ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਸਿਵਲ ਹਸਪਤਾਲ ਦਾ ਕੀਤਾ ਦੌਰਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 5 ਫਰਵਰੀ 2025: ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮੰਤਵ ਤਹਿਤ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਜਸਮਿੰਦਰ ਕੌਰ ਅਤੇ ਰਾਜ ਟੀਕਾਕਰਣ ਅਫਸਰ ਡਾ. ਬਲਵਿੰਦਰ ਕੌਰ ਵੱਲੋਂ ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਰੂਪਨਗਰ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵੱਲੋਂ ਡੀ.ਈ.ਆਈ.ਸੀ, ਜੱਚਾ-ਬੱਚਾ ਵਾਰਡ ਵਿਖੇ ਲੇਬਰ ਰੂਮ ਅਤੇ ਐਸ.ਐਨ.ਸੀ.ਯੂ, ਬੱਚਿਆਂ, ਗਰਭਵਤੀ ਔਰਤਾਂ ਦੀ ਓਪੀਡੀ, ਟੀਕਾਕਰਣ ਰੂਮ ਕੋਲਡ ਸਟੋਰੇਜ ਪੁਆਇੰਟ ਆਦਿ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਉੱਥੇ ਜੱਚਾ-ਬੱਚਾ ਸਿਹਤ ਸੇਵਾਵਾ ਦਾ ਮੁਲਾਂਕਣ ਕੀਤਾ ਗਿਆ ਅਤੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸੰਬੰਧੀ ਗਰਭਵਤੀਆ ਅਤੇ ਨਵੀਆਂ ਬਣੀਆਂ ਮਾਵਾਂ ਨਾਲ ਗੱਲਬਾਤ ਵੀ ਕੀਤੀ ਗਈ।
ਡਾ. ਜਸਮਿੰਦਰ ਕੌਰ ਨੇ ਡੀ.ਈ.ਆਈ.ਸੀ ਦੇ ਸਟਾਫ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਫੀਲਡ ਦੀਆਂ ਆਰਬੀਐਸਕੇ ਟੀਮਾਂ ਨੂੰ ਹਦਾਇਤ ਕੀਤੀ ਜਾਵੇ ਕਿ ਵੱਧ ਤੋਂ ਵੱਧ ਬੱਚੇ ਡੀ.ਆਈ.ਸੀ ਸੈਂਟਰ ਵਿਖੇ ਇਲਾਜ ਅਤੇ ਕੌਂਸਲਿੰਗ ਲਈ ਭੇਜੇ ਜਾਣ। ਇਸ ਦੇ ਨਾਲ ਹੀ ਸਮੂਹ ਸਬੰਧਤ ਸਟਾਫ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਹਸਪਤਾਲ ਵਿੱਚ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਬਾਇਓ ਮੈਡੀਕਲ ਵੇਸਟ ਸੰਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਬਾਹਰ ਤੋਂ ਦਵਾਈਆਂ ਨਾ ਲਿਖੀਆਂ ਜਾਣ। ਉਨ੍ਹਾਂ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਸੰਤੋਖ ਪ੍ਰਗਟ ਕਰਦਿਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕਿਹਾ ਗਿਆ ਅਤੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਦੀ ਮੋਜੂਦਗੀ ਵਿੱਚ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਸਟੇਟ ਪ੍ਰੋਗਰਾਮ ਅਫਸਰ ਡਾ. ਵਿਕਰਮ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ, ਡਾ. ਜਤਿੰਦਰ ਕੌਰ, ਡਾ. ਅਮਰਜੀਤ ਸਿੰਘ ਅਤੇ ਸਿਵਲ ਹਸਪਤਾਲ ਰੂਪਨਗਰ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।