ਨਗਰ ਕੌਂਸਲ ਕਾਰਜ ਸਾਧਕ ਅਫ਼ਸਰ ਵਲੋਂ ਦੁਕਾਨਦਾਰਾਂ ਨੂੰ ਨਜਾਇਜ਼ ਕਬਜ਼ੇ ਹਟਾਉਣ ਲਈ ਹਦਾਇਤਾਂ ਜਾਰੀ
- ਦੁਕਾਨਦਾਰ, ਨਗਰ ਕੌਂਸਲ ਦੀ ਕਾਰਵਾਈ ਤੋਂ ਪਹਿਲਾਂ ਆਪਣੀਆਂ ਇੰਕ੍ਰੋਚਮੈਂਟਾਂ ਹਟਾ ਲੈਣ- ਈ.ਓ
ਰੋਹਿਤ ਗੁਪਤਾ
ਫ਼ਤਿਹਗੜ੍ਹ ਚੂੜੀਆਂ (ਬਟਾਲਾ) , 5 ਫਰਵਰੀ 2025 - ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਨਗਰ ਕੌਂਸਲ ਫ਼ਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫ਼ਸਰ (ਈ.ਓ) ਕਿਰਨ ਮਹਾਜਨ ਨੇ ਦੁਕਾਨਦਾਰਾਂ, ਰੇਹੜੀ ਅਤੇ ਫੜੀਆਂ ਵਾਲਿਆਂ ਨੂੰ ਬਜ਼ਾਰਾਂ/ਸੜਕਾਂ ਉਪਰ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਇਸ ਮੌਕੇ ਈ.ਓ ਕਿਰਨ ਮਹਾਜਨ ਨੇ ਦੁਕਾਨਦਾਰਾਂ, ਰੇਹੜੀਆਂ ਅਤੇ ਫੜੀਆਂ ਵਾਲਿਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਜਿੰਨ੍ਹਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਜਾਂ ਸਮਾਨ ਆਪਣੀ ਹੱਦ ਤੋਂ ਬਾਹਰ ਵਧਾ ਕੇ ਲਗਾਇਆ ਹੈ, ਉਹ ਤੁਰੰਤ ਆਪਣੇ ਸਮਾਨ ਨੂੰ ਆਪ ਹਟਾ ਲੈਣ।
ਉਨ੍ਹਾਂ ਕਿਹਾ ਕਿ ਦੁਕਾਨਦਾਰਾਂ, ਰੇਹੜੀਆਂ ਅਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਜਿੱਥੇ ਆਮ ਲੋਕਾਂ ਨੂੰ ਲੰਘਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ, ਉਥੇ ਐਂਬੂਲੈਂਸ ਅਤੇ ਹੋਰ ਵਾਹਨ ਚਾਲਕਾਂ ਨੂੰ ਗੁਜ਼ਰਣ ਵਿੱਚ ਦਿੱਕਤ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰ, ਰੇਹੜੀ ਅਤੇ ਫੜੀ ਵਾਲੇ ਆਪਣਾ ਸਮਾਨ ਸੜਕਾਂ/ਬਜ਼ਾਰਾਂ ਤੋਂ ਨਹੀਂ ਹਟਾਉਣਗੇ ਤਾਂ ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਸ਼ਹਿਰ ਵਿੱਚੋਂ ਨਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਆਪਣੀ ਕਾਰਵਾਈ ਵਿੱਚ ਨਜਾਇਜ਼ ਥੜੇ, ਸ਼ੈਡਾਂ, ਟੀਨਾਂ, ਤਰਪਾਲਾਂ, ਦੁਕਾਨਦਾਰਾਂ ਵੱਲੋਂ ਕੀਤੇ ਵਾਧਿਆਂ ਵਗੈਰਾ ਨੂੰ ਢਾਹ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੀਟਿੰਗ ਦਾ ਮੁੱਖ ਮਕਸਦ ਦੁਕਾਨਦਾਰਾਂ ਵਿੱਚ ਜਾਗਰੂਕਤਾ ਲਿਆਉਣ ਦਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਦੁਕਾਨਦਾਰ, ਰੇਹੜੀ ਜਾਂ ਫੜੀ ਵਾਲਾ ਇਸ ਤੋਂ ਮੁਨਕਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਦੁਕਾਨਦਾਰ, ਰੇਹੜੀਆਂ ਜਾਂ ਫੜੀਆਂ ਵਾਲੇ ਨਗਰ ਕੌਂਸਲ ਦਾ ਸਹਿਯੋਗ ਕਰਨ ਅਤੇ ਸਮਾਨ ਨੂੰ ਬਾਹਰ ਵਧਾ ਕੇ ਨਾ ਲਗਾਉਣ ਤੇ ਆਪਣੀ ਇੰਕ੍ਰੋਚਮੈਂਟ ਨੂੰ ਖੁਦ ਹੀ ਦੂਰ ਕਰ ਲੈਣ।
ਈ.ਓ ਕਿਰਨ ਮਹਾਜਨ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਨਜਾਇਜ਼ ਕਬਜ਼ਿਆਂ ਨੂੰ ਦੂਰ ਕਰਵਾਉਣ ਲਈ ਵੱਡੇ ਪੱਧਰ ’ਤੇ ਅਭਿਆਨ ਚਲਾਇਆ ਜਾਣਾ ਹੈ, ਜਿਸ ਵਿੱਚ ਕਿਸੇ ਦੁਕਾਨਦਾਰ ਦੀ ਅਪੀਲ/ਦਲੀਲ ਨਹੀਂ ਸੁਣੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਰੋਜ਼ਾਨਾਂ ਮੁਨਾਦੀ ਰਾਹੀਂ ਦੁਕਾਨਦਾਰਾਂ ਨੂੰ ਇਸ ਬਾਰੇ ਅਪੀਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਹ ਆਪਣੇ ਨੁਕਸਾਨ ਦਾ ਖੁਦ ਜਿੰਮੇਵਾਰ ਹੋਵੇਗਾ।