ਡਾ. ਭੀਮ ਰਾਓ ਅੰਬੇਡਕਰ ਦੇ ਅਪਮਾਨ ਵਿਰੁੱਧ ਅਮਿਤ ਸ਼ਾਹ ਦਾ ਪੁਤਲਾ ਫੂਕਿਆ
*25 ਫਰਵਰੀ ਨੂੰ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਚੰਡੀਗੜ੍ਹ ਵਿਖੇ ਹੋਵੇਗੀ ਰੈਲੀ - ਦੌੜਕਾ*
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 2 ਜਨਵਰੀ,2025
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਕੀਤੇ ਅਪਮਾਨ ਵਿਰੁੱਧ, ਸੰਵਿਧਾਨ ਨੂੰ ਖਤਮ ਕਰਨ ਲਈ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੁੱਧ ਅਤੇ ਇਕ ਦੇਸ਼ ਇਕ ਚੋਣ ਦੇ ਪ੍ਰਸਤਾਵ ਦੇ ਵਿਰੁੱਧ ਕਸਬਾ ਰਾਹੋਂ ਵਿਖੇ ਰੋਸ ਮੁਜਾਹਰਾ ਕਰਨ ਉਪਰੰਤ ਬੱਸ ਸਟੈਂਡ ਵਿਖੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਸਾਥੀ ਸੁਰਿੰਦਰ ਭੱਟੀ ਨੇ ਆਰਐਸਐਸ ਅਤੇ ਬੀਜੇਪੀ ਦੀਆਂ ਫੁੱਟ ਪਾਓ ਨੀਤੀਆਂ ਤੋਂ ਸੁਚੇਤ ਰਹਿੰਦਿਆਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਵੱਲੋਂ ਦਿੱਤੇ ਗਏ ਸੰਵਿਧਾਨ ਨੂੰ ਬਚਾਉਣ ਅਤੇ ਜਮਹੂਰੀਅਤ ਦੀ ਰਾਖੀ ਲਈ ਲੋਕ ਸੰਘਰਸ਼ਾਂ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ।
ਮਾਸਟਰ ਕਰਨੈਲ ਸਿੰਘ ਰਾਹੋਂ ਅਤੇ ਰੇਸ਼ਮ ਲਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪਿਛਲੇ 10 ਸਾਲ ਤੋਂ ਕੀਤੇ ਗਏ ਵਾਦਿਆਂ ਨੂੰ ਪੂਰਾ ਕਰਨ ਦੀ ਬਜਾਏ ਲੋਕਾਂ ਨੂੰ ਧਰਮਾਂ, ਜਾਤਾਂ ਅਤੇ ਫਿਰਕਿਆਂ ਵਿਚ ਵੰਡ ਕੇ ਆਪਣੀ ਰਾਜ ਸਤਾ ਕਾਇਮ ਰੱਖਣ ਲਈ ਹੀ ਸੰਵਿਧਾਨ ਨੂੰ ਤਿਲਾਂਜਲੀ ਦੇ ਕੇ ਮਨੂ ਸਮ੍ਰਿਤੀ ਲਾਗੂ ਕਰਨ ਲਈ ਹੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਅਪਮਾਨ ਕਰ ਰਹੀ ਹੈ। ਇਸ ਸਮੇਂ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਲੁੱਟ-ਖਸੁੱਟ ਅਤੇ ਫਾਸ਼ੀਵਾਦੀ ਖਾਸੇ ਵਾਲਾ ਧਰਮ ਅਧਾਰਤ ਕੱਟੜ ਹਿੰਦੂਤਵੀ-ਮਨੂੰਵਾਦੀ ਰਾਜ ਪ੍ਰਬੰਧ ਸਥਾਪਿਤ ਕਰਨ ਦੇ ਆਰ.ਐਸ.ਐਸ. ਤੇ ਭਾਜਪਾ ਵਲੋਂ ਕੀਤੇ ਜਾ ਰਹੇ ਕੋਝੇ ਯਤਨਾਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਅਤੇ ਕੇਂਦਰੀ ਸਰਕਾਰ ਵਲੋਂ ਪੰਜਾਬ ਨਾਲ ਦਹਾਕਿਆਂ ਬੱਧੀ ਕੀਤੀ ਜਾ ਰਹੀ ਬੇਇਨਸਾਫੀ ਦੇ ਖ਼ਾਤਮੇ ਅਤੇ ਚੰਡੀਗੜ੍ਹ, ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਆਦਿ ਦੇ ਅਣਸੁਲਝੇ ਮਸਲਿਆਂ ਦੇ ਸਥਾਈ ਹੱਲ ਤੋਂ ਇਲਾਵਾ ਬੇਰੁਜ਼ਗਾਰੀ, ਮਹਿੰਗਾਈ, ਕੁਪੋਸ਼ਣ, ਨਸ਼ਾ ਕਾਰੋਬਾਰ, ਭ੍ਰਿਸ਼ਟਾਚਾਰ, ਮਾਫੀਆ ਤੰਤਰ ਤੋਂ ਮੁਕਤੀ, ਮਿਆਰੀ ਤੇ ਇੱਕਸਾਰ ਸਿੱਖਿਆ ਤੇ ਸਿਹਤ ਸਹੂਲਤਾਂ, ਸਮੁਚੇ ਕਿਰਤੀ ਵਰਗ ਲਈ ਪੈਨਸ਼ਨ, ਸਰਵਜਨਕ ਜਨਤਕ ਵੰਡ ਪ੍ਰਣਾਲੀ, ਢੁਕਵੀਂ ਸੁਰੱਖਿਆ ਆਦਿ ਦੀ ਬਹਾਲੀ ਦੇ ਵਾਅਦਿਆਂ ਤੋਂ ਭਗੌੜੀ ਹੋ ਚੁੱਕੀ ਭਗਵੰਤ ਮਾਨ ਸਰਕਾਰ ਵਿਰੁੱਧ ਵੀ ਘੋਲਾਂ ਦੇ ਪਿੜ ਮਘਾਉਣ ਦਾ ਹੋਕਾ ਦੇਣ ਲਈ 25 ਫਰਵਰੀ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਰੋਸ ਪ੍ਰਦਰਸ਼ਨ ਵਿੱਚ ਮਾਸਟਰ ਮਹਿੰਦਰ ਪਾਲ, ਕ੍ਰਿਸ਼ਨ ਸਿੰਘ ਬਾਲੀ, ਰਾਮ ਸਾਹਿਲ, ਸੁਖਦੇਵ ਸਿੰਘ, ਜਸਵੀਰ ਭੱਟੀ, ਗੁਰਦਿਆਲ ਸਿੰਘ, ਸੋਹਣ ਸਿੰਘ ਭੱਟੀ, ਨਿਰਮਲ ਦਾਸ, ਗਰੀਬ ਦਾਸ, ਪ੍ਰਦੀਪ ਬੰਗੜ, ਰਾਮ ਲਾਲ, ਸੰਤੋਖ ਲਾਲ, ਸਸ਼ੀ, ਕਾਲਾ, ਅਵਤਾਰ ਰਾਮ, ਨਰੇਸ਼ ਕੁਮਾਰ, ਗੁਰਮੀਤ, ਸੋਢੀ ਰਾਮ, ਕੁਲਦੀਪ ਸਿੰਘ, ਕਮਲਜੀਤ, ਸੰਜੀਵ, ਚਰਨਜੀਤ, ਬੁੱਧ ਰਾਮ, ਸੰਦੀਪ ਆਦਿ ਸ਼ਾਮਿਲ ਸਨ।