DC ਨੇ ਈ ਗਵਰਨੈਂਸ ਰਿਫਾਰਮ ਬ੍ਰਾਂਚ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ
ਈਸੇਵਾ ਪੋਰਟਲ ਨੂੰ 1,18,226 ਅਰਜ਼ੀਆਂ ਪ੍ਰਾਪਤ ਹੋਈਆਂ ਤੇ 1,15,865 ਅਰਜ਼ੀਆਂ ਦਾ ਨਿਪਟਾਰਾ ਕੀਤਾ
ਰੂਪਨਗਰ, 2 ਜਨਵਰੀ 2024: ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਈ ਗਵਰਨੈਂਸ ਰਿਫਾਰਮ ਬ੍ਰਾਂਚ ਦੀ ਨਵੇਂ ਦਫਤਰ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਵਰਨੈਂਸ ਰਿਫਾਰਮ ਬ੍ਰਾਂਚ ਦਾ ਮੁੱਖ ਕਾਰਜ ਸੂਚਨਾ ਤੇ ਤਕਨਾਲੋਜੀ ਦੇ ਸਾਧਨਾਂ ਦੀ ਵਰਤੋਂ ਕਰਕੇ ਅੰਦਰੂਨੀ ਸ਼ਾਸਨ ਦਾ ਸੁਧਾਰ ਕਰਨਾ ਹੈ। ਇਹ ਸ਼ਾਖਾ ਈ.ਸੇਵਾ ਐਮ.ਸੇਵਾ, ਈ.ਆਫਿਸ, ਪੀਜੀਆਰਐਸ, ਕਨੈਕਟ ਪੰਜਾਬ, ਡੀ.ਐਸ.ਡੀ, ਕਾਲ ਸੈਂਟਰ 1100, ਪਵਨ ਨੈੱਟਵਰਕ ਅਤੇ ਵ੍ਹਟਸਐਪ ਚੈਟਬੋਟ ਸਮੇਤ ਕਈ ਪ੍ਰੋਜੈਕਟਾਂ ਨੂੰ ਸੰਭਾਲਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ.ਸੇਵਾ ਪੋਰਟਲ ਰਾਹੀਂ ਸੇਵਾ ਕੇਂਦਰਾਂ, ਕਨੈਕਟ, ਡੀ.ਐਸ.ਡੀ, ਅਤੇ ਐਮ.ਸੇਵਾ ਵਿੱਚ ਕਈ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਗਵਰਨੈਂਸ ਰਿਫਾਰਮ ਬ੍ਰਾਂਚ ਨਿਯਮਿਤ ਤੌਰ 'ਤੇ ਈਸੇਵਾ ਅਧੀਨ ਬਕਾਇਆ ਰਹਿੰਦੀਆਂ ਸੇਵਾਵਾਂ ਦੀ ਨਿਗਰਾਨੀ ਕਰਦੀ ਹੈ, ਜਦਕਿ ਜ਼ਿਲ੍ਹਾ ਰੂਪਨਗਰ ਲਗਾਤਾਰ ਈ-ਸੇਵਾ ਤਹਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੂਬੇ ਦੇ ਪਹਿਲੇ ਜ਼ਿਲਿਆਂ ਵਿਚ ਆਉਂਦਾ ਹੈ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਹੁਣ ਤੱਕ ਈਸੇਵਾ ਪੋਰਟਲ ਨੂੰ 1,18,226 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 1,15,865 ਅਰਜ਼ੀਆਂ ਦਾ ਪਿਛਲੇ ਇੱਕ ਸਾਲ ਵਿੱਚ ਨਿਪਟਾਰਾ ਕੀਤਾ ਗਿਆ ਹੈ। ਈ ਗਵਰਨੈਂਸ ਅਧੀਨ ਆਉਂਦੀਆਂ ਸੇਵਾਵਾਂ ਅਤੇ ਪ੍ਰੋਜੈਕਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਡੀਜੀਆਰ ਅਤੇ ਪੀਐਸਈਜੀਐਸ ਨੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ (ਡੀ.ਟੀ.ਸੀ.), ਜ਼ਿਲ੍ਹਾ ਆਈ.ਟੀ. ਮੈਨੇਜਰ ਅਤੇ ਸਹਾਇਕ ਜ਼ਿਲ੍ਹਾ ਆਈ.ਟੀ. ਮੈਨੇਜਰ ਨੂੰ ਤਾਇਨਾਤ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 23 ਸੇਵਾ ਕੇਂਦਰ ਸੁਚੱਜੇ ਢੰਗ ਨਾਲ ਸੇਵਾਵਾਂ ਨਿਭਾਅ ਰਹੇ ਹਨ ਅਤੇ ਇਨ੍ਹਾਂ ਸੇਵਾ ਕੇਂਦਰਾਂ ਦੀ ਨਿਰੰਤਰ ਜਾਂਚ ਵੀ ਕੀਤੀ ਜਾਂਦੀ ਹੈ ਤਾਂ ਜੋ ਆਮ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਬਿਹਤਰ ਸੇਵਾਵਾਂ ਮੁਹੱਈਆ ਹੋ ਸਕਣ।
ਇਸ ਮੌਕੇ ਜ਼ਿਲ੍ਹਾ ਆਈ.ਟੀ. ਮੈਨੇਜਰ ਸ਼੍ਰੀਮਤੀ ਮੋਨੀਕਾ ਨੇ ਦੱਸਿਆ ਕਿ ਪਿਛਲੇ ਸਾਲ, ਰੂਪਨਗਰ ਜ਼ਿਲ੍ਹੇ ਨੇ ਸੇਵਾ ਕੇਂਦਰ ਅਤੇ ਡੀਐਸਡੀ ਪ੍ਰੋਜੈਕਟ ਰਾਹੀਂ ਨਾਗਰਿਕਾਂ ਨੂੰ ਸੇਵਾ ਪ੍ਰਦਾਨ ਕਰਨ ਲਈ ਪੰਜਾਬ ਵਿੱਚ ਸਿਖਰ 2 ਸਥਾਨ ਪ੍ਰਾਪਤ ਕਰਕੇ ਇੱਕ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਪ੍ਰਾਪਤ ਹੋਈਆਂ ਲਗਭਗ 110,000 ਅਰਜ਼ੀਆਂ ਵਿੱਚੋਂ, ਸਿਰਫ਼ 1,800 ਨੂੰ ਅਧੂਰੇ ਦਸਤਾਵੇਜ਼ਾਂ ਕਾਰਨ ਰੱਦ ਕਰ ਦਿੱਤਾ ਗਿਆ ਸੀ, ਨਤੀਜੇ ਵਜੋਂ ਸਿਰਫ਼ 0.1% ਦਾ ਪ੍ਰਭਾਵਸ਼ਾਲੀ ਅਨੁਪਾਤ ਸੀ।
ਉਨ੍ਹਾਂ ਦੱਸਿਆ ਕਿ ਹਰੇਕ ਸਬ-ਡਵੀਜ਼ਨ ਨੇ ਸੇਵਾ ਕੇਂਦਰ ਸੇਵਾਵਾਂ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ ਅਤੇ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਵਿਅਕਤੀ, ਭਾਵੇਂ ਉਹ ਪੇਂਡੂ ਜਾਂ ਸ਼ਹਿਰੀ ਖੇਤਰਾਂ ਵਿੱਚ ਹੋਵੇ, ਇਹਨਾਂ ਜ਼ਰੂਰੀ ਸੇਵਾਵਾਂ ਪ੍ਰਾਪਤ ਕਰਨ ਸਮੇਂ ਉਸ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।