ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਪੋਹਾਰੀ ’ਚ ਲੀਗਲ ਏਡ ਕਲੀਨਿਕ ਦੀ ਸਥਾਪਨਾ
ਹੁਸ਼ਿਆਰਪੁਰ: 23 ਜਨਵਰੀ 2025: ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੇ ਨਿਰਦੇਸ਼ਾਂ ’ਤੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਪਾਲ ਰਾਵਲ ਵਲੋਂ ਪਿੰਡ ਪੋਹਾਰੀ, ਮੁਕੇਰੀਆਂ ਵਿਚ ਲੀਗਲ ਏਡ ਕਲੀਨਿਕ ਦੀ ਸਥਾਪਨਾ ਕੀਤੀ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਇਸ ਮੌਕੇ ’ਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਕਿ ਇਸ ਲੀਗਲ ਏਡ ਕਲੀਨਿਕ ਵਿਚ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਥੇ ਪੈਰਾਲੀਗਲ ਵਲੰਟੀਅਰ ਵਿਸ਼ਾਲ ਕੁਮਾਰ ਹਰ ਹਫ਼ਤੇ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀਆਂ ਸੇਵਾਵਾਂ ਦੇਣਗੇ। ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਲਾਹ ਕੋਈ ਵੀ ਵਿਅਕਤੀ ਪ੍ਰਾਪਤ ਕਰ ਸਕਦਾ ਹੈ। ਜੇਕਰ ਕਿਸੇ ਨੂੰ ਅਦਾਲਤ ਵਿਚ ਮਾਮਲਾ ਦਰਜ ਕਰਨਾ ਹੋਵੇ ਤਾਂ ਅਥਾਰਟੀ ਦੁਆਰਾ ਕਾਨੂੰਨੀ ਸੇਵਾਵਾਂ ਅਥਾਰਟੀ, 1987 ਤਹਿਤ ਅੱਠ ਸ਼੍ਰੇਣੀਆਂ ਦੇ ਯੋਗ ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਇਨ੍ਹਾਂ ਸ਼੍ਰੇਣੀਆਂ ਵਿਚ ਔਰਤਾਂ, 18 ਸਾਲ ਤੋਂ ਘੱਟ ਉਮਰ ਦੇ ਬੱਚੇ, ਜੇਲ੍ਹ ਵਿਚ ਬੰਦ ਕੈਦੀ, ਕੁਦਰਤੀ ਆਫ਼ਤਾਂ (ਜਿਵੇਂ ਹੜ੍ਹ, ਭੁਚਾਲ, ਬੇਘਰ ਵਿਅਕਤੀ), ਮਾਨਸਿਕ ਤੌਰ ’ਤੇ ਬਿਮਾਰ, ਉਦਯੋਗਿਕ ਕਾਮੇ, ਐਸਸੀ/ਐਸਟੀ ਅਤੇ ਉਹ ਵਿਅਕਤੀ ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ, ਸ਼ਾਮਿਲ ਹਨ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਯੋਗ ਵਿਅਕਤੀ ਪੈਰਾਲੀਗਲ ਵਲੰਟੀਅਰ ਰਾਹੀਂ ਬਿਨੈਪੱਤਰ ਭਰ ਕੇ ਇਸ ਸਹਾਇਤਾ ਦਾ ਲਾਭ ਲੈ ਸਕਦੇ ਹਨ। ਕਾਨੂੰਨੀ ਸਹਾਇਤਾ ਤਹਿਤ ਅਥਾਰਟੀ ਵਲੋਂ ਵਕੀਲ ਦੀ ਫੀਸ, ਅਦਾਲਤੀ ਫੀਸ, ਗਵਾਹ ਦੇ ਖਰਚ ਅਤੇ ਹੋਰ ਛੋਟੇ-ਮੋਟੇ ਖਰਚ ਵੀ ਕਵਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਨਾਲਸਾ ਦੀਆਂ ਵੱਖ-ਵੱਖ ਯੋਜਨਾਵਾਂ ਦੇ ਬਾਰੇ ਵਿਚ ਜਾਗਰੂਕ ਕੀਤਾ ਗਿਆ। ਇਸ ਮੌਕੇ ’ਤੇ ਪੰਚਾਇਤ ਸਕੱਤਰ ਮਦਨ, ਸਰਪੰਚ ਮੋਨੀਕਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਕਰਮਚਾਰੀ ਗਿਆਨ ਦੇਵ, ਰਾਕੇਸ਼ ਕੁਮਾਰ ਅਤੇ ਪੈਰਾਲੀਗਲ ਵਲੰਟੀਅਰ ਵਿਸ਼ਾਲ ਕੁਮਾਰ ਵੀ ਮੌਜੂਦ ਸਨ।