ਵੈਟਨਰੀ ਯੂਨੀਵਰਸਿਟੀ ਵਿਖੇ ਲੜਕੀਆਂ ਦੀ ‘ਹੋਸਟਲ ਨਾਈਟ’ ਕਰਵਾਈ ਗਈ
ਲੁਧਿਆਣਾ 13 ਫਰਵਰੀ 2025 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਲੜਕੀਆਂ ਦੇ ਹੋਸਟਲ ਵਿੱਚ ‘ਮਹਿਫ਼ਿਲ-ਏ-ਕੁਰਬਤ’ ਸਿਰਲੇਖ ਅਧੀਨ ਇਕ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਲੜਕੀਆਂ ਨੇ ਆਪਣੀਆਂ ਸੰਗੀਤਕ ਅਤੇ ਨਾਚ ਪ੍ਰਦਰਸ਼ਨੀਆਂ ਨਾਲ ਇਕ ਕਲਾਤਮਕ ਰੰਗ ਭਰਿਆ। ਇਸ ਸੰਗੀਤਮਈ ਸ਼ਾਮ ਦਾ ਸਭ ਨੇ ਭਰਪੂਰ ਆਨੰਣ ਮਾਣਿਆ ਅਤੇ ਸ਼ਮੂਲੀਅਤ ਕੀਤੀ। ਲੜਕੀਆਂ ਦੇ ਮਨ ਦੇ ਵਲਵਲੇ ਅਤੇ ਚਾਅ ਸੰਗੀਤਕ ਧੁਨਾਂ ਰਾਹੀਂ ਉਨ੍ਹਾਂ ਦੇ ਨਾਚ ਵਿੱਚ ਪ੍ਰਗਟ ਹੋ ਰਹੇ ਸਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਬਤੌਰ ਮੁੱਖ ਮਹਿਮਾਨ ਆਪਣੀ ਧਰਮ ਪਤਨੀ ਸ਼੍ਰੀਮਤੀ ਪਵਨਜੀਤ ਗਿੱਲ ਨਾਲ ਪਹੁੰਚੇ ਸਨ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵੀ ਆਪਣੀ ਧਰਮ ਪਤਨੀ ਨਾਲ ਸ਼ਿਰਕਤ ਕੀਤੀ। ਵਿਭਿੰਨ ਹੋਸਟਲਾਂ ਦੇ ਵਾਰਡਨ ਵੀ ਇਸ ਮੌਕੇ ਪਹੁੰਚੇ। ਡਾ. ਗਿੱਲ ਨੇ ਵਿਦਿਆਰਥੀਆਂ ਦੀਆਂ ਉੱਚ ਕੋਟੀ ਦੀਆਂ ਪੇਸ਼ਕਾਰੀਆਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਮੌਕੇ ਵਿਦਿਆਰਥੀ ਨੂੰ ਤਨਾਅ ਮੁਕਤ ਕਰਦੇ ਹਨ ਅਤੇ ਉਹ ਸਿਹਤਮੰਦ ਜੀਵਨ ਜਿਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੜ੍ਹਾਈ ਦੇ ਬੋਝ ਤੋਂ ਮੁਕਤੀ ਵਾਸਤੇ ਅਜਿਹੇ ਆਯੋਜਨ ਨਿਰੰਤਰ ਹੋਣੇ ਚਾਹੀਦੇ ਹਨ।
ਡਾ. ਸ਼ਬਨਮ ਸਿੱਧੂ ਅਤੇ ਐਲ. ਗੀਤਾ ਦੇਵੀ ਹੋਸਟਲ ਵਾਰਡਨਾਂ ਦੀ ਵੀ ਇਸ ਆਯੋਜਨ ਲਈ ਪ੍ਰਸੰਸਾ ਕੀਤੀ ਗਈ ਕਿ ਉਨ੍ਹਾਂ ਨੇ ਬਹੁਤ ਯੋਜਨਾਮਈ ਤਰੀਕੇ ਨਾਲ ਇਹ ਸਮਾਗਮ ਕਰਵਾਇਆ ਹੈ ਜਿਸ ਦੀ ਯਾਦ ਲੰਮੇ ਸਮੇਂ ਤਕ ਚੇਤਿਆਂ ਵਿੱਚ ਬਣੀ ਰਹੇਗੀ। ਵਿਦਿਆਰਥਣਾਂ ਨੇ ਵੀ ਇਸ ਆਨੰਦਮਈ ਸਮਾਗਮ ਵਿੱਚ ਸ਼ਾਮਿਲ ਹੋ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ।