ਸਕੇਪ ਸਾਹਿਤਕ ਸੰਸਥਾ ਵੱਲੋਂ ਜਗਤ ਪੰਜਾਬੀ ਸਭਾ ਕੈਨੇਡਾ ਦੇ ਸਹਿਯੋਗ ਨਾਲ਼ ਲਗਾਈ ਗਈ ਇੱਕ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ
*ਨੈਤਿਕਤਾ ਅਮੁੱਲ ਖ਼ਜ਼ਾਨਾ ਹੈ, ਜੋ ਸਾਡੀ ਜੀਵਨ ਜਾਚ ਨੂੰ ਸਰਲ, ਸ਼ਾਂਤ, ਸਦੀਵੀ ਅਤੇ ਸਦਾਬਹਾਰ ਬਣਾ ਦਿੰਦਾ ਹੈ- ਚੱਠਾ
ਗੁਰਮੀਤ ਸਿੰਘ ਪਲਾਹੀ
ਫਗਵਾੜਾ 26 ਦਸੰਬਰ 2024 :ਸਕੇਪ ਸਾਹਿਤਕ ਸੰਸਥਾ (ਰਜਿ:)ਫਗਵਾੜਾ ਵੱਲੋਂ ਜਗਤ ਪੰਜਾਬੀ ਸਭਾ ਕੈਨੇਡਾ ਦੇ ਸਹਿਯੋਗ ਨਾਲ਼ ਇਕ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਹਰਗੋਬਿੰਦ ਨਗਰ ਫਗਵਾੜਾ ਵਿਖੇ ਲਗਾਈ ਗਈ। ਵਰਕਸ਼ਾਪ ਵਿੱਚ ਵੱਖ – ਵੱਖ ਸਕੂਲਾਂ ਦੇ 50 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ। ਸਿਖਲਾਈ ਪ੍ਰਾਪਤ ਕਰਨ ਵਾਲ਼ੇ ਅਧਿਆਪਕਾਂ ਨੂੰ ਜਗਤ ਪੰਜਾਬੀ ਸਭਾ ਵੱਲੋਂ ਸਰਟੀਫਿਕੇਟ ਅਤੇ ਸਕੇਪ ਸਾਹਿਤਕ ਸੰਸਥਾ ਵੱਲੋਂ ਕਿਤਾਬਾਂ ਦਿੱਤੀਆਂ ਗਈਆਂ। ਪੰਜਾਬੀ ਵਿਰਸਾ ਟਰੱਸਟ(ਰਜਿ:) ਵੱਲੋਂ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ। ਵਰਕਸ਼ਾਪ ਦੀ ਸ਼ੁਰੂਆਤ ਪ੍ਰਿੰ. ਗੁਰਮੀਤ ਸਿੰਘ ਪਲਾਹੀ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਆਖ ਜਗਤ ਪੰਜਾਬੀ ਸਭਾ ਦਾ ਧੰਨਵਾਦ ਕਰ ਕੇ ਕੀਤੀ ਗਈ।ਵਰਕਸ਼ਾਪ ਦੌਰਾਨ ਭਾਸ਼ਣ ਕਲਾ, ਨੈਤਿਕਤਾ, ਪੜ੍ਹਾਉਣ ਵਾਲ਼ਾ ਮਾਹੌਲ ਸਿਰਜਣਾ,ਸਿੱਖਿਆ ਦੀ ਮਹੱਤਤਾ,ਜ਼ਿੰਦਗੀ ਜਿਊਣ ਲਈ ਕੁਝ ਜ਼ਰੂਰੀ ਹੁਨਰ ਸਿੱਖਣੇ, ਪੰਜਾਬੀ ਭਾਸ਼ਾ, ਪੰਜਾਬ ਅਤੇ ਪੰਜਾਬੀਅਤ ਵਿਸ਼ਿਆਂ ਉੱਪਰ ਵੱਖ – ਵੱਖ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।ਜਗਤ ਪੰਜਾਬੀ ਸਭਾ ਕੈਨੇਡਾ ਦੇ ਬੁਲਾਰੇ ਸੌਦਾਗਰ ਸਿੰਘ ਨੇ ਭਾਸ਼ਣ ਕਲਾ ਵਿਸ਼ੇ ਉੱਤੇ ਵਿਸਥਾਰਪੂਰਵਕ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਿ ਇੱਕ ਵਿਦਵਾਨ ਦੇ ਗਿਆਨਵਾਨ ਹੋਣ ਦਾ ਅਸਲ ਫ਼ਾਇਦਾ ਸਮਾਜ ਨੂੰ ਤਾਂ ਹੀ ਹੈ ਜੇਕਰ ਉਹ ਆਪਣੇ ਵਿਚਾਰਾਂ ਨੂੰ ਦੂਸਰਿਆਂ ਨਾਲ਼ ਸਾਂਝਾ ਕਰ ਸਕੇ। ਆਪਣੀ ਗੱਲ ਨੂੰ ਦੂਸਰਿਆਂ ਨਾਲ਼ ਇਸ ਤਰੀਕੇ ਨਾਲ਼ ਸਾਂਝਾ ਕਰਨਾ ਕਿ ਸਰੋਤੇ ਦਿਲਚਸਪੀ ਨਾਲ਼ ਗੱਲ ਨੂੰ ਸੁਣਨ ਅਤੇ ਸਮਝਣ ਇਹੀ ਭਾਸ਼ਣ ਕਲਾ ਹੈ ਅਤੇ ਇਸ ਕਲਾ ਵਿੱਚ ਪ੍ਰਬੀਨਤਾ ਹਾਸਲ ਕਰਨ ਲਈ ਮਿਹਨਤ,ਲਗਨ ਅਤੇ ਪ੍ਰਤੀਬੱਧਤਾ ਦੀ ਲੋੜ ਹੈ। ਉਹਨਾਂ ਵੱਲੋਂ ਭਾਸ਼ਣ ਕਲਾ ਵਿੱਚ ਨਿਪੁੰਨਤਾ ਹਾਸਲ ਕਰਨ ਲਈ ਬੇਹੱਦ ਜ਼ਰੂਰੀ ਨੁਕਤੇ ਸਰੋਤਿਆਂ ਨਾਲ਼ ਸਾਂਝੇ ਕੀਤੇ ਗਏ। ਸੰਸਥਾ ਦੇ ਸਰਪ੍ਰਸਤ ਕਰਨ ਅਜੈਬ ਸਿੰਘ ਸੰਘਾ ਨੇ ਜ਼ਿੰਦਗੀ ਜਿਊਣ ਦੇ ਜ਼ਰੂਰੀ ਹੁਨਰ ਸਿਹਤਮੰਦ ਰਹਿਣ,ਭਾਸ਼ਣ ਕਲਾ ਸਿੱਖਣ,ਦੋਸਤੀ ਨਿਭਾਉਣ, ਸਮੇਂ ਦੀ ਸਹੀ ਵਰਤੋਂ ਕਰਨ,ਸਹਿਯੋਗ ਦੇਣ, ਇਮਾਨਦਾਰ ਬਣਨ,ਚੰਗੇ ਕੰਮ ਕਰਨ,ਨੇਕ ਗੁਣਾਂ ਨੂੰ ਧਾਰਨ ਕਰਨ ,ਸਕਾਰਾਤਮਕ ਸੋਚ ਅਪਣਾਉਣ,ਲੋੜ ਅਨੁਸਾਰ ਧਨ ਅਤੇ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਤੇ ਖ਼ੁਸ਼ ਰਹਿਣ, ਸੁੱਚੀ ਕਿਰਤ ਕਰਨ ਆਦਿ ਅਪਣਾ ਕੇ ਜ਼ਿੰਦਗੀ ਵਧੀਆ ਗੁਜ਼ਾਰਨ ਦਾ ਸੁਝਾਅ ਦਿੱਤਾ। ਪ੍ਰਿੰ. ਸੁਮਨ ਡਡਵਾਲ ਵੱਲੋਂ ਪੜ੍ਹਾਉਣ ਵਾਲ਼ਾ ਮਾਹੌਲ ਸਿਰਜਣ ਦੇ ਤਰੀਕਿਆਂ ਬਾਰੇ ਗੱਲ ਕਰਦਿਆਂ ਵਰਕਸ਼ਾਪ ਵਿੱਚ ਬਹੁਤ ਵਧੀਆ ਮਾਹੌਲ ਸਿਰਜਿਆ ਗਿਆ।
ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਨੈਤਿਕਤਾ ਵਿਸ਼ੇ ਉੱਤੇ ਬੋਲਦਿਆਂ ਕਿਹਾ ਕਿ ਨੈਤਿਕਤਾ ਅਮੁੱਲ ਖ਼ਜ਼ਾਨਾ ਹੈ, ਜੋ ਸਾਡੀ ਜੀਵਨ ਜਾਚ ਨੂੰ ਸਰਲ, ਸ਼ਾਂਤ, ਸਦੀਵੀ ਅਤੇ ਸਦਾਬਹਾਰ ਬਣਾ ਦਿੰਦਾ ਹੈ। ਇਨਸਾਨ ਦੀਆਂ ਚੰਗੀਆਂ ਆਦਤਾਂ ਦਾ ਸੰਗ੍ਰਹਿ ਹੀ ਨੈਤਿਕਤਾ ਹੈ ਜਿਸ ਨਾਲ਼ ਸਮਾਜ ਅਤੇ ਕੌਮ ਦਾ ਵਿਕਾਸ ਨਿਸ਼ਚਿਤ ਹੈ।ਇਸ ਲਈ ਸਾਨੂੰ ਸਭ ਨੂੰ ਵਿਸ਼ੇਸ਼ ਤੌਰ 'ਤੇ ਅਧਿਆਪਕ ਵਰਗ ਨੂੰ ਨੈਤਿਕਤਾ ‘ਤੇ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ।
ਉੱਘੇ ਕਹਾਣੀਕਾਰ ਰਵਿੰਦਰ ਚੋਟ, ਸਮਾਜ ਸੇਵੀ ਅਤੇ ਪ੍ਰਧਾਨ ਬਲੱਡ ਬੈਂਕ ਫਗਵਾੜਾ ਮਲਕੀਅਤ ਸਿੰਘ ਰਗਬੋਤਰਾ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ।ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪਰਵਿੰਦਰਜੀਤ ਸਿੰਘ ਜਨਰਲ ਸਕੱਤਰ ਸਕੇਪ ਸਾਹਿਤਕ ਸੰਸਥਾ ਵੱਲੋਂ ਬਾਖ਼ੂਬੀ ਨਿਭਾਈ ਗਈ।ਜਗਤ ਪੰਜਾਬੀ ਸਭਾ ਵੱਲੋਂ ਪ੍ਰਿੰ. ਗੁਰਮੀਤ ਸਿੰਘ ਪਲਾਹੀ,ਮਲਕੀਅਤ ਸਿੰਘ ਰਗਬੋਤਰਾ, ਕਮਲੇਸ਼ ਸੰਧੂ ਨੂੰ ਸਿਰੋਪਾ ਭੇਟ ਕੀਤਾ ਗਿਆ। ਸਕੇਪ ਸਾਹਿਤਕ ਸੰਸਥਾ ਵੱਲੋਂ ਸਮੂਹ ਬੁਲਾਰਿਆਂ ਨੂੰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।ਸੰਸਥਾ ਪ੍ਰਧਾਨ ਕਮਲੇਸ਼ ਸੰਧੂ ਵੱਲੋਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਕਰਨ ਅਜੈਬ ਸਿੰਘ ਸੰਘਾ,ਸੌਦਾਗਰ ਸਿੰਘ, ਪ੍ਰਿੰ.ਸੁਮਨ ਡਡਵਾਲ ਅਤੇ ਸਿਖਲਾਈ ਪ੍ਰਾਪਤ ਕਰਨ ਵਾਲ਼ੇ ਸਮੂਹ ਅਧਿਆਪਕ ਸਹਿਬਾਨ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਦਵਿੰਦਰ ਸਿੰਘ ਜੱਸਲ, ਮਨੋਜ ਫਗਵਾੜਵੀ,ਸੁਖਦੇਵ ਸਿੰਘ ਗੰਢਵਾਂ,ਅਸ਼ੋਕ ਸ਼ਰਮਾ, ਪਰਵਿੰਦਰ ਜੀਤ ਸਿੰਘ,ਬਲਬੀਰ ਕੌਰ ਬੱਬੂ ਸੈਣੀ,ਲਖਵਿੰਦਰ ਪ੍ਰੀਤ ਕੌਰ, ਰਾਕੇਸ਼ ਕੁਮਾਰ ਰਾਏ,ਹਰਜਿੰਦਰ ਨਿਆਣਾ,ਇੰਦਰਜੀਤ ਕੌਰ, ਨਵਕਿਰਨ ਕੌਰ,ਬਲਵਿੰਦਰ ਕੌਰ,ਨਰਿੰਦਰ ਕੌਰ,ਮਲਕੀਅਤ ਸਿੰਘ, ਪਰਮਜੀਤ ਕੌਰ,ਸਾਹਿਬ ਜੀਟਨ ਕੌਰ,ਸੋਨਿਕਾ, ਮਨਿੰਦਰ ਢੇਰਾ, ਬਬੀਤਾ,ਬਿੰਦਰ ਪਾਲ,ਰਜਨੀ ਚਾਵਲਾ,ਖ਼ੁਸ਼ੀ ਬੇਦੀ, ਅਸ਼ੀਸ਼ ਗਾਂਧੀ,ਨੀਟਾ ਦੇਵੀ,ਵਿਕਰਮਜੀਤ,ਦਲਜੀਤ ਕੌਰ,ਪ੍ਰੀਤ ਕੌਰ ਪ੍ਰੀਤੀ, ਗੁਰਪ੍ਰੀਤ ਕੌਰ,ਰਾਕੇਸ਼ ਕੁਮਾਰੀ,ਮਨਦੀਪ ਕੌਰ, ਤੇਗਸ਼ੀਲ ਕੌਰ, ਸੋਨੀਆ ਰਾਣੀ,ਹਰਮਿੰਦਰ ਕੌਰ,ਜਤਿੰਦਰ ਕੌਰ,ਪਿੰਕੀ ਕੁਮਾਰੀ, ਲੱਛਮੀ,ਸਰਬਜੀਤ ਕੌਰ,ਰਿੱਤੂ ਬਾਲਾ,ਗੁਰਬਖਸ਼ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : 1. ਵਰਕਸ਼ਾਪ ਵਿੱਚ ਸ਼ਾਮਲ ਅਧਿਆਪਕ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ, ਕਵੀ ਕਰਨ ਅਜਾਇਬ ਸਿੰਘ ਸੰਘਾ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਹੋਰ ਵਕਤਾ।
2. ਅਧਿਆਪਕ ਵਰਕਸ਼ਾਪ ਦੌਰਾਨ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਨੂੰ ਸਨਮਾਨਿਤ ਕਰਦੇ ਹੋਏ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਅਤੇ ਨਾਲ ਖੜੇ ਹਨ ਕਵੀ ਕਰਨ ਅਜਾਇਬ ਸਿੰਘ ਸੰਘਾ, ਪ੍ਰਿੰ: ਗੁਰਮੀਤ ਸਿੰਘ ਪਲਾਹੀ ।