ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਮਾਨਸਾ ਨੇ ਆਹੁਦੇਦਾਰਾਂ ਦੇ ਕੰਮਕਾਜ ਦੀ ਕੀਤੀ ਵੰਡ
- ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰਨ ਲਈ ਸੂਬਾ ਸਰਕਾਰ ਪਾਸੋਂ ਕੀਤੀ ਗਈ ਮੰਗ
ਸੰਜੀਵ ਜਿੰਦਲ
ਮਾਨਸਾ, 5 ਫਰਵਰੀ 2025 : ਪੁਲਿਸ ਪੈਨਸ਼ਨਰਜ਼ ਜਿਲ੍ਹਾ ਇਕਾਈ ਮਾਨਸਾ ਵੱਲੋਂ ਬੀਤੇ ਦਿਨ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਅਮਰਜੀਤ ਸਿੰਘ ਭਾਈਰੂਪਾ ਜਨਰਲ ਸਕੱਤਰ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੇ ਮਹੀਨੇ ਸਵਰਗਵਾਸ ਹੋਏ 3 ਪੁਲਿਸ ਪੈਨਸ਼ਨਰਾਂ ਹਰਮੇਲ ਸਿੰਘ ਰੂੜੇਕੇ, ਭਰਪੂਰ ਸਿੰਘ ਡਿੱਖ ਅਤੇ ਗੁਰਦੇਵ ਸਿੰਘ ਲੱਲੂਆਣਾ ਸਬੰਧੀ ਦੁੱਖ ਪ੍ਰਗਟ ਕੀਤਾ ਗਿਆ ਅਤੇ 2 ਮਿੰਟ ਦਾ ਮੋਨ ਧਾਰ ਕੇ ਇਹਨਾਂ ਵਿਛੁੜ ਚੁੱਕੇ ਪੈਨਸ਼ਨਰਾਂ ਨੂੰ ਸਰਧਾਂਜਲੀ ਦਿੱਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਜਿਹਨਾਂ ਵੱਲੋਂ ਸਭਾ ਵਿੱਚ ਨਵੇੰ ਆਏ 2 ਪੈਨਸ਼ਨਰਾਂ ਸਾਬਕਾ ਸ:ਥ ਭੋਲਾ ਸਿੰਘ ਵਾਸੀ ਜੋਗਾ ਤੇ ਸਾਬਕਾ ਸ:ਥ: ਭੁਪਿੰਦਰ ਸਿੰਘ ਵਾਸੀ ਝੁਨੀਰ ਨੂੰ ਹਾਰ ਪਾ ਕੇ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।
ਮੀਟਿੰਗ ਦੌਰਾਨ ਪ੍ਰਧਾਨ ਵੱਲੋਂ ਨਵੀਂ ਬਣੀ ਕਮੇਟੀ ਦੇ ਆਹੁਦੇਦਾਰਾਂ ਦੇ ਕੰਮਕਾਜ ਦੀ ਵੰਡ ਕੀਤੀ ਗਈ। ਜੇਕਰ ਕਿਸੇ ਪੈਨਸ਼ਨਰ ਨੂੰ ਕਾਰ-ਸਰਕਾਰ ਵਿੱਚ ਜਾਂ ਕੋਈ ਦੁੱਖ ਤਕਲੀਫ ਹੈ ਤਾਂ ਉਹ ਜਨਰਲ ਸਕੱਤਰ ਨੂੰ ਨੋਟ ਕਰਵਾਏਗਾ। ਜਨਰਲ ਸਕੱਤਰ ਉਸਦੇ ਕੰਮਕਾਜ ਸਬੰਧੀ 5 ਮੈਂਬਰੀ ਕਮੇਟੀ ਬਣਾਏਗਾ ਤਾਂ ਜੋ ਦਫਤਰ ਜਾਂ ਅਫਸਰ ਸਹਿਬਾਨ ਨੂੰ ਮਿਲ ਕੇ ਮਸਲਾ ਹੱਲ ਕਰਵਾਇਆ ਜਾ ਸਕੇ। ਪੈਨਸ਼ਨਰਾ ਦੇ ਮੈਡੀਕਲ ਬਿੱਲਾਂ ਨੂੰ ਸਬੰਧਤ ਦਫਤਰ ਪਾਸੋਂ ਪਾਸ ਕਰਵਾਉਣ ਤੱਕ ਸਾਰੀ ਨਿਗਰਾਨੀ ਜਨਰਲ ਸਕੱਤਰ ਨਿਭਾਏਗਾ। ਪੈਨਸ਼ਨਰ ਦਫਤਰ ਦੇ ਦਰਵਾਜੇ ਪੁਰਾਣੇ ਹੋਣ ਕਰਕੇ ਬਦਲਣ ਅਤੇ ਕਮਰਿਆਂ ਦਾ ਫਰਸ਼ ਨਵਾਂ ਲਗਾਉਣ ਸਬੰਧੀ ਲਿਆਦੇ ਮਤੇ ਨੂੰ ਸਭਾ ਵੱਲੋਂ ਪਾਸ ਕੀਤਾ ਗਿਆ।
ਪ੍ਰਧਾਨ ਵੱਲੋਂ ਸਾਰੇ ਪੈਨਸ਼ਨਰਾਂ ਨੂੰ ਦੱਸਿਆ ਗਿਆ ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆ ਹੱਕੀ ਮੰਗਾਂ ਸਰਕਾਰ ਪਾਸੋਂ ਪ੍ਰਵਾਨ ਕਰਵਾਉਣ ਲਈ ਸਾਂਝਾ ਫਰੰਟ ਪੰਜਾਬ ਵੱਲੋਂ ਮਿਤੀ 07-02-2025 ਨੂੰ ਜਿਲ੍ਹਾ ਹੈਡਕੁਆਰਟਰਾਂ 'ਤੇ ਰੋਸ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਇਸ ਲਈ ਸਾਰੇ ਸਾਥੀਆ ਨੂੰ ਵੱਡੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਮੀਟਿੰਗ ਦੌਰਾਨ ਪੈਡਿੰਗ ਡੀ.ਏ.ਅਤੇ ਬਕਾਇਆ ਤੁਰੰਤ ਦੇਣ, ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਦੀ ਬਜਾਏ ਫੈਕਟਰ 2.59 ਅਨੁਸਾਰ ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤੇ ਵਿੱਚ ਵਾਧਾ ਕਰਨ, ਪੈਨਸ਼ਨਰਾ ਨੂੰ 13ਵੀ. ਤਨਖਾਹ ਲਾਗੂ ਕਰਨ ਆਦਿ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਰਾਮ ਸਿੰਘ ਅੱਕਾਂਵਾਲੀ ਸਕੱਤਰ ਵੱਲੋਂ ਕੰਪਿਊਟ ਪੈਨਸ਼ਨ, ਪੈਡਿੰਗ ਡੀ.ਏ ਅਤੇ ਮਾਣਯੋਗ ਹਾਈਕੋਰਟ ਵਿੱਚ ਪੈਨਸ਼ਨਰਾ ਅਤੇ ਮੁਲਾਜ਼ਮਾ ਦੇ ਹੱਕ ਵਿੱਚ ਚੱਲ ਰਹੀਆ ਰਿੱਟ ਪਟੀਸ਼ਨਾਂ ਅਤੇ ਆਏ ਫੈਸਲਿਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਅਖੀਰ ਵਿੱਚ ਮਲਕੀਤ ਸਿੰਘ ਮੂਸਾ, ਪਰਮਜੀਤ ਸਿੰਘ ਘੁੰਮਣ, ਗੁਰਜੰਟ ਸਿੰਘ ਫੱਤਾ ਮਾਲੋਕਾ,ਮੱਘਰ ਸਿੰਘ ਲਾਲਿਆਵਾਲੀ,
ਸੁਖਦੇਵ ਸਿੰਘ ਕੁੱਤੀਵਾਲ, ਸੁਰਜੀਤ ਰਾਜ, ਪ੍ਰੀਤਮ ਸਿੰਘ ਬੁਢਲਾਡਾ, ਫਲੇਲ ਸਿੰਘ ਅਤੇ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਆਦਿ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।