ਗੁਰਦਿਆਲ ਸਿੰਘ ਦੇ ਸਾਹਿਤ ਨੂੰ ਪੜ ਕੇ ਆਪਣੇ ਅਮਲੀਂ ਜੀਵਨ ਨੂੰ ਲਾਗੂ ਕਰਨ ਦੀ ਲੋੜ : ਰਵਿੰਦਰ ਸੇਵੇਵਾਲਾ / ਮੈਡਮ ਹਰਮਨ ਕੌਰ
ਮਨਜੀਤ ਸਿੰਘ ਢੱਲਾ
ਜੈਤੋ,10 ਜਨਵਰੀ 2025 - ਅੱਜ ਨਾਮਦੇਵ ਭਵਨ ਜੈਤੋ (ਬਠਿੰਡਾ ਰੋਡ) ਵਿਖੇ ਪਦਮ ਸ਼੍ਰੀ ਪ੍ਰੋ ਗੁਰਦਿਆਲ ਸਿੰਘ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਨ ਲਈ ਇਲਾਕੇ ਦੇ ਸਾਹਿਤ ਪ੍ਰੇਮੀਆਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਇਕੱਤਰਤਾ ਕੀਤੀ ਗਈ।
ਇਕੱਤਰਤਾ ਦੇ ਮੁੱਖ ਬੁਲਾਰੇ ਡਾ ਰਵਿੰਦਰ ਰਵੀ ਨੇ ਕਿਹਾ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਬਚਪਨ ਤੋਂ ਲੈ ਕੇ ਸਾਹਿਤ ਸਿਰਜਣ ਦੇ ਸਫ਼ਰ ਤੱਕ ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾ ਬਾਰੇ ਚਰਚਾ ਕੀਤੀ।। ਗੁਰਦਿਆਲ ਸਿੰਘ ਦੇ ਸਾਹਿਤ ਨੂੰ ਪੜ ਕੇ ਆਪਣੇ ਅਮਲੀਂ ਜੀਵਨ ਲਾਗੂ ਕਰਨ ਦੀ ਲੋੜ ਹੈ। ਉਹਨਾਂ ਵਿਸ਼ੇਸ਼ ਤੌਰ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਿਹਨਾਂ ਲੋਕਾਂ ਖ਼ਾਤਰ ਉਸਨੇ ਲਿਖਿਆ ਉਹ ਘੱਟ ਪੜ ਰਹੇ ਹਨ ਪਰ ਜਿਹੜੇ ਸਾਡੇ ਤੇ ਰਾਜ ਕਰ ਰਹੇ ਹਨ ਉਸ ਦੇ ਸਾਹਿਤ ਦੀ ਵਰਤੋਂ ਉਹ ਜ਼ਿਆਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਗੁਰਦਿਆਲ ਸਿੰਘ ਆਪਣੀ ਜ਼ਿੰਦਗੀ ਦੇ ਮੁੱਢਲੇ ਦੌਰ ਵਿੱਚ ਕਿਰਤ ਨਾਲ਼ ਜੁੜੇ ਤੇ ਕਿਰਤ ਕਰਦੇ ਕਰਦੇ ਸਾਹਿਤ ਸਿਰਜਣ ਵੱਲ ਮੁੜੇ। ਗੁਰਦਿਆਲ ਸਿੰਘ ਦੇ ਨਾਵਲ ਜਗੀਰਦਾਰੀ ਪ੍ਰਬੰਧ ਤੋਂ ਲੈ ਕੇ ਪੂੰਜੀਵਾਦੀ ਪ੍ਰਬੰਧ ਤੱਕ ਸਫ਼ਰ ਕਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਸਾਹਿਤਕ ਸਿਰਜਣਾ ਸਮਾਜ ਦੇ ਦੱਬੇ ਕੁੱਚਲੇ ਲੋਕਾਂ ਦੀ ਬਾਤ ਪਾਉਂਦੀ ਹੈ।
ਅੱਜ ਦੀ ਇਕੱਤਰਤਾ ਦੇ ਬਾਰੇ ਰਵਿੰਦਰ ਸੇਵੇਵਾਲਾ ਨੇ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਇਕੱਤਰਤਾ " ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ" ਦੀ ਪਾਈ ਹੋਈ ਪਿਰਤ ਨੂੰ ਅੱਗੇ ਤੋਰਨ ਦਾ ਯਤਨ ਹੈ। ਸਲਾਮ ਕਾਫ਼ਲਾ ਵੱਲੋਂ ਸਮੇਂ ਸਮੇਂ 'ਤੇ ਲੋਕਪੱਖੀ ਸਾਹਿਤਕਾਰਾਂ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਨ ਲਈ ਇਹ ਪ੍ਰੋਗਰਾਮ ਜਥੇਬੰਦ ਕੀਤੇ ਜਾਂਦੇ ਹਨ। ਇਸ ਦੀ ਕੜੀ ਵਜੋਂ ਹੀ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਜਨਮ ਦਿਨ ਨੂੰ "ਗੁਰਦਿਆਲ ਸਿੰਘ ਦਿਵਸ" ਵਜੋਂ ਮਨਾਉਣ ਦੀ ਪਿਰਤ ਪਾਈ ਗਈ ਹੈ।
ਉਹਨਾਂ ਕਿਹਾ ਕਿ ਜਮਾਤਾਂ ਦੀ ਵੰਡ ਵਾਲੇ ਸਮਾਜ ਦੇ ਅੰਦਰ ਕਲਾ ਦੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ। ਇੱਕ ਕਲਾ ਲੋਕ ਪੱਖੀ ਕਲਾ ਹੈ। ਇੱਕ ਕਲਾ ਲੋਕ ਵਿਰੋਧੀ ਕਲਾ ਹੈ। ਗੁਰਦਿਆਲ ਸਿੰਘ ਦੀ ਕਲਾ ਲੋਕ ਪੱਖੀ ਕਲਾ ਹੈ। ਜਿਹਨਾਂ ਨੇ ਸਾਹਿਤ ਦੀ ਲੋਕ ਪੱਖੀ ਵਿਰਾਸਤ ਨੂੰ ਅੱਗੇ ਤੋਰਿਆ। ਉਹਨਾਂ ਕਿਹਾ ਕਿ ਅੱਜ ਦੀ ਇਹ ਇਕੱਤਰਤਾ "ਕਲਾ ਕਲਾ ਲਈ" ਹੈ ਨਾਲੋਂ ਨਿਖੇੜੇ ਨੂੰ ਬੁਲੰਦ ਕਰਨ ਅਤੇ ਸਾਹਿਤ ਦੇ ਬਾਜ਼ਾਰੀਕਰਨ ਖ਼ਿਲਾਫ਼ ਡਟਣ ਦਾ ਸੱਦਾ ਵੀ ਦਿੰਦੀ ਹੈ। ਮੋਹਣਾ ਸਿੰਘ ਵਾੜਾ ਭਾਈਕਾ ਗੁਰਦਿਆਲ ਸਿੰਘ ਦੀ ਸਾਹਿਤਕ ਦੇਣ ਨੂੰ ਆਪਣੇ ਸੰਘਰਸ਼ਾਂ ਨਾਲ਼ ਜੋੜ ਕੇ ਪੇਸ਼ ਕੀਤਾ ਅਤੇ ਉਹਨਾਂ ਦੇ ਨਾਵਲਾਂ ਦੀ ਸਾਰਥਿਕਤਾ ਬਾਰੇ ਵਿਚਾਰ ਪੇਸ਼ ਕੀਤੇ। ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ਼ ਭਗਤਾ ਭਾਈਕਾ ਵੱਲੋਂ ਮੈਡਮ ਹਰਮਨ ਕੌਰ ਵੱਲੋਂ ਗੁਰਦਿਆਲ ਸਿੰਘ ਦੀ ਦੇਣ ਬਾਰੇ ਚਰਚਾ ਕਰਕੇ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਬੇਟੇ ਰਵਿੰਦਰ ਰਾਹੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ।
ਸਟੇਜ ਸਕੱਤਰ ਦੀ ਭੂਮਿਕਾ ਕਰਮਜੀਤ ਸੇਵੇਵਾਲਾ ਵੱਲੋਂ ਨਿਭਾਈ ਗਈ। ਗਗਨਦੀਪ ਦਬੜੀਖਾਨਾ, ਅਰਸ਼ਦੀਪ ਦਬੜੀਖਾਨਾ, ਜਸਬੀਰ ਮੱਤਾ , ਸੁਰਿੰਦਰਪਾਲ ਸ਼ਰਮਾ ਅਤੇ ਸੁਮਨ ਵੱਲੋਂ ਗੀਤ ਪੇਸ਼ ਕੀਤੇ ਗਏ। ਅਖ਼ੀਰ ਵਿਚ ਨੱਥਾ ਸਿੰਘ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।ਅੱਜ ਦੀ ਇਕੱਤਰਤਾ ਵਿੱਚ ਹਰਿੰਦਰ ਬਿੰਦੂ, ਜਤਿਨ ਪੁਰੀ, ਏਕਮਜੋਤ, ਰਣਜੀਤ ਬਿਸ਼ਨੰਦੀ, ਬੂਟਾ ਸਿੰਘ, ਹਰਮੇਲ ਪ੍ਰੀਤ,ਜਗਦੇਵ ਢਿੱਲੋਂ, ਜੱਸੀ ਜੈਤੋ, ਸੂਬਾ ਸਿੰਘ,ਜਗਜੀਤ ਜੈਤੋ, ਭੁਪਿੰਦਰ ਸਿੰਘ, ਪ੍ਰੇਮ ਸ਼ਰਮਾ ਆਦਿ ਸਾਥੀ ਸ਼ਾਮਿਲ ਸਨ।