ਏ.ਡੀ.ਸੀ. ਵੱਲੋਂ ਪ੍ਰਭਵੀਜ਼ਾ ਡਾਟ ਕਾਮ ਫਰਮ ਨੂੰ ਕੰਮ ਤੁਰੰਤ ਬੰਦ ਕਰਨ ਦੇ ਆਦੇਸ਼
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜਨਵਰੀ, 2025:
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਪ੍ਰਭਵੀਜ਼ਾ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਅਤੇ ਕੰਸਲਟੈਂਸੀ ਫਰਮ ਨੂੰ ਕੰਮ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪ੍ਰਭਵੀਜ਼ਾ ਡਾਟ ਕਾਮ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਅਤੇ ਕੰਸਲਟੈਂਸੀ ਫਰਮ ਐਸ.ਸੀ.ਓ. ਨੰ: 122, ਪਹਿਲੀ ਮੰਜ਼ਿਲ, ਬੀ ਬਲਾਕ, ਰਣਜੀਤ ਐਵੀਨਿਊ ਜ਼ਿਲ੍ਹਾ, ਅੰਮ੍ਰਿਤਸਰ, ਵੱਲੋਂ ਇਸ ਜ਼ਿਲ੍ਹੇ ਵਿੱਚ ਦਫਤਰੀ ਸ਼ਾਖਾ ਐਸ.ਸੀ.ਐਫ. ਨੰ: 29, ਦੂਜੀ ਅਤੇ ਤੀਜੀ ਮੰਜ਼ਿਲ, ਫੇਜ-7, ਮੋਹਾਲੀ ਵਿਖੇ ਖੋਲਣ ਲਈ ਅਪਲਾਈ ਕੀਤਾ ਗਿਆ ਸੀ।
ਇਸ ਦੀ ਪੜਤਾਲ ਦੇ ਜੁਆਬ ਵਿੱਚ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੇ ਪੱਤਰ ਮਿਤੀ 20-11-2024 ਰਾਹੀਂ ਲਿਖਿਆ ਹੈ ਕਿ ਇਸ ਸਬੰਧੀ ਸਹਾਇਕ ਕਪਤਾਨ ਪੁਲਿਸ ਸ਼ਹਿਰੀ-1, ਐਸ.ਏ.ਐਸ.ਨਗਰ ਪਾਸੋਂ ਰਿਪੋਰਟ ਹਾਸਲ ਕੀਤੀ ਗਈ ਹੈ, ਜਿਸ ਅਨੁਸਾਰ ਪ੍ਰਭਸ਼ਰਨ ਸਿੰਘ ਨੇ ਆਪਣੀ ਫਰਮ ਪ੍ਰਭਵੀਜਾ ਡਾਟ ਕਾਮ ਦੀ ਇੱਕ ਸ਼ਾਖਾ ਫੇਜ਼-7, ਮੋਹਾਲੀ ਵਿਖੇ ਖੋਲਣ ਲਈ ਅਪਲਾਈ ਕੀਤਾ ਹੈ। ਇਸ ਸਬੰਧੀ ਇੱਕ ਦਰਖਾਸਤ ਪੱਤਰ ਮਿਤੀ 16.09.2024 ਵੱਲੋਂ ਸੂਬਮ ਖਟਕੜ ਪੁੱਤਰ ਲਛਮੀ ਚੰਦ ਵਾਸੀ ਪਿੰਡ ਬਤਰਾ, ਜ਼ਿਲ੍ਹਾ ਅੰਬਾਲਾ ਬਰਖਿਲਾਫ ਫਰਮ ਪ੍ਰਭਵੀਜਾ ਡਾਟ ਕਾਮ ਐਸ.ਸੀ.ਓ ਨੰਬਰ 29, ਦੂਜੀ ਅਤੇ ਤੀਜੀ ਮੰਜਿਲ, ਫੇਜ਼-7, ਮੋਹਾਲੀ ਖਿਲਾਫ ਵਿਦੇਸ਼ ਭੇਜਣ ਦੇ ਨਾਮ ਪਰ 02 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਪ੍ਰਾਪਤ ਹੋਈ ਹੈ, ਜਿਸ ਦੀ ਪੜਤਾਲ ਬਾਅਦ ਫਰਮ ਪ੍ਰਭਵੀਜਾ ਡਾਟ ਕਾਮ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਇਸ ਲਈ ਫਰਮ ਪ੍ਰਭਵੀਜਾ ਡਾਟ ਕਾਮ ਦੀ ਸ਼ਾਖਾ, ਫੇਜ਼-7, ਮੋਹਾਲੀ ਵਿਖੇ ਖੋਲਣ ਸਬੰਧੀ ਇਸ ਦਫਤਰ ਵੱਲੋ ਸ਼ਿਫਾਰਿਸ਼ ਨਹੀਂ ਕੀਤੀ ਜਾਂਦੀ।
ਉਕਤ ਤੱਥਾਂ ਦੇ ਸਨਮੁੱਖ ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪ੍ਰਾਪਤ ਹੋਈ ਰਿਪੋਰਟ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਨਿਯਮ 2013 ਅਧੀਨ ਪ੍ਰਭਸ਼ਰਨ ਸਿੰਘ ਪੁੱਤਰ ਰਣਜੀਤ ਸਿੰਘ ਫਰਮ ਪ੍ਰਭਵੀਜਾ ਡਾਟ ਕਾਮ ਜੋ ਕਿ ਇਸ ਜ਼ਿਲ੍ਹੇ ਵਿੱਚ ਦਫਤਰੀ ਸ਼ਾਖਾ ਐਸ.ਸੀ.ਐਫ. ਨੰ: 29, ਦੂਜੀ ਅਤੇ ਤੀਜੀ ਮੰਜਿਲ, ਫੇਜ-7, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਖੋਲਣ ਦੀ ਪ੍ਰਵਾਨਗੀ ਦਾ ਕੇਸ, ਦਾਖਲ ਦਫਤਰ ਕਰ ਦਿੱਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਉਕਤ ਐਕਟ ਅਨੁਸਾਰ ਉਸ ਵੱਲੋਂ ਜੇਕਰ ਕੰਮ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।