ਦੋ ਮਹੀਨੇ ਪਹਿਲਾਂ ਜਿਹੜਾ ਪੁੱਤਰ ਕਰਦਾ ਸੀ ਰੱਜ ਕੇ ਸੇਵਾ, ਬੇਬਸ ਮਾਂ ਪਿਓ ਨੂੰ ਉਸ ਦੀ ਕਰਨੀ ਪੈ ਰਹੀ ਸੇਵਾ
20 ਵਰਿਆਂ ਦਾ ਨੌਜਵਾਨ ਗੁਰਸਿੱਖ ਸੜਕ ਦੁਰਘਟਨਾ ਕਾਰਨ ਮੰਜੇ 'ਤੇ ਪਿਆ ਕਰ ਰਿਹੈ ਕਿਸੇ ਫਰਿਸ਼ਤੇ ਦਾ ਇੰਤਜ਼ਾਰ
ਪਰਿਵਾਰ ਦਾ ਨੰਬਰ:----9417288453
ਰੋਹਿਤ ਗੁਪਤਾ
ਗੁਰਦਾਸਪੁਰ, 26 ਦਸੰਬਰ 2024 :ਜਿਸ ਪੁੱਤਰ ਤੋਂ ਆਸ ਸੀ ਕਿ ਬੁੱਢੇ ਵੇਲੇ ਉਹਨਾਂ ਦੀ ਸੇਵਾ ਕਰੇਗਾ ਉਸ ਪੁੱਤਰ ਦੀ ਮਾਂ ਪਿਓ ਨੂੰ ਸੇਵਾ ਕਰਨੀ ਪੈ ਰਹੀ ਹੋਵੇ ਤਾਂ ਮਾਂ ਪਿਓ ਤੇ ਕੀ ਗੁਜਰਦੀ ਹੋਵੇਗੀ ਇਹ ਉਹ ਮਾਪੇ ਹੀ ਦੱਸ ਸਕਦੇ ਹਨ। ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਪਿੰਡ ਹਰਪੁਰਾ ਦਾ ਰਹਿਣ ਵਾਲਾ 20 ਵਰਿਆਂ ਦਾ ਗੁਰਸਿੱਖ ਨੌਜਵਾਨ ਅਮ੍ਰਿਤ ਸਿੰਘ ਅਜਿਹਾ ਹੀ ਬਦਨਸੀਬ ਪੁੱਤਰ ਹੈ ਜੋ ਦੋ ਕੂ ਮਹੀਨੇ ਪਹਿਲਾਂ ਤੱਕ ਵੱਖ ਵੱਖ ਗੁਰੂ ਘਰਾਂ ਵਿੱਚ ਰਾਗੀ ਸਿੰਘ ਵੱਜੋ ਸੇਵਾ ਕਰਕੇ ਆਪਣੇ ਬਜ਼ੁਰਗ ਮਾਪਿਆਂ ਅਤੇ ਪਰਿਵਾਰ ਨੂੰ ਪਾਲ ਰਿਹਾ ਸੀ ਪਰ ਬਦਕਿਸਮਤੀ ਨਾਲ ਇਕ ਰੋਡ ਐਕਸੀਡੈਂਟ ਕਾਰਨ ਅੱਜ ਦੋ ਮਹੀਨਿਆਂ ਤੋਂ ਮੰਜੇ ਤੇ ਪਿਆ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਹੈ। ਦੋ ਮਹੀਨੇ ਪਹਿਲਾਂ ਅੰਮ੍ਰਿਤ ਕਾਦੀਆਂ ਵਿਖੇ ਗੁਰਦੁਆਰਾ ਸਾਹਿਬ ਵਿੱਚ ਗਿਆ ਸੀ ਕਿ 12 ਵਜੇ ਦੇ ਕਰੀਬ ਉਸ ਨੂੰ ਕੋਈ ਗੱਡੀ ਟੱਕਰ ਮਾਰ ਕੇ ਨਿਕਲ ਗਈ। ਦੋ ਢਾਈ ਘੰਟੇ ਸੜਕ ਦੇ ਕਿਨਾਰੇ ਹੀ ਪਿਆ ਰਿਹਾ । ਅਚਾਨਕ ਕਿਸੇ ਪਿੰਡ ਵਾਲੇ ਦੀ ਨਜ਼ਰ ਪਈ ਤੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ । ਇੱਕ ਮਹੀਨਾ ਰੱਖ ਕੇ ਹਸਪਤਾਲ ਵਾਲਿਆਂ ਨੇ ਇਲਾਜ ਅੱਧਾ ਛੱਡ ਕੇ ਹੀ ਛੁੱਟੀ ਦੇ ਦਿੱਤੀ ਕਿਉਂਕਿ ਅੰਮ੍ਰਿਤ ਸਿੰਘ ਦੇ ਪਰਿਵਾਰ ਕੋਲ ਪੈਸੇ ਮੁੱਕ ਗਏ ਸਨ ਤੇ ਹੁਣ ਇੱਕ ਮਹੀਨੇ ਤੋਂ ਮੰਜੇ ਤੇ ਪਿਆ ਮਾਂ ਪਿਓ ਦੀ ਸੇਵਾ ਤੇ ਜੀ ਰਿਹਾ ਹੈ। ਲਾਚਾਰ ਪਿਓ ਸਬਜ਼ੀ ਵੇਚਣ ਦਾ ਕੰਮ ਕਰਨ ਲੱਗ ਪਿਆ ਹੈ ਕਿਉਂਕਿ ਉਸ ਦੇ ਸਿਰ ਤੇ ਅੰਮ੍ਰਿਤ ਤੋਂ ਇਲਾਵਾ ਦੋ ਹੋਰ ਬੱਚਿਆਂ ਦੀ ਜਿੰਮੇਦਾਰੀ ਹੈ।ਪੁੱਤਰ ਲਈ ਮਾਤਾ ਪਰਵੀਨ ਕੌਰ ਅਤੇ ਪਿਤਾ ਬਲਜੀਤ ਸਿੰਘ ਸਮਾਜ ਸੇਵੀ ਜਥੇਬੰਦੀਆਂ ਕੋਲੋਂ ਬੇਹਦ ਭਾਵੁਕ ਹੋ ਕੇ ਮਦਦ ਦੀ ਗੁਹਾਰ ਲਗਾ ਰਹੇ ਹਨ।
ਅੰਮ੍ਰਿਤ ਸਿੰਘ ਦੀ ਮਾਤਾ ਪਰਵੀਨ ਕੌਰ ਅਤੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਸਿੰਘ ਕਾਦੀਆਂ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਨ ਗਿਆ ਸੀ ਕਿ ਪਤਾ ਨਹੀਂ ਕਿੱਦਾਂ ਸੜਕ ਤੇ ਉਸ ਨੂੰ ਕੋਈ ਗੱਡੀ ਟੱਕਰ ਮਾਰ ਕੇ ਨਿਕਲ ਗਈ। ਦੋ ਢਾਈ ਘੰਟੇ ਕਿਸੇ ਨੂੰ ਪਤਾ ਨਹੀਂ ਲੱਗਿਆ ਅਤੇ ਅੰਮ੍ਰਿਤ ਸਿੰਘ ਸੜਕ ਦੇ ਕੰਡੇ ਹੀ ਪਿਆ ਰਿਹਾ। ਉਹਨਾਂ ਦੇ ਪਿੰਡ ਦਾ ਕੋਈ ਉਥੋਂ ਗੁਜ਼ਰ ਰਿਹਾ ਸੀ ਤਾਂ ਉਸ ਦਿਨ ਅਮ੍ਰਿਤ ਸਿੰਘ ਤੇ ਪਈ ਜਿਸ ਨੇ ਪਰਿਵਾਰ ਨੂੰ ਫੋਨ ਤੇ ਸੂਚਨਾ ਦਿੱਤੀ ਤੇ ਲਗਭਗ ਢਾਈ ਘੰਟੇ ਬਾਅਦ ਉਸ ਨੂੰ ਨੇੜੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪਰਿਵਾਰ ਕੋਲ ਜਿੰਨੇ ਪੈਸੇ ਸੀ ਉਸ ਦੇ ਇਲਾਜ ਵਿੱਚ ਲੱਗ ਗਏ ਤੇ ਹੁਣ ਅੰਮ੍ਰਿਤ ਸਿੰਘ ਬਿਨਾਂ ਇਲਾਜ ਦੇ ਘਰ ਵਿੱਚ ਹੀ ਮੰਜੇ ਤੇ ਪਿਆ ਰੱਬ ਦੇ ਆਸਰੇ ਜ਼ਿੰਦਗੀ ਕੱਟ ਰਿਹਾ ਹੈ। ਅੰਮ੍ਰਿਤ ਸਿੰਘ ਦੀ ਮਾਤਾ ਇਹ ਸਭ ਸੁਣਾਉਂਦੇ ਹੋਏ ਖੁਦ ਭਾਵਕ ਹੋ ਗਈ ਅਤੇ ਉਸਦੀਆਂ ਅੱਖਾਂ ਵਿੱਚ ਹੰਜੂ ਆ ਗਏ । ਉਸ ਨੇ ਦੱਸਿਆ ਕਿ ਜਿਹੜਾ ਪੁੱਤਰ ਰੋਜ਼ ਕੰਮ ਤੋਂ ਆ ਕੇ ਆਵਾਜ਼ ਲਗਾਂਦਾ ਸੀ ਕਿ ਮੈਂ ਆ ਗਿਆ ਉਹ ਅੱਜ ਮੁਰਦਿਆਂ ਵਾਂਗ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪਿਆ ਹੈ।ਉਹ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅੰਮ੍ਰਿਤ ਸਿੰਘ ਬੋਲ ਨਹੀਂ ਪਾਉਂਦਾ। ਜਿਹੜਾ ਮਾਪਿਆ ਦੀ ਸੇਵਾ ਕਰਦਾ ਸੀ ਅੱਜ ਉਹਨਾਂ ਦੀ ਸੇਵਾ ਦੇ ਸਿਰ ਤੇ ਦਿਨ ਕੱਟ ਰਿਹਾ ਹੈ। ਰਿਸ਼ਤੇਦਾਰ ਥੋੜੀ ਬਹੁਤ ਮਦਦ ਕਰ ਜਾਂਦੇ ਹਨ ਪਰ ਇਸ ਨਾਲ ਤਾਂ ਅੰਮ੍ਰਿਤਪਾਲ ਦੀਆਂ ਪੂਰੀਆਂ ਦਵਾਈਆਂ ਵੀ ਨਹੀਂ ਆਉਂਦੀਆਂ ।ਬੇਬਸ ਮਾਂ ਪਿਓ ਸਮਾਜ ਸੇਵਕਾਂ ਨੂੰ ਆਪਣੇ ਪੁੱਤਰ ਦੇ ਇਲਾਜ ਲਈ ਮਦਦ ਕਰਨ ਦੀ ਗੁਹਾਰ ਲਗਾ ਰਹੇ ਹਨ ਤਾਂ ਜੋ ਉਹ ਆਪਣੇ ਪੁੱਤਰ ਨੂੰ ਪਹਿਲਾਂ ਵਾਂਗ ਹੱਸਦੇ ਖੇਡਦੇ ਵੇਖ ਸਕਣ।