ਵਧ ਰਹੀ ਹੈ ਅਤੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਅੰਦੋਲਨ ਮੰਗਾਂ ਦੀ ਪ੍ਰਾਪਤੀ ਬਿਨਾਂ ਖਤਮ ਹੋਣ ਵਾਲਾ ਨਹੀਂ ਹੈ। ਉਨ੍ਹਾਂ ਦੱਸਿਆ ਕਿ 21 ਫਰਵਰੀ 2024 ਨੂੰ ਹਰਿਆਣਾ ਸਰਕਾਰ ਦੇ ਹੁਕਮਾਂ ਤੇ ਉੱਥੋਂ ਦੀ ਪੁਲਿਸ ਵੱਲੋਂ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਮਜਦੂਰਾਂ ਤੇ ਸਿੱਧੀਆਂ ਗੋਲੀਆਂ ਚਲਾ ਕੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ, ਸੋ ਸ਼ੰਭੂ ਬਾਰਡਰ ਮੋਰਚੇ ਤੇ ਵੱਡੇ ਇੱਕਠ ਕਰਕੇ 21 ਫਰਵਰੀ ਨੂੰ ਸ਼ਹੀਦ ਸ਼ੁਭਕਰਨ ਸਿੰਘ ਸਮੇਤ ਸਾਰੇ ਸ਼ਹੀਦਾਂ ਲਈ ਸ਼ਰਧਾਂਜਲੀਆਂ ਪ੍ਰੋਗਰਾਮ ਕਰਨ ਲਈ ਸ਼ੰਭੂ, ਖਨੌਰੀ ਰਤਨਪੁਰਾ (ਰਾਜਿਸਥਾਨ) ਬਾਡਰਾਂ ਸਮੇਤ ਉਨ੍ਹਾਂ ਦੇ ਜੱਦੀ ਪਿੰਡ ਬੱਲੋ ਵਿਖੇ ਵਿਸ਼ਾਲ ਇੱਕਠ ਕੀਤੇ ਜਾਣਗੇ।
ਉਨ੍ਹਾਂ ਜਾਣਕਾਰੀ ਦਿੱਤੀ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਜਾ ਰਹੀ ਮੀਟਿੰਗ ਲਈ ਵਫਦ ਵਿੱਚ ਕਿਸਾਨ ਮਜ਼ਦੂਰ ਮੋਰਚਾ ( ਭਾਰਤ) ਵੱਲੋਂ ਸਰਵਣ ਸਿੰਘ ਪੰਧੇਰ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ) ਜਸਵਿੰਦਰ ਸਿੰਘ ਲੋਂਗੋਵਾਲ (ਬੀਕੇਯੂ ਏਕਤਾ ਅਜ਼ਾਦ), ਮਨਜੀਤ ਸਿੰਘ ਰਾਏ (ਬੀਕੇਯੂ ਦੋਆਬਾ), ਬਲਵੰਤ ਸਿੰਘ ਬਹਿਰਾਮਕੇ (ਬੀਕੇਯੂ ਬਹਿਰਾਮਕੇ), ਬੀਬੀ ਸੁਖਵਿੰਦਰ ਕੌਰ (ਬੀਕੇਯੂ ਕ੍ਰਾਂਤੀਕਾਰੀ), ਦਿਲਬਾਗ ਸਿੰਘ ਗਿੱਲ ( ਬੀ.ਕੇ.ਐਮ. ਯੂ ), ਰਣਜੀਤ ਸਿੰਘ ਰਾਜੂ ( ਜੀ ਕੇ ਐੱਸ ਰਾਜਿਸਥਾਨ), ਉਕਾਰ ਸਿੰਘ ਭੰਗਾਲਾ (ਕਿਸਾਨ ਮਜ਼ਦੂਰ ਹਿਤਕਾਰੀ ਸਭਾ), ਨੰਦ ਕੁਮਾਰ (ਪ੍ਰੋਗਰੈਸਿਵ ਫਾਰਮਰਜ਼ ਫ੍ਰੰਟ, ਤਾਮਿਲਨਾਡੂ), ਪੀ ਟੀ ਜੋਨ ਕੇਰਲਾ, ਮਲਕੀਤ ਸਿੰਘ ਗੁਲਾਮੀ ਵਾਲਾ (ਕਿਸਾਨ ਮਜ਼ਦੂਰ ਮੋਰਚਾ), ਤੇਜਵੀਰ ਸਿੰਘ ਪੰਜੋਖੜਾ ( ਬੀ.ਕੇ.ਯੂ. ਸ਼ਹੀਦ ਭਗਤ ਸਿੰਘ ਹਰਿਆਣਾ), ਜੰਗ ਸਿੰਘ ਭਟੇੜੀ (ਬੀ.ਕੇ.ਯੂ. ਭਟੇੜੀ), ਸਤਨਾਮ ਸਿੰਘ ਬਹਿਰੂ ( ਇੰਡੀਅਨ ਫਾਰਮਰਜ਼ ਅਸੋਸੀਏਸ਼ਨ) ਸ਼ਾਮਿਲ ਹੋਣਗੇ ।
ਐੱਸ. ਕੇ. ਐੱਮ. (ਗੈਰ ਰਾਜਨੀਤਿਕ) ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਾ ਵਫ਼ਦ ਕਾਕਾ ਸਿੰਘ ਕੋਟੜਾ (ਜਨਰਲ ਸਕੱਤਰ ਬੀਕੇਯੂ ਏਕਤਾ ਸਿੱਧੂਪੁਰ), ਅਭਿਮਨਿਊ ਕੋਹਾੜ (ਕਨਵੀਨਰ, ਭਾਰਤੀ ਕਿਸਾਨ ਨੌਜਵਾਨ ਯੂਨੀਅਨ), ਸੁਖਜੀਤ ਸਿੰਘ ਹਰਦੋਝੰਡੇ (ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ), ਇੰਦਰਜੀਤ ਸਿੰਘ ਕੋਟਬੁੱਢਾ (ਪ੍ਰਧਾਨ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ), ਸੁਖਜਿੰਦਰ ਸਿੰਘ ਖੋਸਾ (ਪ੍ਰਧਾਨ, ਬੀਕੇਯੂ ਖੋਸਾ), ਪੀ.ਆਰ. ਪਾਂਡੀਅਨ, ਤਾਮਿਲਨਾਡੂ, ਕੁਰਬਰੂ ਸ਼ਾਂਤਕੁਮਾਰ, ਕਰਨਾਟਕ, ਲਖਵਿੰਦਰ ਸਿੰਘ ਔਲਖ (ਪ੍ਰਧਾਨ, ਭਾਰਤੀ ਕਿਸਾਨ ਏਕਤਾ), ਸੁਖਦੇਵ ਸਿੰਘ ਭੋਜਰਾਜ (ਪ੍ਰਧਾਨ ਕਿਸਾਨ ਤੇਜਵਾਨ ਭਲਾਈ ਯੂਨੀਅਨ), ਬਚਿਤਰ ਸਿੰਘ ਕੋਟਲਾ (ਪ੍ਰਧਾਨ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ), ਅਰੁਣ ਸਿਨਹਾ, ਬਿਹਾਰ, ਹਰਪਾਲ ਸਿੰਘ ਬਲਾੜੀ, ਉੱਤਰ ਪ੍ਰਦੇਸ਼, ਇੰਦਰਜੀਤ ਸਿੰਘ ਪੰਨੀਵਾਲਾ, ਰਾਜਿਸਥਾਨ ਜਾਣਗੇ।
ਅੰਤ 'ਚ ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤਹਿ ਕਰਕੇ ਐਮ ਐਸ ਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਬਣਾਉਣ, ਕਿਸਾਨ ਮਜ਼ਦੂਰ ਦੀ ਕੁਲ ਕਰਜ਼ਾ ਮੁਕਤੀ, ਮਨਰੇਗਾ ਤਹਿਤ ਸਾਲ ਵਿੱਚ 200 ਦਿਨ ਕੰਮ ਅਤੇ ਦਿਹਾੜੀ 700 ਕਰਨ, ਫ਼ਸਲੀ ਬੀਮਾ ਯੋਜਨਾ, ਆਦਿਵਾਸੀ ਵਰਗ ਲਈ ਸਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਵਾਉਣ ਸਮੇਤ ਸਾਰੀਆਂ ਮੰਗਾਂ ਦੇ ਸਾਰਥਕ ਹੱਲ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਸਟੇਜ ਸਮਾਪਤੀ ਮੌਕੇ ਆਉਣ ਵਾਲੇ ਸਭ ਲੋਕਾਂ ਸਮੇਤ ਲੰਗਰਾਂ ਦੀ ਸੇਵਾ ਨਿਭਾਉਣ ਵਾਲੀਆਂ ਧਾਰਮਿਕ, ਸਮਾਜਸੇਵੀ ਸੰਸਥਾਵਾਂ ਅਤੇ ਲੋਕਲ ਪਿੰਡਾਂ ਵਾਲਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ, ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਰਾਏ, ਸੁਖਜੀਤ ਸਿੰਘ ਹਰਦੋਝੰਡੇ, ਅਭਿਮੰਨੂ ਕੋਹਾੜ, ਸੁਰਜੀਤ ਸਿੰਘ ਫੂਲ, ਬਲਵੰਤ ਸਿੰਘ ਬਹਿਰਾਮਕੇ, ਲਖਵਿੰਦਰ ਸਿੰਘ ਔਲਖ, ਰਣਜੀਤ ਸਿੰਘ ਰਾਜੂ ਰਾਜਿਸਥਾਨ, ਗੁਰਿੰਦਰ ਸਿੰਘ ਭੰਗੂ, ਦਿਲਬਾਗ ਸਿੰਘ ਗਿੱਲ, ਬਚਿਤ੍ਰ ਸਿੰਘ ਕੋਟਲਾ, ਮਲਕੀਤ ਸਿੰਘ ਗੁਲਾਮੀਵਾਲਾ, ਤੇਜਬੀਰ ਸਿੰਘ ਪੰਜੋਖਰਾ ਸਾਬ੍ਹ, ਓਂਕਾਰ ਸਿੰਘ ਭੰਗਾਲਾ, ਜੰਗ ਸਿੰਘ ਭਤੇੜੀ, ਅਸੋਕ ਬੁਲਾਰਾ, ਰਵੀ ਸੋਂਨਡ, ਰਾਜੇਸ਼ ਗੁੱਜਰ, ਅਮਿਤ ਖਿਰਾੜੀ, ਉਮੇਧ ਸਰਪੰਚ ( ਖਾਪ ਲੀਡਰ) ਹਰਮਿੰਦਰ ਸਿੰਘ ਮਾਵੀ ( ਪ੍ਰਧਾਨ ਪੰਚਾਇਤ ਯੂਨੀਅਨ ਪੰਚਾਇਤ) ਜਸਦੇਵ ਸਿੰਘ ਲਲਤੋਂ, ਦਿਲਪ੍ਰੀਤ ਸਿੰਘ ਖੰਨਾ, ਬੀਕੀ ਯੂ ਐਸ ਏ, ਕਮਲਜੀਤ ਕੌਰ ( ਕ੍ਰਾਂਤੀਕਾਰੀ ਕਿਸਾਨ ਯੂਨੀਅਨ), ਹਰਿੰਦਰ ਸਿੰਘ, ਅੰਗਰੇਜ਼ ਸਿੰਘ ਕੋਟ ਬੁੱਢਾ, ਸਤਨਾਮ ਸਿੰਘ ਟਿਵਾਣਾ ਰੇਡੀਓ, ਰਵਿੰਦਰਨ ਕੇਰਲਾ, ਹਰਿੰਦਰ ਸਿੰਘ ਨਡਿਆਲਾ ਸਮੇਤ ਹਜ਼ਾਰਾਂ ਕਿਸਾਨ ਮਜਦੂਰ ਅਤੇ ਔਰਤਾਂ ਹਾਜ਼ਿਰ ਰਹੇ।