ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਤਹਿਤ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 23 ਜਨਵਰੀ 2025 ਪੈ: ਨਹਿਰੂ ਯੁਵਾ ਕੇਂਦਰ ਵੱਲੋਂ ਭਾਰਤ ਸਰਕਾਰ ਦੁਆਰਾ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਦੇ ਅੰਤਰਗਤ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਚਲਾਇਆ ਗਿਆ। ਜਿਸ ਦੇ ਅੰਤਰਗਤ ਟਰੈਫਿਕ ਪੁਲਿਸ ਨਾਲ ਮਿਲ ਕੇ ਨਹਿਰੂ ਯੁਵਾ ਕੇਂਦਰ ਵੱਲੋਂ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਣੂ ਕਰਵਾਉਣ ਲਈ ਇਕ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਟਰੈਫਿਕ ਇੰਚਾਰਜ ਏ.ਐਸ.ਆਈ ਸ. ਹਾਕਮ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਸੜਕ ਸੁਰੱਖਿਆ ਦੇ ਨਿਯਮ ਅਪਣਾ ਕੇ ਆਪਣਾ, ਆਪਣੇ ਪਰਿਵਾਰ ਦਾ ਅਤੇ ਹੋਰ ਵੀ ਆਸੇ ਪਾਸੇ ਦੇ ਲੋਕਾਂ ਦਾ ਭਲਾ ਕਰ ਸਕਦੇ ਹਾਂ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੋ ਪਹੀਆ ਵਾਹਨ ਚਲਾਉਂਦੇ ਹੋਏ ਸਿਰ ਉੱਤੇ ਹੈਲਮਟ ਪਾਉਣਾ, ਕਾਰ ਚਲਾਉਂਦੇ ਹੋਏ ਸੀਟ ਬੈਲਟ ਲਗਾਉਣੀ ਜਿਹੇ ਛੋਟੇ ਕਦਮ ਚੁੱਕ ਕੇ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ ਅਤੇ ਬਹੁਤ ਸਾਰੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸਿਗਨਲ ਤੇ ਸਾਰੀਆਂ ਲਾਈਟਸ ਦਾ ਧਿਆਨ ਰੱਖ ਕੇ ਹੀ ਸੜਕ ਕਰਾਸ ਕਰਨੀ ਚਾਹੀਦੀ ਹੈ ਅਤੇ ਕੋਈ ਜਲਦਬਾਜੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਕਿ ਸਾਨੂੰ ਬਾਅਦ ਚ ਪਛਤਾਉਣਾ ਨਾ ਪਵੇ। 18 ਸਾਲ ਤੋਂ ਘੱਟ ਬੱਚਿਆਂ ਨੂੰ ਕੋਈ ਵੀ ਵਾਹਣ ਚਲਾਉਣ ਲਈ ਨਹੀਂ ਦੇਣਾ ਚਾਹੀਦਾ ਅਤੇ ਹਰੇਕ ਡਰਾਈਵਿੰਗ ਕਰਨ ਵਾਲੇ ਲਈ ਲਾਈਸੈਂਸ ਬਣਾਉਣਾ ਵੀ ਅਤਿ ਜਰੂਰੀ ਹੈ।
ਉਹਨਾਂ ਨੇ ਇੱਕ ਚਾਰਟ ਲਗਾ ਕੇ ਉਸ ਉਪਰ ਦਿੱਤੇ ਹੋਏ ਸਾਰੇ ਟਰੈਫਿਕ ਚਿੰਨਾ ਬਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਇਆ। ਨਹਿਰੂ ਯੁਵਾ ਕੇਂਦਰ ਦੇ ਜਿਲ੍ਹਾ ਯੂਥ ਅਫਸਰ ਹਰਸ਼ਰਨ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਟਰੈਫਿਕ ਨਿਯਮਾਂ ਦਾ ਪਾਲਣ ਕਰਨਾ ਆਪਣੇ ਅਤੇ ਦੂਜਿਆਂ ਲਈ ਬੇਹੱਦ ਜ਼ਰੂਰੀ ਹੈ। ਨਹਿਰੂ ਯੁਵਾ ਕੇਂਦਰ ਵੱਲੋਂ ਬੱਚਿਆਂ ਨੂੰ ਮਾਈ ਭਾਰਤ ਵਾਲੀਆਂ ਟੀ-ਸ਼ਰਟ ਅਤੇ ਕੈਪਸ ਵੰਡੀਆਂ ਗਈਆਂ। ਇਸ ਮੌਕੇ ਬੱਚਿਆਂ ਨੇ ਸੜਕ ਸੁਰੱਖਿਆ ਦੇ ਨਿਯਮਾਂ ਵਾਲੇ ਬੋਰਡ ਹੱਥਾਂ ਵਿੱਚ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਟਰੈਫਿਕ ਪੁਲਿਸ ਨਾਲ ਵਲੰਟੀਅਰ ਦੇ ਤੌਰ ’ਤੇ ਕੰਮ ਕੀਤਾ।
ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਜਸਵੀਰ ਕੌਰ ਤੇ ਹੋਰ ਅਧਿਆਪਕ ਸਾਹਿਬਾਨ ਆਦਿ ਹਾਜ਼ਰ ਰਹੇ।