ਨਾ ਬਾਂਊਡਰੀ ਨਾ, ਸੁਰੱਖਿਆ ਤੇ ਨਾ ਇਨਕੁਆਇਰੀ ਆਫਿਸ , ਬੱਸਾਂ ਵੀ ਰੌਂਗ ਸਾਈਡ ਤੋਂ ਵੜਦੀਆਂ ਬੱਸ ਸਟੈਂਡ ਵਿੱਚ
- ਗੁਰਦਾਸਪੁਰ ਦੇ ਇੰਟਰਸਟੇਟ ਟਰਮੀਨਲ ਬੱਸ ਸਟੈਂਡ ਵਿੱਚ ਕੰਡਕਟਰਾਂ ਡਰਾਈਵਰਾਂ ਨੇ ਦੱਸੀਆਂ ਸਮੱਸਿਆਵਾਂ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 18 ਜਨਵਰੀ 2025 - ਗੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਨੂੰ ਬਣੇ ਹੋਏ ਦੋ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ ਪਰ ਡਰਾਈਵਰਾਂ ਕੰਡਕਟਰਾਂ ਅਤੇ ਯਾਤਰੀਆਂ ਨੂੰ ਇਥੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਨਾ ਹੀ ਇੱਥੇ ਸੁਰੱਖਿਆ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਯਾਤਰੀਆਂ ਲਈ ਕੋਈ ਇਨਕੁਇਰੀ ਕਾਊਂਟਰ ਹੈ। ਬਸ ਸਟੈਂਡ ਦੇ ਅੰਦਰ ਕਾਰਾਂ ਅਤੇ ਸਕੂਟਰ ਮੋਟਰਸਾਈਕਲ ਆਮ ਦੇਖੇ ਜਾ ਸਕਦੇ ਹਨ ਜਦਕਿ ਇਹਨ੍ਹਾਂ ਦੀ ਐਂਟਰੀ ਪਾਰਕਿੰਗ ਸਾਈਡ ਵੱਲੋਂ ਹੋਣੀ ਚਾਹੀਦੀ ਹੈ। ਜਿਸ ਕਾਰਨ ਬਸ ਚਾਲਕਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਵੱਡੇ ਸਮੱਸਿਆ ਇੱਥੋਂ ਦੀ ਇਹ ਹੈ ਕਿ ਮੁਕੇਰੀਆਂ ਉੱਤੇ ਪਠਾਨਕੋਟ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਨੂੰ ਰੋਂਗ ਸਾਈਡ ਤੋਂ ਐਂਟਰੀ ਦਿੱਤੀ ਗਈ ਹੈ। ਦੂਜੇ ਪਾਸੋਂ ਵਨ ਵੇ ਹੋਣ ਕਾਰਨ ਅਕਸਰ ਟਰੈਫਿਕ ਵੀ ਜਾਮ ਰਹਿੰਦੀ ਹੈ ਅਤੇ ਬੱਸਾਂ ਦੇ ਰੋਂਗ ਸਾਈਡ ਤੋਂ ਆਣ ਕਾਰਨ ਦੁਰਘਟਨਾਵਾਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
ਪ੍ਰਾਈਵੇਟ ਬੱਸ ਦੇ ਕੰਡਕਟਰ ਰਜੇਸ਼ ਕੁਮਾਰ, ਸਰਬ ਦਾ ਭਲਾ ਪ੍ਰਾਈਵੇਟ ਬੱਸ ਯੂਨੀਅਨ ਦੇ ਪ੍ਰਧਾਨ ਪਰਦੀਪ ਅਤੇ ਪੀਆਰਟੀਸੀ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬੱਸ ਸਟੈਂਡ ਤੇ ਕੋਈ ਇਨਕੁਇਰੀ ਕਾਊਂਟਰ ਨਾ ਹੋਣ ਅਤੇ ਇਨਕੁਇਰੀ ਨੰਬਰ ਨਾ ਲਿਖਿਆ ਹੋਣ ਕਰਨ ਜਿੱਥੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਬੱਸ ਸਟੈਂਡ ਦੀ ਕੋਈ ਚਾਰ ਦੀਵਾਰੀ ਨਹੀਂ ਹੈ।ਬੱਸ ਸਟੈਂਡ ਦੇ ਅੰਦਰ ਬਿਨਾਂ ਰੋਕ ਟੋਕ ਤੇ ਸਕੂਟਰ ਮੋਟਰਸਾਈਕਲ ਕਾਰਾਂ ਦੀ ਐਂਟਰੀ ਕਾਰਨ ਬੱਸ ਚਾਲਕਾਂ ਨੂੰ ਵੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ।ਗੱਡੀਆਂ ਪਰੇ ਕਰਨ ਵੱਲੋਂ ਕਹਿਣ ਤੇ ਗੱਡੀਆਂ ਦੇ ਚਾਲਕ ਕੰਡਕਟਰ ਡਰਾਈਵਰਾਂ ਨਾਲ ਝਗੜਾ ਕਰਦੇ ਹਨ।
ਸੁਰੱਖਿਆ ਦੀ ਵੀ ਇੱਥੇ ਕੋਈ ਵਿਵਸਥਾ ਨਹੀਂ ਹੈ ਤੇ ਨਾ ਹੀ ਠੇਕੇਦਾਰ ਇਥੇ ਨਜ਼ਰ ਆਉਂਦਾ ਹੈ।ਇਸ ਤੋਂ ਇਲਾਵਾ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪਠਾਨਕੋਟ ,ਮੁਕੇਰੀਆਂ ਅਤੇ ਜਲੰਧਰ ਵੱਲੋਂ ਆਉਣ ਵਾਲੀਆਂ ਬੱਸਾਂ ਨੂੰ ਰੋਂਗ ਸਾਈਡ ਤੋਂ ਐਂਟਰੀ ਕਰਵਾਈ ਜਾਂਦੀ ਹੈ। ਦੂਜੇ ਪਾਸੋਂ ਵਨ ਵੇ ਹੋਣ ਕਾਰਨ ਗੰਨੇ ਦੀਆਂ ਭਰੀਆਂ ਟਰਾਲੀਆਂ, ਟਰੱਕ ,ਅਤੇ ਆਰਮੀ ਦੀਆਂ ਗੱਡੀਆਂ ਦੇ ਆਉਣ ਤੇ ਟਰੈਫਿਕ ਜਾਮ ਵੀ ਹੋ ਜਾਂਦੀ ਹੈ ਤੇ ਦੁਰਘਟਨਾਵਾਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਜਦਕਿ ਉਹ ਆਪਣੀਆਂ ਇਹਨਾਂ ਸਮੱਸਿਆਵਾਂ ਬਾਰੇ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਉਹਨਾਂ ਚੇਤਾਵਨੀ ਦਿੱਤੀ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਜੇਕਰ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਧਿਆਨ ਨਾਲ ਦਿੱਤਾ ਗਿਆ ਤਾਂ ਉਹ ਕੋਈ ਅੱਡਾ ਫੀਸ ਨਹੀਂ ਦੇਣਗੇ।