ਲੋਕ ਚੇਤਨਾ ਮੰਚ ਵੱਲੋਂ 23 ਮਾਰਚ ਨੂੂੰ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦਾ ਫੈਸਲਾ
ਦਲਜੀਤ ਕੌਰ
ਲਹਿਰਾਗਾਗਾ, 12 ਫਰਵਰੀ, 2025: ਲੋਕ ਚੇਤਨਾ ਮੰਚ, ਲਹਿਰਾਗਾਗਾ ਦੀ ਇੱਕ ਅਹਿਮ ਮੀਟਿੰਗ ਮੰਚ ਦੇ ਸੀ: ਮੀਤ ਪ੍ਰਧਾਨ ਜਗਜੀਤ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਹਰ ਸਾਲ ਵਾਂਗ 23 ਮਾਰਚ ਨੂੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਲਹਿਰਾਗਾਗਾ ਵਿਖੇ ਵਿਸ਼ਾਲ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੂੰ ਜਾਰੀ ਕਰਦਿਆਂ ਮੰਚ ਦੇ ਸਕੱਤਰ ਮਾ: ਹਰਭਗਵਾਨ ਗੁਰਨੇ ਨੇ ਦੱਸਿਆ ਕਿ ਲੋਕ ਚੇਤਨਾ ਮੰਚ ਵੱਲੋਂ ਹਰ ਸਾਲ ਭਾਰਤ ਦੀ ਜੰਗ ਏ ਆਜ਼ਾਦੀ ਲਹਿਰ ਦੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ 23 ਮਾਰਚ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਉਸੇ ਰਵਾਇਤ ਨੂੰ ਜਾਰੀ ਰੱਖਦਿਆਂ ਇਸ ਸਾਲ ਵੀ ਇਨਕਲਾਬੀ ਨਾਟਕਾਂ ਤੇ ਗੀਤ ਸੰਗੀਤ ਦਾ ਪ੍ਰੋਗਰਾਮ ਤਹਿ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਦੀ ਨਾਟਕ ਟੀਮ ਵੱਲੋਂ ਸੁਰਿੰਦਰ ਸ਼ਰਮਾਂ ਦੀ ਨਿਰਦੇਸ਼ਨਾ ਹੇਠ ਨਾਟਕ ਪੇਸ਼ ਕੀਤੇ ਜਾਣਗੇ।
ਮੀਟਿੰਗ ਵਿੱਚ ਇਨਕਲਾਬੀ ਲਹਿਰ ਦੇ ਸਰਗਰਮ ਕਾਰਕੁਨ ਤੇ ਮੰਚ ਦੇ ਸਹਯੋਗੀ ਸਾਥੀ ਕਰਮ ਸਿੰਘ ਸੱਤ ਛਾਜਲੀ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਤੇ 14 ਫ਼ਰਵਰੀ ਨੂੰ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ।
ਪ੍ਰੋਗਰਾਮ ਵਿੱਚ ਮਾਲਵਾ ਹੇਕ, ਲਹਿਰਾਗਾਗਾ ਅਤੇ ਇਨਕਲਾਬੀ ਗਾਇਕ ਅਜਮੇਰ ਅਕਲੀਆ ਵਲੋਂ ਗੀਤ ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਜਗਦੀਸ਼ ਪਾਪੜਾ, ਮਹਿੰਦਰ ਸਿੰਘ, ਸ਼ਮਿੰਦਰ ਸਿੰਘ, ਵਰਿੰਦਰ ਭੁਟਾਲ, ਗੁਰਚਰਨ ਸਿੰਘ, ਬਲਦੇਵ ਸਿੰਘ ਚੀਮਾ, ਭੀਮ ਸਿੰਘ ਲਹਿਰਾ ਤੇ ਲਛਮਣ ਸਿੰਘ ਅਲੀਸ਼ੇਰ ਨੇ ਵੀ ਸੰਬੋਧਨ ਕਰਦੇ ਹੋਏ ਮੰਚ ਦੇ ਸਾਰੇ ਮੈਂਬਰਾਂ ਨੂੰ ਪ੍ਰੋਗਰਾਮ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰਨ ਦਾ ਸੱਦਾ ਦਿੱਤਾ।