ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਮੋਹਾਲੀ ਵਿਖੇ ਲਗਦੀਆਂ 6 ਯੋਗਸ਼ਲਾਵਾਂ ਲੋਕਾਂ ਨੂੰ ਦੇ ਰਹੀਆਂ ਹਨ ਸਰੀਰਕ ਅਤੇ ਮਾਨਸਿਕ ਤੰਦਰੁਸਤੀ: ਐਸ ਡੀ ਐਮ ਦਮਨਦੀਪ ਕੌਰ
ਟ੍ਰੇਨਰ ਹਰਗੁਨ ਅਰੋੜਾ ਵੱਲੋਂ ਰੋਜ਼ਾਨਾ ਲਗਾਈਆਂ ਜਾਂਦੀਆਂ ਹਨ 6 ਯੋਗਸ਼ਲਾਵਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਦਸੰਬਰ, 2024: ਮੁੱਖ ਮੰਤਰੀ ਦੀ ਯੋਗਸ਼ਾਲਾ ਅਧੀਨ ਸ਼ੁਰੂ ਕੀਤੀਆਂ ਮੁੱਖ ਮੰਤਰੀ ਦੀਆਂ ਯੋਗਸ਼ਲਾਵਾਂ ਜਿਥੇ ਆਮ ਲੋਕਾਂ ਨੂੰ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਕਰ ਰਹੀਆਂ ਹਨ, ਉਥੇ ਯੋਗਾ ਅਭਿਆਸ ਨਾਲ ਲੋਕ ਮਾਨਸਿਕ ਤਨਾਅ ਤੋਂ ਵੀ ਮੁਕਤ ਹੋ ਰਹੇ ਹਨ। ਪੰਜਾਬ ਦੇ ਹਰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੱਗਦੀਆਂ ਮੁਫਤ ਯੋਗਸ਼ਲਾਵਾਂ ਲੋਕਾਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਐਸ.ਡੀ.ਐਮ, ਮੋਹਾਲੀ ਦਮਨਦੀਪ ਕੌਰ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਦਾ ਉਤਸ਼ਾਹ ਅਤੇ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਯੋਗਾ ਅਭਿਆਸ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਰਦੀ ਦਾ ਮੌਸਮ ਹੁੰਦੇ ਹੋਏ ਵੀ ਯੋਗਾ ਦੇ ਸਿਹਤ ਤੇ ਚੰਗੇ ਪ੍ਰਭਾਵਾਂ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਸਵੇਰੇ ਜਲਦੀ ਉੱਠਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ, ਸਗੋਂ ਯੋਗਾ ਲਈ ਸਵੇਰੇ ਜਲਦੀ ਉੱਠਣ ਨਾਲ ਉਹ ਸਾਰਾ ਦਿਨ ਤਰੋ-ਤਾਜ਼ਾ ਮਹਿਸੂਸ ਕਰਦੇ ਹਨ ਅਤੇ ਹੁਣ ਉਨ੍ਹਾਂ ਨੇ ਯੋਗ ਆਸਣਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਸੀ.ਐਮ ਯੋਗਸ਼ਾਲਾ ਦੀਆਂ ਕਲਾਸਾਂ ਸਬ-ਡਵੀਜ਼ਨ ਮੋਹਾਲੀ ਵਿੱਚ ਵੱਖ-ਵੱਖ ਥਾਵਾਂ 'ਤੇ ਲਗਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ਦਾ ਲੋਕ ਭਰਪੂਰ ਲਾਹਾ ਲੈ ਰਹੇ ਹਨ। ਮਾਹਿਰ ਯੋਗਾ ਟੇਰਨਰਾਂ ਵੱਲੋਂ ਸਵੇਰ ਤੋਂ ਸ਼ਾਮ ਤੱਕ 6 ਯੋਗਾ ਸ਼ੈਸ਼ਨ ਚਲਾਏ ਜਾ ਰਹੇ ਹਨ। ਇੰਨ੍ਹਾਂ ਸ਼ੈਸ਼ਨਾਂ ਦੇ ਵੱਖ-ਵੱਖ ਸਮਾਂ-ਸਲਾਟ ਹੁੰਦੇ ਹਨ। ਯੋਗਾ ਟ੍ਰੇਨਰ ਹਰਗੁਨ ਅਰੋੜਾ ਨੇ ਦੱਸਿਆ ਕਿ ਉਸ ਵੱਲੋਂ ਮੋਹਾਲੀ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ। ਉਹਨਾਂ ਵੱਲੋਂ ਆਪਣੀ ਪਹਿਲੀ ਕਲਾਸ ਗੁਰੂ ਹਰਰਾਏ ਸੁਸਾਇਟੀ, ਸੈਕਟਰ-67 ਵਿਖੇ ਸਵੇਰੇ 7.30 ਵਜੇ ਤੋਂ 8.30 ਵਜੇ ਤੱਕ, ਦੂਜੀ ਕਲਾਸ ਸਾਹਮਣੇ ਜੇਐਸ ਕੰਪਲੈਕਸ ਹਾਲ, ਸੈਕਟਰ-78 ਵਿਖੇ ਸਵੇਰੇ 9.45 ਤੋਂ 10.45 ਵਜੇ ਤੱਕ, ਤੀਜੀ ਕਲਾਸ ਅਮਿਟੀ ਇੰਟਰਨੈਸ਼ਨਲ ਸਕੂਲ, ਪਾਰਕ, ਸੈਕਟਰ-79 ਵਿਖੇ ਸਵੇਰੇ 11.00 ਵਜੇ ਤੋਂ 12.00 ਵਜੇ ਤੱਕ ਅਤੇ ਚੌਥੀ ਕਲਾਸ ਸੈਂਟਰਲ ਪਾਰਕ, ਸੈਕਟਰ-69 ਵਿਖੇ ਦੁਪਿਹਰ 3.45 ਤੋਂ 4.45 ਵਜੇ ਤੱਕ, ਪੰਜਵੀਂ ਕਲਾਸ ਸਨਾਤਨ ਧਰਮ ਮੰਦਿਰ, ਸੈਕਟਰ-79 ਵਿਖੇ ਸ਼ਾਮ 5.00 ਵਜੇ ਤੋਂ 6.00 ਵਜੇ ਤੱਕ ਅਤੇ ਛੇਵੀਂ ਕਲਾਸ ਨਾਬੀ ਗੈਸਟ ਹਾਊਸ, ਸੈਕਟਰ-81 ਵਿਖੇ ਸ਼ਾਮ 6.15 ਵਜੇ ਤੋਂ 7.15 ਵਜੇ ਤੱਕ ਲਗਾਈ ਜਾਂਦੀ ਹੈ। ਉਨਾਂ ਦੱਸਿਆ ਕਿ ਯੋਗਾ ਅਧਿਆਪਕ ਯੋਗਾ ਦੇ ਕਈ ਆਸਨ ਜਿਵੇਂ ਕਿ ਆਸਣ, ਪ੍ਰਾਣਾਯਾਮ ਅਤੇ ਧਿਆਨ ਆਦਿ ਰਾਹੀਂ ਬਿਨਾਂ ਦਵਾਈ ਦੇ ਸਰੀਰ ਨੂੰ ਚੁਸਤ ਅਤੇ ਰੋਗ ਮੁਕਤ ਰੱਖਣ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ। ਟ੍ਰੇਨਰ ਹਰਗੁਨ ਅਰੋੜਾ ਨੇ ਦੱਸਿਆ ਕਿ ਰੋਜ਼ਾਨਾ ਯੋਗਾ ਅਭਿਆਸ ਨਾਲ ਭਾਗੀਦਾਰ ਲਿੱਲੀ ਅਰੋੜਾ ਵੱਲੋਂ ਹਾਈ ਬਲੱਡ ਪ੍ਰੈਸ਼ਰ, ਰਾਜ ਕੁਮਾਰ ਅਤੇ ਸੀਮਾ ਵੱਲੋਂ ਪਿੱਠ ਦਰਦ ਅਤੇ ਤਨਾਅ ਤੋਂ ਛੁਟਕਾਰਾ ਪਾਇਆ ਗਿਆ। ਕੋਈ ਵੀ ਵਿਅਕਤੀ ਇਨ੍ਹਾਂ ਕਲਾਸਾਂ ਵਿੱਚ ਆ ਕੇ ਯੋਗਾ ਦਾ ਮੁਫਤ ਵਿੱਚ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆਂ ਕਿ ਜੇਕਰ ਕੋਈ ਵਿਅਕਤੀ ਆਪਣੀ ਕਲੋਨੀ ਜਾਂ ਪਾਰਕ ਵਿੱਚ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ ਅਤੇ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ 'ਤੇ ਕਾਲ/ਸੁਨੇਹਾ ਭੇਜ ਸਕਦਾ ਹੈ। ਲੋਕ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 'ਤੇ ਸੰਪਰਕ ਕਰ ਕੇ ਉਹ ਲੋਕ, ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।