ਕਿਸਾਨ ਆਗੂ ਬਸੰਤ ਸਿੰਘ ਤੇ ਕਰਮ ਸਿੰਘ ਕੋਠਾਗੁਰੂ ਨੂੰ ਵਿਸ਼ਾਲ ਕਾਫਲੇ ਵੱਲੋਂ ਦਿੱਤੀ ਅੰਤਿਮ ਵਿਦਾਇਗੀ
ਅਸ਼ੋਕ ਵਰਮਾ
ਬਠਿੰਡਾ 23 ਜਨਵਰੀ2025: ਲੰਘੀ 4 ਜਨਵਰੀ ਨੂੰ ਟੋਹਾਣਾ ਰੈਲੀ ਦੌਰਾਨ ਬੱਸ ਐਕਸੀਡੈਂਟ ਦੌਰਾਨ ਵਿਛੋੜਾ ਦੇ ਗਏ ਕੋਠਾਗੁਰੂ ਦੇ ਪੰਜ ਕਿਸਾਨਾਂ ਨਾਲ਼ ਸਬੰਧਤ ਮੰਗਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਉਪਰੰਤ ਕੱਲ ਦੇਰ ਸ਼ਾਮ ਕਿਸਾਨ ਆਗੂ ਬਸੰਤ ਸਿੰਘ ਤੇ ਕਰਮ ਸਿੰਘ ਕੋਠਾਗੁਰੂ ਦੇ ਮਿਰਤਕ ਸਰੀਰਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਝੰਡਿਆਂ ਚ ਲਪੇਟ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਇਹਨਾਂ ਆਗੂਆਂ ਦੀਆਂ ਪਿਛਲੇ ਕਈ ਦਿਨਾਂ ਤੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਸੰਭਾਲ ਕੇ ਰੱਖੀਆਂ ਦੇਹਾਂ ਜਦੋਂ ਵੱਡੇ ਕਾਫਲੇ ਦੇ ਰੂਪ ਵਿੱਚ ਕੋਠਾ ਗੁਰੂ ਪਹੁੰਚੀਆਂ ਤਾਂ ਆਪਣੇ ਆਗੂਆਂ ਦੇ ਅੰਤਿਮ ਦਰਸ਼ਨਾਂ ਲਈ ਪਿੰਡ ਅਤੇ ਇਲਾਕੇ ਚੋਂ ਕਿਸਾਨ, ਖੇਤ ਮਜ਼ਦੂਰਾਂ, ਔਰਤਾਂ ਤੇ ਮੁਲਾਜ਼ਮ ਦਾ ਜਨ ਸੈਲਾਬ ਉਮੜ ਆਇਆ।ਬਸੰਤ ਸਿੰਘ ਦੀ ਦੇਹ ਨੂੰ ਉਹਨਾਂ ਦੇ ਪੁੱਤਰ ਜਗਮੀਤ ਸਿੰਘ ਤੇ ਅਮਰੀਕ ਸਿੰਘ ਕਰਮ ਸਿੰਘ ਦੀ ਦੇਹ ਨੂੰ ਉਹਨਾਂ ਦੇ ਮਾਸੂਮ ਪੁੱਤਰ ਕੋਮਲਪ੍ਰੀਤ ਸਿੰਘ ਤੇ ਬਜ਼ੁਰਗ ਪਿਤਾ ਰਣਜੀਤ ਸਿੰਘ ਵੱਲੋਂ ਅਗਨੀ ਦਿੱਤੀ ਗਈ।
ਇਸ ਤੋਂ ਪਹਿਲਾਂ ਬਸੰਤ ਸਿੰਘ ਤੇ ਕਰਮ ਸਿੰਘ ਦੇ ਸਰੀਰਾਂ ਨੂੰ ਘਰਾਂ ਚ ਲਿਜਾਣ ਤੋਂ ਬਾਅਦ ਪਿੰਡ ਦੀ ਦਾਣਾ ਮੰਡੀ ਵਿਖੇ ਲਿਆਂਦਾ ਗਿਆ ਜਿੱਥੇ ਭਾਰੀ ਇਕੱਠ ਦੌਰਾਨ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ, ਰੂਪ ਸਿੰਘ ਛੰਨਾਂ, ਸ਼ਿੰਗਾਰਾ ਸਿੰਘ ਮਾਨ , ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੋਗੇਵਾਲਾ ਤੇ ਜਸਪਾਲ ਸਿੰਘ ਕੋਠਾਗੁਰੂ ਸਮੇਤ ਜ਼ਿਲ੍ਹਾ ਆਗੂਆਂ ਵੱਲੋਂ ਵਿਛੜੇ ਆਗੂਆਂ ਦੀਆਂ ਦੇਹਾਂ ਉੱਪਰ ਜਥੇਬੰਦੀ ਦੇ ਝੰਡੇ ਪਾ ਕੇ ਸਲਾਮੀ ਦਿੱਤੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਤੀਰਥ ਸਿੰਘ ਕੋਠਾਗੁਰੂ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਸੁਰਜੀਤ ਸਿੰਘ ਫੂਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ਧਨੇਰ)ਦੇ ਆਗੂ ਨਾਹਰ ਸਿੰਘ ਭਾਈਰੂਪਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਆਦਿ ਆਗੂਆਂ ਵੱਲੋਂ ਵੀ ਆਪਣੀਆਂ ਜਥੇਬੰਦੀਆਂ ਦੇ ਝੰਡੇ ਪਾ ਕੇ ਸਲਾਮੀ ਦਿੱਤੀ ਗਈ।
ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਤੇ ਸੁਖਵਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਬਿੰਦਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਜਗਰੂਪ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਜੰਟ ਸਿੰਘ ਸਮੇਤ ਵੱਡੀ ਗਿਣਤੀ ਜਥੇਬੰਦੀਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ। ਇਸ ਉਪਰੰਤ ਬਸੰਤ ਸਿੰਘ ਤੇ ਕਰਮ ਸਿੰਘ ਕੋਠਾਗੁਰੂ ਦੇ ਮਿਰਤਕ ਸਰੀਰਾਂ ਨੂੰ ਵੱਡੇ ਕਾਫਲੇ ਦੇ ਰੂਪ ਚ ਸ਼ਮਸ਼ਾਨ ਘਾਟ ਲਿਜਾਇਆ ਗਿਆ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਬਸੰਤ ਸਿੰਘ ਤੇ ਕਰਮ ਸਿੰਘ ਸਮੇਤ ਹਾਦਸੇ ਦੌਰਾਨ ਤਿੰਨ ਬੀਬੀਆਂ ਦੀ ਮੌਤ ਨੂੰ ਪਰਿਵਾਰਾਂ ਸਮੇਤ ਜਥੇਬੰਦੀ ਲਈ ਵੱਡਾ ਘਾਟਾ ਕਰਾਰ ਦਿੱਤਾ। ਉਹਨਾਂ ਆਖਿਆ ਕਿ ਇਹ ਆਗੂ ਤੇ ਵਰਕਰ ਸਾਡੀ ਜਥੇਬੰਦੀ ਦੀਆਂ ਬਾਹਾਂ ਸਨ ਜਿਨ੍ਹਾਂ ਦੇ ਤੁਰ ਜਾਣ ਨਾਲ ਸਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਉਹਨਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਵਿਛੋੜਾ ਦੇ ਗਏ ਕੋਠਾਗੁਰੂ ਦੇ ਪੰਜ ਸ਼ਹੀਦਾਂ ਦੇ ਵਾਰਸਾਂ ਤੇ ਜ਼ਖ਼ਮੀਆਂ ਨੂੰ ਢੁਕਵਾਂ ਮੁਆਵਜ਼ਾ ਤੇ ਨੌਕਰੀ ਦੇਣ ਸਮੇਤ ਬਾਕੀ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਥਾਂ ਜਾਣ ਬੁੱਝ ਕੇ ਦੋ ਹਫ਼ਤੇ ਲਟਕਾ ਕੇ ਸਾਡੇ ਜ਼ਖਮਾਂ 'ਤੇ ਲੂਣ ਛਿੜਕਿਆ ਗਿਆ। ਉਹਨਾਂ ਆਖਿਆ ਕਿ ਮੰਗਾਂ ਸਬੰਧੀ 21 ਜਨਵਰੀ ਦੀ ਰਾਤ ਨੂੰ ਸਹਿਮਤੀ ਬਣਨ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਪੀੜਤਾਂ ਨੂੰ ਮੁਆਵਜ਼ਾ ਦੇਣ ਤੇ ਪੋਸਟਮਾਰਟਮ ਦੀ ਕਾਗਜ਼ੀ ਕਾਰਵਾਈ ਜਾਣਬੁੱਝ ਕੇ ਸ਼ਾਮ ਦੇ ਪੰਜ ਵਜੇ ਤੱਕ ਵੀ ਪੂਰੀ ਨਾ ਕਰਨ ਦਾ ਦੋਸ਼ ਲਾਇਆ। ਉਹਨਾਂ ਆਖਿਆ ਕਿ ਇਹ ਆਪ ਸਰਕਾਰ ਤੇ ਪ੍ਰਸ਼ਾਸਨ ਦੀ ਕਿਸਾਨਾਂ ਮਜ਼ਦੂਰਾਂ ਤੇ ਪ੍ਰਤੀ ਜਮਾਤੀ ਨਫ਼ਰਤ ਦਾ ਸਿੱਟਾ ਹੈ।ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ ਸੇਮਾ, ਮਹਿਲਾ ਕਿਸਾਨ ਆਗੂ ਮਾਲਣ ਕੌਰ, ਪਰਮਜੀਤ ਕੌਰ ਪਿੱਥੋ, ਗੁਰਮੇਲ ਕੌਰ , ਬਲਜੀਤ ਸਿੰਘ ਪੂਹਲਾ, ਬਲਵੀਰ ਸਿੰਘ, ਅਵਤਾਰ ਸਿੰਘ ਭਗਤਾ ਭਾਈ ਕਾ , ਰਾਜਵਿੰਦਰ ਸਿੰਘ ਰਾਮਨਗਰ ਅਜੇਪਾਲ ਸਿੰਘ ਘੁੱਦਾ ਆਦਿ ਆਗੂ ਹਾਜ਼ਰ ਸਨ।