ਹੋਲਾ ਮਹੱਲਾ ਮੌਕੇ ਵਿਰਾਸਤੀ ਖੇਡਾਂ ਲਈ ਅਗਾਓ ਪ੍ਰਬੰਧ ਮੁਕੰਮਲ ਕੀਤੇ ਜਾਣ- ਚੰਦਰ ਜਯੋਤੀ ADC
ਦਰਸ਼ਨ ਸਿੰਘ ਗਰੇਵਾਲ
- 12, 13 ਮਾਰਚ ਨੂੰ ਚਰਨ ਗੰਗਾ ਸਟੇਡੀਅਮ ਵਿੱਚ ਹੋਣਗੀਆਂ ਵਿਰਾਸਤੀ ਖੇਡਾਂ
- ਅਧਿਕਾਰੀਆਂ ਨੂੰ ਸੇਵਾ ਦੀ ਭਾਵਨਾ ਨਾਲ ਡਿਊਟੀ ਕਰਨ ਦੇ ਨਿਰਦੇਸ਼
ਰੂਪਨਗਰ 05 ਫਰਵਰੀ 2025 - ਹੋਲਾ ਮਹੱਲਾ ਮੌਕੇ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਰਾਸਤੀ ਖੇਡਾਂ ਹੋਣਗੀਆਂ। 12 ਤੇ 13 ਮਾਰਚ ਨੂੰ ਇਨ੍ਹਾਂ ਖੇਡਾਂ ਦਾ ਆਯੋਜਨ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੀ ਝਲਕ ਨਜ਼ਰ ਆਵੇਗੀ।
ਇਹ ਜਾਣਕਾਰੀ ਚੰਦਰ ਜਯੋਤੀ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਕਮੇਟੀ ਰੂਮ ਰੂਪਨਗਰ ਵਿਖੇ ਵਿਰਾਸਤੀ ਖੇਡਾਂ 2025 ਦੀਆਂ ਅਗਾਓ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੇਵਾ ਦੀ ਭਾਵਨਾ ਨਾਲ ਕੰਮ ਕਰਨ। ਵਿਰਾਸਤੀ ਖੇਡਾਂ 2025 ਵਿੱਚ ਗੱਤਕਾ ਮੁਕਾਬਲੇ, ਟੈਂਟ ਪੈਕਿੰਗ, ਘੋੜ ਦੋੜ, ਢਾਡੀ ਵਾਰਾ, ਕਵੀਸ਼ਰੀ ਜਥੇ, ਪੰਜਾਬ ਦੇ ਸੱਭਿਆਚਾਰ ਦੇ ਅਮੀਰ ਵਿਰਸੇ ਦੀ ਝਲਕ ਨਜ਼ਰ ਆਵੇਗੀ। ਉਨ੍ਹਾਂ ਨੇ ਕਿਹਾ ਕਿ ਵਿਰਾਸਤੀ ਖੇਡਾਂ ਦੌਰਾਨ ਦਸਤਾਰ ਬੰਦੀ ਮੁਕਾਬਲੇ ਕਰਵਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਰਨ ਗੰਗਾ ਸਟੇਡੀਅਮ ਵਿੱਚ ਖੇਡਾਂ ਲਈ ਢੁਕਵਾ ਵਾਤਾਵਰਣ, ਖੇਡ ਮੈਦਾਨ ਦੀ ਲੈਵਲਿੰਗ, ਖਿਡਾਰੀਆਂ ਦੇ ਠਹਿਰਣ ਦਾ ਪ੍ਰਬੰਧ ਤੇ ਸ਼ਰਧਾਲੂਆਂ, ਸੰਗਤਾਂ ਦੀ ਸਹੂਲਤ ਲਈ ਸਾਰੇ ਸੁਚਾਰੂ ਪ੍ਰਬੰਧ ਕੀਤੇ ਜਾਣਗੇ। ਏ.ਡੀ.ਸੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗਾ ਨਾਲ ਸਬੰਧਿਤ ਕੰਮ ਸਮਾਂ ਰਹਿੰਦੇ ਮੁਕੰਮਲ ਕਰ ਲੈਣ। ਪੰਜਾਬ ਦੀ ਵਿਰਾਸਤ ਨੂੰ ਦਰਸਾਉਦੀਆਂ ਇਹ ਵਿਰਾਸਤੀ ਖੇਡਾਂ ਹੋਲਾ ਮਹੱਲਾ ਦੌਰਾਨ ਲੋਕਾਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਹੋਣਗੀਆਂ। ਇਸ ਮੌਕੇ ਰਾਜਪਾਲ ਸਿੰਘ ਹੁੰਦਲ ਐਸ.ਪੀ ਹੈਡਕੁਆਰਟਰ, ਮੇਲਾ ਅਫਸਰ ਕਮ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸ.ਡੀ.ਐਮ ਮੋਰਿੰਡਾ ਸੁਖਪਾਲ ਸਿੰਘ, ਐਸ.ਡੀ.ਐਮ ਨੰਗਲ ਅਨਮਜੋਤ ਕੌਰ, ਜੀ.ਏ ਟੂ ਡਿਪਟੀ ਕਮਿਸ਼ਨਰ ਅਰਵਿੰਦਰ ਸਿੰਘ ਸੋਮਲ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।