ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਵਿਖੇ ਕਜ਼ਾਕਿਸਤਾਨ ਅਤੇ ਭਾਰਤ ਦੇ ਸੰਗੀਤ ਤੇ ਸੱਭਿਆਚਾਰ ਦੇ ਬਿਖਰੇ ਰੰਗ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਜਨਵਰੀ,2025 - ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ ਅੱਜ ਕਜ਼ਾਕਿਸਤਾਨ ਅਤੇ ਭਾਰਤ ਦੇ ਪ੍ਰਦਰਸ਼ਨਾਂ ਨਾਲ ਇਕ ਸੱਭਿਆਚਾਰਕ ਅਤੇ ਸੰਗੀਤਕ ਰੰਗਾਂ ਵਾਲਾ ਮਾਹੌਲ ਪੈਦਾ ਹੋਇਆ। ਅੰਤਰਰਾਸ਼ਟਰੀ ਦੋਸਤੀ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਜਸ਼ਨਾਂ ਵਾਲੇ ਇਸ ਮਹੱਤਵਪੂਰਨ ਸਮਾਗਮ ਵਿਚ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਕਜ਼ਾਕਿਸਤਾਨ ਦੇ ਮਾਣਮੱਤੇ ਸੱਭਿਆਚਾਰਕ ਗਰੁੱਪ ਦੀ ਮੇਜ਼ਬਾਨੀ ਕੀਤੀ। ਇਹ ਪਹਿਲ ਪਿਛਲੇ ਸਾਲ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਹੋਈਆਂ 5ਵੀਆਂ 'ਨੋਮਾਡ' ਖੇਡਾਂ ਵਿਚ ਭਾਰਤੀ ਕਲਾਕਾਰਾਂ ਦੀ ਫਲਦਾਇਕ ਭਾਗੀਦਾਰੀ ਤੋਂ ਪੈਦਾ ਹੋਈ ਸੀ। ਇਸ ਦਾ ਉਦੇਸ਼ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਅਤੇ ਕਜ਼ਾਕਿਸਤਾਨ ਵਿਚਾਲੇ ਕਲਾਤਮਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਅਤੇ ਐਨ.ਐਸ.ਡੀ.ਸੀ ਭਾਰਤ ਸਰਕਾਰ ਦੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਨੇ ਕਜ਼ਾਕਿਸਤਾਨ ਦੇ ਕਲਾਕਾਰਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸੰਗੀਤ ਖੁਸ਼ੀ ਲਿਆਉਂਦਾ ਹੈ ਅਤੇ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਸੁਰੱਖਿਅਤ ਰੱਖਣ ਲਈ ਇਕ ਵਧੀਆ ਮਾਧਿਅਮ ਵਜੋਂ ਕੰਮ ਕਰਦਾ ਹੈ ਅਤੇ ਭਾਸ਼ਾ ਦੀਆਂ ਰੁਕਾਵਟਾਂ ਨੂੰ ਪਾਰ ਕਰਦਾ ਹੈ। ਡਾ. ਕੌੜਾ ਨੇ ਅੱਗੇ ਕਿਹਾ ਕਿ ਇਸ ਮਹੱਤਵਪੂਰਨ ਦਿਨ ਨੇ ਪੰਜਾਬ (ਭਾਰਤ) ਅਤੇ ਕਜ਼ਾਕਿਸਤਾਨ ਵਿਚਾਲੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਦੇ ਹੁਨਰ ਅਤੇ ਸਿੱਖਿਆ ਦੇ ਨਾਲ-ਨਾਲ ਅੰਤਰ-ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਣ ਅਤੇ ਇਸ ਦੀ ਵਿਸ਼ਵ ਵਿਆਪੀ ਸੰਭਾਵਨਾ ਨੂੰ ਦਰਸਾਉਂਦੀ ਹੈ।
ਇਸ ਨੂੰ ਪੰਜਾਬ ਅਤੇ ਸ਼ਹੀਦਾਂ ਦੀ ਧਰਤੀ ਸ਼ਹੀਦ ਭਗਤ ਸਿੰਘ ਨਗਰ ਨਗਰ ਲਈ ਇਕ ਬਹੁਤ ਹੀ ਸ਼ੁਭ ਮੌਕਾ ਦੱਸਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਨਾਲ ਇਹ ਮਨਮੋਹਕ ਸਮਾਗਮ ਸੰਭਵ ਹੋ ਸਕਿਆ। ਉਨ੍ਹਾਂ ਭਰਵੇਂ ਸਹਿਯੋਗ ਲਈ ਯੂਨੀਵਰਸਿਟੀ ਪ੍ਰਬੰਧਨ ਦਾ ਵੀ ਧੰਨਵਾਦ ਕੀਤਾ। ਪੰਜਾਬ ਦੀਆਂ ਅਥਾਹ ਕੁਰਬਾਨੀਆਂ ਦੀ ਵਿਰਾਸਤ ਨੂੰ ਉਜਾਗਰ ਕਰਦਿਆਂ ਡਿਪਟੀ ਕਮਿਸ਼ਨਰ ਧੀਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਅਮੀਰ ਸੱਭਿਆਚਾਰਕ ਵਿਰਾਸਤ ਸੌਂਪੀ ਹੈ।
ਇਸ ਯਾਦਗਾਰੀ ਮੌਕੇ 'ਤੇ ਐਸ.ਡੀ.ਐਮ ਬਲਾਚੌਰ ਰਵਿੰਦਰ ਬਾਂਸਲ, ਪ੍ਰੋ-ਚਾਂਸਲਰ ਡਾ. ਪਰਵਿੰਦਰ ਕੌਰ, ਸੰਯੁਕਤ ਰਜਿਸਟਰਾਰ ਸਤਬੀਰ ਸਿੰਘ ਬਾਜਵਾ, ਕਜ਼ਾਕਿਸਤਾਨ ਅਤੇ ਪੰਜਾਬ ਦੇ ਕਲਾਕਾਰਾਂ ਅਤੇ ਵਿਦਿਆਰਥੀਆਂ ਸਮੇਤ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।