← ਪਿਛੇ ਪਰਤੋ
ਲੋਕਾਂ ਤੇ ਜੋਕਾਂ ’ਚ ਉਲਝਿਆ ਗੁਰਬਤ ਦੇ ਭੰਨਿਆਂ ਦਾ ਨਵਾਂ ਸਾਲ ਅਸ਼ੋਕ ਵਰਮਾ ਬਠਿੰਡਾ, 2 ਜਨਵਰੀ2025: ਉਨ੍ਹਾਂ ਲਈ ਤਾਂ ਹਰ ਵਰ੍ਹਾ ਦੁੱਖ ਵੰਡਦਾ ਆ ਰਿਹਾ ਹੈ। ਕੋਈ ਵਰ੍ਹਾ ਵੀ ਕਦੇ ਸੁੱਕਾ ਨਹੀਂ ਲੰਘਿਆ ਬਲਕਿ ਕਿਸੇ ਨੂੰ ਕਰਜ਼ੇ ਦੀ ਪੰਡ ਲੈ ਬੈਠੀ ਤੇ ਕਿਸੇ ਨੂੰ ਬਿਮਾਰੀ ਦਾ ਕਹਿਰ। ਕੋਈ ਵੀ ਨਵਾਂ ਸਾਲ ਮਾਲਵੇ ’ਚ ਵੱਸਦੇ ਇੰਨ੍ਹਾਂ ਲੋਕਾਂ ਦੇ ਦੁੱਖਾਂ ਦੀ ਦਾਰੂ ਨਹੀਂ ਬਣ ਸਕਿਆ ਹੈ। ਇਹ ਕਹਾਣੀ ਉਨ੍ਹਾਂ ਪਰਿਵਾਰਾਂ ਦੀ ਹੈ, ਜਿਨ੍ਹਾਂ ਦੀ ਜ਼ਿੰਦਗੀ ’ਤੇ ਹਰ ਸਾਲ ਭਾਰ ਬਣਿਆ ਹੈ। ਮਾਪਿਆਂ ਨੇ ਜਿਸ ਦਾ ਨਾਮ ਬੜੇ ਚਾਵਾਂ ਨਾਲ ਚਾਨਣ ਸਿੰਘ ਰੱਖਿਆ ਸੀ ਪਰ ਉਹ ਦੁੱਖਾਂ ਦੇ ਹਨੇਰੇ ਵਿੱਚ ਘਿਰ ਗਿਆ। ਉਸ ਦੇ ਪਰਿਵਾਰ ਦੇ ਤਿੰਨ ਜੀਅ ਹਰ ਸਾਲ ਕੈਂਸਰ ਹੱਥੋਂ ਹਾਰਦੇ ਗਏ। ਚਾਨਣ ਸਿੰਘ ਨੂੰ ਹਰ ਸਾਲ ਨੇ ਮੌਤ ਵੰਡੀ ਹੈ। ਉਹ ਆਖਦਾ ਹੈ ਕਿ ਕੋਈ ਵਰ੍ਹਾ ਉਨ੍ਹਾਂ ਲਈ ਸੁੱਖਾਂ ਭਰੀ ਸਵੇਰ ਨਹੀਂ ਲੈ ਕੇ ਆਇਆ। ਇਹ ਇਕੱਲਾ ਨਹੀਂ ਦੁੱਧਾਂ ਪੁੱਤਾਂ ਦੀ ਧਰਤੀ ਮਾਲਵੇ ਤੇ ਸੈਂਕੜੇ ਪਰਿਵਾਰ ਹਰ ਸਾਲ ਦੁੱਖਾਂ ਦੇ ਧੱਫੇ ਝੱਲਦੇ ਹਨ। ਨਵੇਂ ਸਾਲ ਦੀ ਗੱਲ ਤੁਰੀ ਹੈ ਤਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦਾ ਜਿਕਰ ਲਾਜਮੀ ਹੈ। ਇਸ ਪਿੰਡ ਦੇ ਸਧਾਰਨ ਪ੍ਰੀਵਾਰ ਦਾ ਇਕਲੌਤਾ ਪੁੱਤ ਸ਼ੁਭਕਰਨ ਸਿੰਘ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਦਾ ਪਹਿਲਾ ‘ਖੇਤੀ ਸ਼ਹੀਦ’ ਬਣਿਆ ਸੀ। ਸਰਕਾਰ ਸ਼ੁਭਕਰਨ ਦੀ ਭੈਣ ਨੂੰ ਨੌਕਰੀ ਅਤੇ ਸਹਾਇਤਾ ਰਾਸ਼ੀ ਦੇਕੇ ਸੁਰਖਰੂ ਹੋ ਗਈ ਹੈ। ਦੁੱਖ ਝੱਲਣ ਨੂੰ ਪਿੱਛੇ ਪ੍ਰੀਵਾਰ ਬੈਠੀ ਹੈ। ਇਹ ਇਕੱਲਾ ਪ੍ਰੀਵਾਰ ਨਹੀਂ ਬਲਕਿ ਪਿਛਲੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ 7 ਸੌ ਤੋਂ ਜਿਆਦਾ ਕਿਸਾਨਾਂ ਦੇ ਪ੍ਰੀਵਾਰ ਹਨ ਜਿੰਨ੍ਹਾਂ ਨੂੰ ਨਵੇਂ ਸਾਲ ਦੇ ਜਸ਼ਨ ਕੋਈ ਮਾਇਨੇ ਨਹੀ ਰੱਖਦੇ ਹਨ। ਦੁੱਖ ਦੀ ਗੱਲ ਇਹ ਵੀ ਹੈ ਕਿ ਜਿਸ ਕਾਜ਼ ਲਈ ਇਹ ਕਿਸਾਨ ਆਪਣੀਆਂ ਕਬੀਲਦਾਰੀਆਂ ਤੇ ਜਿੰਮੇਵਾਰੀਆਂ ਪਿੱਛੇ ਛੱਡ ਵਕਤ ਤੋਂ ਪਹਿਲਾਂ ਹੀ ਦੁਨੀਆਂ ਤੋਂ ਰੁਖਸਤ ਹੋ ਗਏ ਹਨ ਉਹ ਅਜੇ ਵੀ ਅਧੂਰਾ ਹੀ ਹੈ। ਹੁਣ ਸੈਂਕੜੇ ਪਰਿਵਾਰ ਹਨ, ਜੋ ਨਵੇਂ ਸਾਲ ਤੋਂ ਠੰਢੀ ਹਵਾ ਦੀ ਉਮੀਦ ਲਾਈ ਬੈਠੇ ਹਨ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਖੂੰਨਣ ਖੁਰਦ ਦੇ ਮਜ਼ਦੂਰ ਕੌਰ ਚੰਦ ਲਈ ਕੋਈ ਵੀ ਨਵਾਂ ਸਾਲ ‘ਅੱਛੇ ਦਿਨ’ ਨਹੀਂ ਲਿਆਇਆ ਹੈ। ਕੌਰ ਚੰਦ ਦੇ ਮਕਾਨ ਦੀ ਹਾਲਤ ਬਹੁਤ ਹੀ ਖਸਤਾ ਹੈ। ਦੋ ਬੱਚੇ ਹਨ ਜਿੰਨ੍ਹਾਂ ਚੋਂ ਲੜਕਾ ਜਗਸੀਰ ਕੁਮਾਰ (21)ਟੀਬੀ ਦੀ ਬਿਮਾਰੀ ਨਾਲ ਜੂਝ ਰਿਹਾ ਹੈ ਜਿਸ ਦੀ ਲਗਾਤਾਰ ਦਵਾਈ ਚੱਲ ਰਹੀ ਹੈ । ਲੜਕੀ ਨੀਲਮ ਰਾਣੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਅਤੇ ਉਹ ਨੀਮ ਪਾਗਲਾਂ ਵਾਂਗ ਗਲੀਆਂ ’ਚ ਘੁੰਮਦੀ ਰਹਿੰਦੀ ਹੈ। ਘਰ ਚਲਾਉਣ ਲਈ ਕੌਰ ਚੰਦ ਦੀ ਪਤਨੀ ਨੂੰ ਵੀ ਮਜ਼ਦੂਰੀ ਕਰਨੀ ਪੈ ਰਹੀ ਹੈ। ਦਿਹਾੜੀ ਕਰਕੇ ਟੱਬਰ ਨੂੰ ਪਾਲਣ ਵਾਲਾ ਕੌਰ ਚੰਦ ਆਖਦਾ ਹੈ ਕਿ ਬੱਚਿਆਂ ਦੀ ਬਿਮਾਰੀ ਅਤੇ ਗੁਰਬਤ ਨੇ ਝੰਬਿਆਂ ਲਈ ਕਾਹਦਾ ਨਵਾਂ ਸਾਲ ਤੇ ਕਾਹਦੇ ਜਸ਼ਨ। ਉਹ ਆਖਦਾ ਹੈ ਕਿ ਸਰਕਾਰ ਬਦਲਾਅ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਉਨ੍ਹਾਂ ਦੀ ਇਹ ਜਿੰਦਗੀ ਬਦਲਦੀ ਦਿਖਾਈ ਨਹਂੀ ਦਿੰਦੀ ਹੈ। ਪਿੰਡ ਭੁੱਟੀਵਾਲਾ ਦੇ ਮਜ਼ਦੂਰ ਹਰਮੇਲ ਸਿੰੰਘ ਕੋਲ ਦੋ ਕਮਰਿਆਂ ਦਾ ਘਰ ਹੈ ਜਿਸ ਚੋਂ ਇੱਕ ਨੂੰ ਬੂਹਾ ਨਹੀਂ ਲੱਗਿਆ ਹੈ। ਘਰ ਦੀ ਕੰਧ ਤੇ ਹੈਪੀ ਦਿਵਾਲੀ ਲਿਖਿਆ ਹੈ ਪਰ ਕਦੇ ਵੀ ਖੁਸ਼ੀ ਘਰ ਨਹੀਂ ਆਈ ਹੈ। ਛੋਟਾ ਸਿੰਘ ਆਾਖਦਾ ਹੈ ਕਿ ਸਾਨੂੰ ਨਵੇਂ ਸਾਲਾਂ ਦੇ ਕੀ ਚਾਅ ਸਾਡੇ ਲਈ ਤਾਂ ਹਰ ਵਰ੍ਹਾ ਹੀ ਇੱਕੋ ਜਿਹਾ ਹੈ। ਇਸੇ ਪਿੰਡ ਦਾ ਮਜ਼ਦੂਰ ਸੱਤਪਾਲ ਸਿੰਘ ਬੇਘਰਾ ਹੈ ਜੋ ਪਿਛਲੇ ਕਰੀਬ ਦੋ ਦਹਕਿਆਂ ਤੋਂ ਕਿਰਾਏ ਦੇ ਘਰ ’ਚ ਰਹਿ ਰਿਹਾ ਹੈ। ਸੱਤਪਾਲ ਸਿੰਘ ਨੂੰ ਵੀ ਸਰਕਾਰੀ ਪਲਾਟ ਦੀ ਉਡੀਕ ਬਣੀ ਹੋਈ ਹੈ। ਘਰ ਦਾ ਗੁਜ਼ਾਰਾ ਚਲਾਉਣ ਲਈ ਦਿਹਾੜੀ ਕਰਦਾ ਹੈ ਜਿਸ ਦੇ ਨਾਂ ਮਿਲਣ ਦੀ ਸੂਰਤ ’ਚ ਕਈ ਵਾਰ ਫਾਕਿਆਂ ਦੀ ਨੌਬਤ ਆ ਜਾਂਦੀ ਹੈ। ਪਿੰਡ ਭੁੱਟੀਵਾਲਾ ਦੇ ਮਜ਼ਦਰ ਗੁਰਦੇਵ ਸਿੰਘ ਦੀ ਵੀ ਇਹੋ ਹੋਣੀ ਹੈ। ਮਜਦੂਰ ਆਗੂ ਬਾਜ ਸਿੰਘ ਭੁੱਟੀ ਵਾਲਾ ਆਖਦੇ ਹਨ ਕਿ ਅਜਿਹੇ ਲੋਕਾਂ ਲਈ ਕਿਹੜੇ ਤਿੱਥ ਤਿਉਹਾਰ। ਗਰੀਬਾਂ ਲਈ ਕਾਹਦਾ ਨਵਾਂ ਸਾਲ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਗਰੀਬਾਂ ਲਈ ਤਾਂ ਕੁਝ ਵੀ ਨਵਾਂ ਨਹੀਂ ਹੁੰਦਾ ਜਿਸ ਕਰਕੇ ਇਨ੍ਹਾਂ ਨੂੰ ਤਾਂ ਨਵਾਂ ਸਾਲ ਚੜ੍ਹਨ ਦਾ ਵੀ ਪਤਾ ਨਹੀਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਦੀ ਮੰਦਹਾਲੀ ਨੇ ਮਜ਼ਦੂਰਾਂ ਨੂੰ ਵੀ ਝੰਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਆਪਣੇ ਲਈ ਗੱਫੇ ਵੰਡਣ ਦੀ ਵਾਰੀ ਆਉਂਦੀ ਹੈ ਤਾਂ ਸਿਆਸੀ ਧਿਰਾਂ ਰਾਤ ਨੂੰ ਵੀ ਵੰਡ ਲੈਂਦੀਆਂ ਹਨ ਪਰ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਸਾਲਾਂ ਮਗਰੋਂ ਵੀ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਚੰਗਾ ਹੋਵੇ ਕਿ ਹਕੂਮਤਾਂ ਇਸ ਸਾਲ ਦੌਰਾਨ ਅਜਿਹੇ ਲੋਕਾਂ ਦੀ ਬਾਂਹ ਫੜ੍ਹਨ। ਮੁਸ਼ਕਲਾਂ ਦੇ ਭੰਨਿਆਂ ਲਈ ਕਾਹਦੇ ਜਸ਼ਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਮੁਸ਼ਕਲਾਂ ਦੇ ਭੰਨਿਆਂ ਲਈ ਕਾਹਦੇ ਜਸ਼ਨ ਕਿਉਂਕਿ ਹਰ ਸਾਲ ਇੱਕੋ ਜਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਦੇ ਕਿਸੇ ਹਕੂਮਤ ਨੇ ਨਹੀਂ ਸੋਚਿਆ ਕਿ ਦੁੱਧ ਮੱਖਣ ਖਾਣ ਵਾਲੇ ਖੇਤਾਂ ਦੇ ਪੁੱਤਾਂ ਨੂੰ ਹੁਣ ਸਲਫਾਸ ਕਿਉਂ ਚੰਗੀ ਲੱਗਣ ਲੱਗੀ ਹੈ। ਉਨ੍ਹਾਂ ਕਿਹਾ ਕਿ ਹਕੂਮਤ ਆਖਦੀ ਹੈ ਕਿ ਬਦਲਾਅ ਆਇਆ ਹੈ ਤਾਂ ਫਿਰ ਖੇਤਾਂ ਵਿਚਲੇ ਰੁੱਖ ਮੌਤਾਂ ਕਿਉਂ ਵੰਡ ਰਹੇ ਹਨ ਅਤੇ ਖੇਤਾਂ ਦਾ ਰਾਖਾ ਰੇਲ ਮਾਰਗਾਂ ਤੇ ਢੇਰੀ ਕਿਉਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਇੰਨ੍ਹਾਂ ਨੂੰ ਨਵਾਂ ਸਾਲ ਮਨਾਉਣ ਜੋਗੇ ਕਰਨ।
Total Responses : 220