ਨਵਜੋਤ ਸਾਹਿਤ ਸੰਸਥਾ ਔੜ ਦੇ ਸੁਰਜੀਤ ਮਜਾਰੀ ਪ੍ਰਧਾਨ, ਰਾਜਿੰਦਰ ਜੱਸਲ ਸਕੱਤਰ ਬਣੇ
ਨਵੀਂ ਟੀਮ ਵਲੋਂ ਸੰਸਥਾ ਦੀਆਂ ਸਾਹਿਤਕ ਪਿਰਤਾਂ 'ਤੇ ਪਹਿਰਾਂ ਦੇਣ ਦਾ ਅਹਿਦ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 19 ਜਨਵਰੀ,2025
ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸੁਰਜੀਤ ਮਜਾਰੀ ਨੂੰ ਪ੍ਰਧਾਨ ਅਤੇ ਰਾਜਿੰਦਰ ਜੱਸਲ ਨੂੰ ਸਕੱਤਰ ਚੁਣਿਆ ਗਿਆ। ਇਸ ਮਾਣ ਲਈ ਉਹਨਾਂ ਸੰਸਥਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਸਥਾ ਦੀਆਂ ਸਾਹਿਤਕ ਪਿਰਤਾਂ 'ਤੇ ਤਨਦੇਹੀ ਨਾਲ ਪਹਿਰਾ ਦੇਣਗੇ। ਉਹਨਾਂ ਕਿਹਾ ਕਿ ਇਸ ਸਾਲ ਬਾਕੀ ਸਰਗਰਮੀਆਂ ਦੇ ਨਾਲ ਨਾਲ ਵਿਦਿਅਕ ਅਦਾਰਿਆਂ ਅਤੇ ਪੰਚਾਇਤਾਂ ਦੇ ਸਹਿਯੋਗ ਰਾਹੀਂ ਸਾਹਿਤਕ ਸਾਂਝ ਹੋਰ ਵਧਾਈ ਜਾਵੇਗੀ।
ਇਸ ਚੋਣ ਦੌਰਾਨ ਮੈਡਮ ਅਮਰ ਜਿੰਦ ਮੀਤ ਪ੍ਰਧਾਨ, ਮੈਡਮ ਹਰਬੰਸ ਕੌਰ ਸਹਾਇਕ ਸਕੱਤਰ, ਹਰੀ ਕਿਸ਼ਨ ਪਟਵਾਰੀ ਖ਼ਜ਼ਾਨਚੀ, ਦਵਿੰਦਰ ਸਕੋਹਪੁਰੀ ਸਹਾਇਕ ਖ਼ਜ਼ਾਨਚੀ, ਬਿੰਦਰ ਮੱਲਾਬੇਦੀਆਂ ਪ੍ਰੈਸ ਸਕੱਤਰ ਅਤੇ ਰਾਜ ਸੋਹੀ ਸੋਸ਼ਲ ਮੀਡੀਆ ਇੰਚਾਰਜ ਵਜੋਂ ਸ਼ਾਮਲ ਕੀਤੇ ਗਏ ਹਨ। ਇਹਨਾਂ ਤੋਂ ਇਲਾਵਾ ਡਾ. ਕੇਵਲ ਰਾਮ ਮਹੇ, ਦੇਸ ਰਾਜ ਬਾਲੀ, ਮੈਡਮ ਨੀਰੂ ਜੱਸਲ, ਪਿਆਰਾ ਲਾਲ ਬੰਗੜ, ਦਵਿੰਦਰ ਬੇਗਮਪੁਰੀ ਕਾਰਜਕਾਰੀ ਮੈਂਬਰ ਚੁਣੇ ਗਏ ਜਦੋਂ ਕਿ ਹਰਮਿੰਦਰ ਹੈਰੀ, ਚਮਨ ਮੱਲਪੁਰੀ, ਸੁੱਚਾ ਰਾਮ ਜਾਡਲਾ, ਰਾਮ ਨਾਥ ਕਟਾਰੀਆ, ਪ੍ਰਹਲਾਦ ਅਟਵਾਲ ਨੂੰ ਵੱਖ ਵੱਖ ਸਬ ਕਮੇਟੀਆਂ ਦੇ ਮੁੱਖੀ ਲਾਇਆ ਗਿਆ ਹੈ।
ਇਹ ਚੋਣ ਪ੍ਰੀਕਿਰਿਆ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਦਿਸ਼ਾ ਨਿਰਦੇਸ਼ਨਾ ਹੇਠ ਸੰਸਥਾ ਸਾਬਕਾ ਪ੍ਰਧਾਨ ਸਤਪਾਲ ਸਾਹਲੋਂ, ਰਜਨੀ ਸ਼ਰਮਾ ਤੇ ਗੁਰਨੇਕ 'ਸ਼ੇਰ' ਦੀ ਅਗਵਾਈ ਵਿੱਚ ਮੁਕੰਮਲ ਕੀਤੀ ਗਈ।
ਨਵੀਂ ਟੀਮ ਨੇ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਹਿੱਤ ਉਸਾਰੂ ਸਾਹਿਤ ਦੀ ਸੰਗਤ ਦਾ ਮਾਹੌਲ ਸਿਰਜਣ 'ਚ ਸਾਰਿਆਂ ਦੀ ਹਿੱਸੇਦਾਰੀ ਲਈ ਅਪੀਲ ਵੀ ਕੀਤੀ। ਦੱਸਣਯੋਗ ਹੈ ਕਿ ਇਹ ਸੰਸਥਾ ਵਾਰਤਕ ਤੇ ਕਾਵਿ ਦੀਆਂ ਚਾਲੀ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕੀ ਹੈ।