ਚਰਚ ਤੇ ਆਉਣ ਵਾਲੀਆਂ ਕੁੜੀਆਂ ਨੂੰ ਮੰਡੀਰ ਕਰਦੀ ਸੀ ਪ੍ਰੇਸ਼ਾਨ! ਰੋਕਣ ਵਾਲੇ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਵੀਡੀਓ ਵੀ ਹੋਈ ਵਾਇਰਲ
ਰੋਹਿਤ ਗੁਪਤਾ
ਗੁਰਦਾਸਪੁਰ , 27 ਦਸੰਬਰ 2024- ਪਿੰਡ ਸੈਦ ਮੁਬਾਰਿਕ ਦੇ ਚਰਚ ਵਿਚ ਸੇਵਾ ਕਰਨ ਤੋਂ ਬਾਅਦ ਘਰ ਜਾ ਰਹੇ ਇਕ ਨੌਜਵਾਨ 'ਤੇ ਕੁਝ ਸ਼ਰਾਰਤੀ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਦੋਸ਼ ਹੈ ਕਿ ਇਹ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਚਰਚ 'ਚ ਆਉਣ ਵਾਲੀਆਂ ਲੜਕੀਆਂ ਅਤੇ ਲੜਕਿਆਂ ਨੂੰ ਤੰਗ-ਪ੍ਰੇਸ਼ਾਨ ਕਰਦੇ ਆ ਰਹੇ ਹਨ। ਥਾਣਾ ਸਦਰ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ।
ਪਿੰਡ ਸੈਦ ਮੁਬਾਰਿਕ ਦੇ ਵਸਨੀਕ ਪਾਦਰੀ ਰੋਹਿਤ ਸੰਧੂ ਨੇ ਦੱਸਿਆ ਕਿ ਕਾਲਜ ਦੇ ਨੇੜੇ ਹੀ ਵੀ.ਐਮ.ਐਸ. ਚਰਚ ਦੇ ਨੇੜੇ ਇਕ ਪਾਰਕ ਵਿਚ ਕੁਝ ਸ਼ਰਾਬੀ ਨੌਜਵਾਨਾਂ ਨੇ ਚਰਚ ਵਿਚ ਆਉਣ ਵਾਲੀਆਂ ਕੁੜੀਆਂ ਨਾਲ ਛੇੜਛਾੜ ਕਰਦੇ ਹਨ। ਇਸ ਬਾਰੇ ਇਨ੍ਹਾਂ ਨੌਜਵਾਨਾਂ ਨੂੰ ਕਈ ਵਾਰ ਸਮਝਾਇਆ ਗਿਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਬਾਰੇ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਵੀਰਵਾਰ ਦੁਪਹਿਰ ਨੂੰ ਕੁਝ ਸੇਵਾਦਾਰ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ ਰਸਤੇ 'ਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਇਹਨਾਂ ਸ਼ਰਾਰਤੀ ਨੌਜਵਾਨਾਂ ਨੇ ਘੇਰ ਕੇ ਹਮਲਾ ਕਰ ਦਿੱਤਾ। ਜਦੋਂ ਸੰਦੀਪ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸੰਦੀਪ ਨੂੰ ਜ਼ਖਮੀ ਕਰ ਦਿੱਤਾ।
ਪਿੰਡ ਦੇ ਸਰਪੰਚ ਆਸਰਾ ਭੱਟੀ ਨੇ ਦੱਸਿਆ ਕਿ ਪਿੰਡ ਦੇ ਬਾਹਰ ਕਈ ਨੌਜਵਾਨ ਸ਼ਰਾਬ ਪੀ ਕੇ ਬੈਠ ਜਾਂਦੇ ਹਨ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੇ ਹਨ। ਕ੍ਰਿਸਮਿਸ ਦੇ ਸ਼ੁਭ ਦਿਹਾੜੇ ਮੌਕੇ ਚਰਚ ਵਿੱਚ ਸੇਵਾ ਕਰਕੇ ਘਰ ਪਰਤ ਰਹੇ ਨੌਜਵਾਨ ਤੇ ਨਾ ਸ਼ਰਾਰਤੀ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸੰਦੀਪ ਮਸੀਹ ਜ਼ਖਮੀ ਹਾਲਤ 'ਚ ਸੈਦ ਮੁਬਾਰਿਕ ਕੋਲ ਆਇਆ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ।