ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ :-ਡਾ.ਕਰਵਿੰਦਰ ਸਿੰਘ U.K
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,12 ਫ਼ਰਵਰੀ 2025 (ਨਿਰਮਲ ਦੋਸਤ) - ਇਨਕਲਾਬੀ ਮਹਾਨ ਪੁਰਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਵੱਖ-ਵੱਖ ਥਾਵਾਂ 'ਤੇ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ/ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ।ਅਤੁੱਟ ਲੰਗਰ ਵਰਤਾਏ ਜਾ ਰਹੇ ਹਨ।
ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮੌਕੇ, ਸਮਾਜ ਸੇਵਾ ਦੇ ਖੇਤਰ ਨਾਲ ਸਬੰਧਤ ਨਾਮਵਰ ਤੇ ਬਹੁ-ਚਰਚਿਤ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਦੇ ਸਰਪ੍ਰਸਤ ਤੇ ਸਾਬਕਾ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਕਰਵਿੰਦਰ ਸਿੰਘ ਯੂ.ਕੇ(ਰਾਏਕੋਟ ਵਾਲੇ)ਨੇ ਕਿਹਾ ਕਿ ਲੋਕਾਂ ਨੂੰ ਸਮਾਜ 'ਚ ਆਪਸੀ ਭਾਈਚਾਰੇ ਦੀ ਮਜ਼ਬੂਤੀ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਜ਼ਰੂਰਤ ਹੈ।
ਡਾਕਟਰ ਕਰਵਿੰਦਰ ਸਿੰਘ ਯੂ.ਕੇ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਆਧੁਨਿਕ ਸਮੇਂ 'ਚ ਵੀ ਪੂਰੀ ਤਰ੍ਹਾਂ ਸਾਰਥਕ ਹਨ ਅਤੇ ਇਨ੍ਹਾਂ 'ਤੇ ਚੱਲ ਕੇ ਬਰਾਬਰੀ ਦੇ ਆਦਰਸ਼ਾਂ 'ਤੇ ਆਧਾਰਿਤ ਖੁਸ਼ਹਾਲੀ, ਸ਼ਾਂਤੀ, ਭਾਈਚਾਰੇ ਅਤੇ ਸਦਭਾਵਨਾ ਨਾਲ ਭਰਪੂਰ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.),ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਵੀ ਦਿੱਤੀ ਹੈ।