ਰਾਜਨੀਤਿਕ ਸ਼ਹਿ ਤੇ ਭਾਈ ਲਾਲੋ ਚੌਂਕ ਦਾ ਕੰਮ ਰੁਕਵਾਉਣ ਦੇ ਖਿਲਾਫ ਇਲਾਕੇ ਦੇ ਲੋਕ ਹੋ ਗਏ ਇਕੱਠੇ, ਡੀਸੀ ਨੂੰ ਸੌਂਪਿਆ ਮੰਗ ਪੱਤਰ
ਚੌਂਕ ਵਿੱਚ ਰੋਸ਼ ਵਿਖਾਵਾ ਕਰਕੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ27 ਦਸੰਬਰ 2024- ਸ਼ਹਿਰ ਦੇ ਤਿਬੜੀ ਰੋਡ ਤੇ ਬਣ ਰਹੇ ਭਾਈ ਲਾਲੋ ਚੌਂਕ ਦਾ ਕੰਮ ਰੋਕਣ ਦੇ ਖਿਲਾਫ ਇਲਾਕਾ ਨਿਵਾਸੀ ਤੇ ਰਾਮਗੜੀਆ ਬਿਰਾਦਰੀ ਦੇ ਲੋਕ ਸੜਕ ਤੇ ਆ ਗਏ ਅਤੇ ਚੌਂਕ ਵਿੱਚ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨਗਰ ਕੌਂਸਲ ਵੱਲੋਂ ਭਾਈ ਲਾਲੋ ਜੀ ਦੇ ਨਾਂ ਤੇ ਚੌਂਕ ਦਾ ਨਿਰਮਾਣ ਕਾਰਜ ਕਰਵਾਇਆ ਜਾ ਰਿਹਾ ਹੈ । ਲੋਕਾਂ ਦਾ ਦਾਅਵਾ ਹੈ ਕਿ ਚੌਂਕ ਬਣਨ ਨਾਲ ਕਾਫੀ ਹੱਦ ਤੱਕ ਦੁਰਘਟਨਾਵਾਂ ਤੇ ਰੋਕ ਲੱਗੇਗੀ ਜਿਸ ਕਾਰਨ ਉਹਨਾਂ ਦੀ ਮੰਗ ਤੇ ਨਗਰ ਕੌਂਸਲ ਵੱਲੋਂ ਇਹ ਚੌਂਕ ਬਣਵਾਉਣਾ ਸ਼ੁਰੂ ਕੀਤਾ ਗਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਸ਼ਹਿ ਤੇ ਇਸ ਨੂੰ ਰੋਕ ਦਿੱਤਾ ਗਿਆ ਹੈ। ਵਾਰਡ ਦੇ ਕੌਂਸਲਰ ਸਤਿੰਦਰ ਸਿੰਘ ਸਮੇਤ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਲਿਖ ਕੇ ਦਿੱਤਾ ਜਾਵੇ ਕਿ ਇਸ ਚੌਂਕ ਦੇ ਬਣਨ ਨਾਲ ਕਿਸ ਦਾ ਕੀ ਨੁਕਸਾਨ ਹੋਵੇਗਾ ਅਤੇ ਨਿਰਮਾਣ ਕਾਰਜ ਨੂੰ ਕਿਉਂ ਰੋਕਿਆ ਜਾ ਰਿਹਾ ਹੈ?
ਰੋਸ਼ ਪ੍ਰਦਰਸ਼ਨ ਕਰ ਰਹੇ ਲੋਕਾਂ ਵਿੱਚ ਦੁਕਾਨਦਾਰ,, ਮੁਹੱਲਾ ਵਾਸ਼ੀ, ਕੌਂਸਲਰ ਅਤੇ ਰਾਮਗੜੀਆ ਭਾਈਚਾਰੇ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਭਾਈ ਲਾਲੋ ਚੌਂਕ ਬਣ ਰਿਹਾ ਹੈ ਪਰ ਲਗਾਤਾਰ ਇਸਨੂੰ ਰਾਜਨੀਤੀ ਦੀ ਬਲੀ ਚਾੜਿਆ ਜਾ ਰਿਹਾ ਹੈ। ਜਿਸ ਕਾਰਨ ਇੱਥੇ ਵੱਡੇ ਹਾਦਸੇ ਹੋਣ ਦੀ ਸੰਭਾਵਨਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਕੱਲ ਨੂੰ ਇੱਥੇ ਕੋਈ ਦੁਰਘਟਨਾ ਹੁੰਦੀ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਇਸਦਾ ਜਿੰਮੇਦਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਜਾਂ ਉਹ ਰਾਜਨੀਤਿਕ ਆਗੂ ਹੋਣਗੇ ਜੋ ਇਸ ਦਾ ਕੰਮ ਰੋਕ ਰਹੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਈ ਲਾਲੋ ਚੌਂਕ ਦਾ ਕੰਮ ਰੋਕ ਦਿੱਤਾ ਜਾਂਦਾ ਹੈ ਤਾਂ ਉਹ ਇਸ ਚੌਂਕ ਵਿੱਚ ਧਰਨਾ ਲਾ ਕੇ ਬੈਠ ਜਾਣਗੇ ਅਤੇ ਨਾ ਇੱਥੋਂ ਦੀ ਕਿਸੇ ਨੂੰ ਲੰਘਣ ਦਿੱਤਾ ਜਾਵੇਗਾ ਨਾ ਇੱਥੇ ਕਿਸੇ ਨੂੰ ਆਣ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਸਾਨੂੰ ਲਿਖ ਕੇ ਦਿੱਤਾ ਜਾਵੇ ਕਿਉਂ ਇਸ ਕੰਮ ਨੂੰ ਰੋਕਿਆ ਜਾ ਰਿਹਾ ਹੈ ਅਤੇ ਕੀ ਕਾਰਨ ਹੈ ਕਿ ਇਸ ਕੰਮ ਨੂੰ ਪੂਰਾ ਨਹੀਂ ਹੋਣ ਦਿੱਤਾ ਜਾ ਰਿਹਾ।