← ਪਿਛੇ ਪਰਤੋ
ਨਾਗਰਿਕ ਚੇਤਨਾ ਮੰਚ ਵੱਲੋਂ ਨਹਿਰਬੰਦੀ ਤੁਰੰਤ ਖਤਮ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ 23 ਜਨਵਰੀ 2025 : ਨਾਗਰਿਕ ਚੇਤਨਾ ਮੰਚ ਬਠਿੰਡਾ ਨੇ ਨਹਿਰਬੰਦੀ ਤੁਰੰਤ ਖਤਮ ਕਰਕੇ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਨਾਗਰਿਕ ਚੇਤਨਾ ਮੰਚ ਬਠਿੰਡਾ ਦੇ ਪ੍ਰਧਾਨ ਪ੍ਰਿੰ ਬੱਗਾ ਸਿੰਘ ਅਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਬਠਿੰਡਾ ਸ਼ਹਿਰ ਤੇ ਨੇੜਲੇ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਗੰਭੀਰ ਹੁੰਦੀ ਸਮੱਸਿਆ ਤੇ ਨਹਿਰ ਬੰਦੀ ਸਮੇਂ ਇਲਾਕੇ ਦੀਆਂ ਪਾਣੀ ਦੀਆਂ ਜ਼ਰੂਰਤਾਂ ਨੂੰ ਪ੍ਰਸ਼ਾਸਨ ਨੇ ਪੂਰਾ ਕਰਨ ਦੇ ਪਹਿਲਾਂ ਢੁੱਕਵੇਂ ਬੰਦੋਬਸਤ ਨਹੀਂ ਕੀਤੇ ਅਤੇ ਜਿਸ ਕਰਕੇ ਜਲ ਘਰਾਂ ਵਿੱਚ ਪਾਣੀ ਦੇ ਭੰਡਾਰ ਦੀ ਸਮਰੱਥਾ ਲੰਮੀ ਨਹਿਰੀ ਬੰਦੀ ਦੇ ਮੁਕਾਬਲੇ ਨਿਗੂਣੀ ਸਿੱਧ ਹੋਈ ਹੈ। ਉਹਨਾਂ ਕਿਹਾ ਕਿ ਅਜਿਹਾ ਹਰ ਛਿਮਾਹੀ ਨਹਿਰੀ ਬੰਦੀਆਂ ਸਮੇਂ ਪਿਛਲੇ ਕਾਫੀ ਲੰਬੇ ਅਰਸੇ ਤੋਂ ਲਗਾਤਾਰ ਸਾਹਮਣੇ ਆ ਰਿਹਾ ਹੈ। ਨਹਿਰੀ ਮਹਿਕਮਾਂ ਤੇ ਮਿਊਸਪਲ ਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਕੀਤੇ ਠੋਸ ਭਰੋਸੇਯੋਗ ਪ੍ਰਬੰਧ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਉਹਨਾਂ ਕਿਹਾ ਕਿ ਨਹਿਰੀ ਬੰਦੀ ਸਮੇਂ ਨਹਿਰਾਂ ਦਾ ਪਾਣੀ ਭੰਡਾਰ ਕਰਨ ਵਾਲੀਆਂ ਡਿੱਗੀਆਂ ਦੀ ਸਫਾਈ ਕਿਧਰੇ ਵੀ ਨਹੀਂ ਹੋ ਰਹੀ।ਸ਼ਹਿਰ ਵਿੱਚ ਪਾਣੀ ਦਾ ਭੰਡਾਰ ਕਰਨ ਲਈ ਪਾਣੀ ਦੇ ਟੈਂਕ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਲਈ ਖਾਲੀ ਰੱਖੇ ਪਏ ਹਨ। ਉਨ੍ਹਾਂ ਦੀ ਕੋਈ ਮੁਰੰਮਤ ਵੀ ਨਹੀਂ ਹੋਈ ਅਤੇ ਪਾਣੀ ਦਾ ਭੰਡਾਰ ਵੀ ਨਹੀਂ ਕੀਤਾ ਗਿਆ।ਪੀਣ ਵਾਲੇ ਪਾਣੀ ਦੀ ਪੂਰਤੀ ਲਈ ਪ੍ਰਸ਼ਾਸਨ ਨੂੰ ਕੋਈ ਸਿਰਦਰਦੀ ਨਹੀਂ ਹੈ।ਨਹਿਰੀ ਪਾਣੀ ਦੀ ਬੰਦੀ ਦਾ ਕੋਈ ਅਰਸਾ ਨਿਰਧਾਰਤ ਕੀਤਾ ਹੀ ਨਹੀਂ ਜਾਂਦਾ ਬਲਕਿ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕਰਦਿਆਂ ਇਸ ਨੂੰ ਇੱਕ ਹਫਤਾ ਅੱਗੇ ਵਧਾ ਦਿੱਤਾ ਗਿਆ ਹੈ। ਉਨਾ ਚਿੰਤਾ ਜਤਾਈ ਕੇ ਸ਼ਹਿਰ ਦੇ ਲਾਈਨੋਂ ਪਾਰ ਸਥਿਤ ਅੱਧੀ ਦਰਜਨ ਤੋਂ ਵੱਧ ਇਲਾਕਿਆਂ ਵਿੱਚ ਤਾਂ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਚਲਦੀ ਰਹਿੰਦੀ ਹੈ,ਜੋ ਹੁਣ ਬਹੁਤ ਹੀ ਗੰਭੀਰ ਹੋ ਗਈ ਹੈ। ਪਾਣੀ ਦੀ ਲੋੜ ਪੂਰੀ ਕਰਨ ਵਿਚ ਹੀ ਰੁੱਝੇ ਰਹਿਣ ਕਾਰਨ ਲੋਕਾਂ ਦਾ ਰੁਜ਼ਗਾਰ ਵੀ ਪ੍ਰਭਾਵਤ ਹੋ ਰਿਹਾ ਹੈ। ਆਗੂਆਂ ਨੇ ਪਾਣੀ ਨਾਲ ਜੁੜੀਆਂ ਸਮੂਹ ਸਮੱਸਿਆਵਾਂ ਦੂਰ ਕਰਕੇ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਤੁਰੰਤ ਸਪਲਾਈ ਕਰਨ ਦੀ ਮੰਗ ਕੀਤੀ।
Total Responses : 1320