ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਮਾਗਮ ਡੀ.ਏ.ਐਨ ਕਾਲਜ ਵਿਖੇ 25 ਨੂੰ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਜਨਵਰੀ,2025 - ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਮੁਤਾਬਿਕ 25 ਜਨਵਰੀ 2025 ਨੂੰ ਡੀ.ਏ.ਐਨ ਕਾਲਜ ਆਫ ਐਜੂਕੇਸ਼ਨ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਦੀਆਂ ਵੱਖ-ਵੱਖ ਗਤੀਵਿਧੀਆਂ, ਜਿਵੇਂ ਕਿ ਭਾਸ਼ਣ, ਗੀਤਾਂ, ਸਕਿੱਟਾਂ, ਕੋਰੀਓਗ੍ਰਾਫੀਆਂ ਅਤੇ ਗਿੱਧੇ ਆਦਿ, ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵੋਟਰ ਜਾਗਰੂਕਤਾ ਅਤੇ ਵੋਟਾਂ ਬਣਾਉਣ ਸਬੰਧੀ ਵਧੀਆ ਸੇਵਾਵਾਂ ਨਿਭਾਉਣ ਵਾਲੇ ਜ਼ਿਲ੍ਹੇ ਦੇ ਅਧਿਕਾਰੀਆਂ ਅਤੇ ਹੋਰਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵੇਂ ਵੋਟਰਾਂ ਨੂੰ ਸ਼ਨਾਖਤੀ ਕਾਰਡਾਂ ਦੀ ਵੰਡ ਕੀਤੀ ਜਾਵੇਗੀ ਅਤੇ ਵੋਟ ਪਾਉਣ ਸਬੰਧੀ ਸਹੁੰ ਵੀ ਚੁਕਾਈ ਜਾਵੇਗੀ।