ਸੁਨਿਆਰੇ ਚਾਚਾ ਭਤੀਜਾ ਲੋਕਾਂ ਦਾ ਕਰੋੜਾਂ ਦਾ ਸੋਨਾ ਲੈ ਕੇ ਹੋਏ ਸੀ ਫਰਾਰ, ਇੱਕ ਭਤੀਜਾ ਆਇਆ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ , 5 ਫਰਵਰੀ 2025 :
ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਸੁਨਿਆਰੇ ਦਾ ਕੰਮ ਕਰਦਾ ਚਾਚਾ ਅਤੇ ਉਸਦੇ ਦੋ ਭਤੀਜੇ ਲੋਕਾਂ ਦਾ ਲਗਭਗ ਦੋ ਕਰੋੜ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਏ ਸਨ। ਇਹ ਚਰਚਾ ਭਤੀਜਾ ਲੋਕਾਂ ਨੂੰ ਗੋਲਡ ਲੋਨ ਦਿੰਦੇ ਸਨ ਪਰ ਜਦੋਂ ਸੋਨਾ ਜਿਆਦਾ ਇਕੱਠਾ ਹੋ ਗਿਆ ਤੇ ਸੋਨੇ ਦਾ ਭਾਅ ਵੀ ਲਗਾਤਾਰ ਵੱਧਣ ਲੱਗ ਪਿਆ ਤਾਂ ਤਿੰਨੋਂ ਆਪਣੀ ਦੁਕਾਨ ਛੱਡ ਕੇ ਹੀ ਫਰਾਰ ਹੋ ਗਏ ਪਰ ਹੁਣ ਕਾਦੀਆਂ ਪੁਲਿਸ ਨੇ ਇਹਨਾਂ ਵਿੱਚੋਂ ਇੱਕ ਭਤੀਜੇ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਥਾਣਾ ਕਾਦੀਆਂ ਦੇ ਐਸਐਚ ਓ ਨਿਰਮਲ ਸਿੰਘ ਨੇ ਦੱਸਿਆ ਕਿ ਰਾਘਵ ਲੁਥਰਾ ,ਕਰਨ ਲੁਥਰਾ ਅਤੇ ਇਹਨਾ ਦਾ ਚਾਚਾ ਕੇਵਲ ਕ੍ਰਿਸ਼ਨ ਲੁਥਰਾ ਲੋਕਾਂ ਕੋਲੋਂ ਸੋਨਾ ਲੈ ਕੇ ਉਹਨਾਂ ਨੂੰ ਵਿਆਜੀ ਪੈਸੇ ਦਿੰਦੇ ਸਨ ਅਤੇ ਇਹ ਬਹੁਤ ਸਾਰੇ ਲੋਕਾਂ ਕੋਲੋਂ ਇਕ ਕਰੋੜ 92 ਲੱਖ ਰੁਪਈਆ ਅਤੇ 42 ਤੋਲੇ ਸੋਨਾ ਲੈ ਕੇ ਆਪਣੀ ਦੁਕਾਨ ਨੂੰ ਜਿੰਦੇ ਮਾਰ ਕੇ ਫਰਾਰ ਹੋ ਗਏ ਸਨ। ਜਿਨਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਕਾਦੀਆਂ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਸੀ। ਉਸੇ ਦੌਰਾਨ ਗੁਪਤ ਸੂਚਨਾ ਦੇ ਅਧਾਰ ਤੇ ਅਸੀਂ ਤਿੰਨਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਨਯੋਗ ਅਦਾਲਤ ਤੋਂ ਤਿੰਨ ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ।ਬਾਕੀ ਦੋ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਦੋਸ਼ੀਆਂ ਉੱਤੇ 420 ,120ਬੀ ਧਾਰਾ ਦੇ ਅਧਾਰ ਤੇ ਪਰਚਾ ਦਰਜ ਕੀਤਾ ਗਿਆ ਹੈ।