ਅਸ਼ੋਕ ਵਰਮਾ
ਬਠਿੰਡਾ, 8 ਅਪਰੈਲ2021: ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ’ਚ ਔਰਤਾਂ ਲਈ ਸ਼ੁਰੂ ਕੀਤੀ ਮੁਫਤ ਯਾਤਰਾ ਤੋਂ ਬਾਅਦ ਪ੍ਰਾਈਵੇਟ ਬੱਸਾਂ ’ਚ ਸਵਾਰੀਆਂ ਦੀ ਪਈ ਤੋਟ ਦਾ ਨਿੱਜੀ ਬੱਸ ਮਾਲਕਾਂ ਨੇ ਤੋੜ ਲੱਭ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਆਰਥਿਕ ਝਟਕੇ ਦਾ ਸਾਹਮਣਾ ਕਰਨ ਵਾਲੇ ਬੱਸ ਮਾਲਕ ਹੁਣ ਸਵਾਰੀਆਂ ਨੂੰ ਸਕੀਮਾਂ ਦੇਣ ਦੇ ਰਾਹ ਪਏ ਹਨ। ਮਹੱਤਵਪੂਰਨ ਤੱਥ ਹੈ ਕਿ ਜਿੰਨ੍ਹਾਂ ਰੂਟਾਂ ਤੇ ਸਵਾਰੀ ਦੀ ਬਹੁਤਾਤ ਹੋਣ ਕਰਕੇ ਕੰਡਕਟਰ ਸਵਾਰੀ ਨੂੰ ਘੱਟ ਪੈਸਿਆਂ ’ਚ ਨੇੜੇ ਨਹੀਂ ਢੁੱਕਣ ਦਿੰਦੇ ਸਨ ਉਨ੍ਹਾਂ ਨੇ ਵੀ ਤਰਲੇ ਮਿੰਨਤਾਂ ਦਾ ਰਸਤਾ ਅਖਤਿਆਰ ਕਰ ਲਿਆ ਹੈ। ਬਠਿੰਡਾ ’ਚ ਵੱਡੇ ਘਰਾਂ ਦੀ ਟਰਾਂਸਪੋਰਟ ਨੇ ਪੀ.ਆਰ.ਟੀ.ਸੀ. ਦੇ ਬਠਿੰਡਾ ਡਿਪੂ ਨੂੰ ਲੀਹੋਂ ਲਾਹ ਰੱਖਿਆ ਸੀ ਪਰ ਜਦੋਂ ਦੀ ਮੁਫਤ ਯਾਤਰਾ ਯੋਜਨਾ ਆਈ ਹੈ ਧਨਾਢ ਟਰਾਂਸਪੋਰਟਰ ਵੀ ਪੋਲੇ ਪੈ ਗਏ ਹਨ।
‘ਬਾਬੂਸ਼ਾਹੀ’ ਵੱਲੋਂ ਬਠਿੰਡਾ ਦੇ ਬੱਸ ਅੱਡੇ ਦਾ ਜਾਇਜਾ ਲੈਣ ਉਪਰੰਤ ਹੈਰਾਨਕੁੰਨ ਵਰਤਾਰਾ ਸਾਹਮਣੇ ਆਇਆ ਹੈ ਕਿ ਪਿਛਲੇ 8 ਦਿਨਾਂ ਦੌਰਾਨ ਪ੍ਰਾਈਵੇਟ ਬੱਸਾਂ ’ਚ ਇੱਕਾ ਦੁੱਕਾ ਨੂੰ ਛੱਡ ਕੇ ਕਿਸੇ ਵੀ ਔਰਤ ਨੇ ਸਫਰ ਨਹੀਂ ਕੀਤਾ ਹੈ। ਪ੍ਰਾਈਵੇਟ ਬੱਸ ਦੇ ਇੱਕ ਕੰਡਕਟਰ ਨੇ ਦੱਪਿਸਆ ਕਿ ਉਨ੍ਹਾਂ ਦੀਆਂ ਬੱਸਾਂ ਕੋਲੋਂ ਔਰਤਾਂ ਇੰਜ ਮੂੰਹ ਫੇਰ ਕੇ ਲੰਘ ਜਾਂਦੀਆਂ ਹਨ ਜਿਵੇਂ ਅਸੀਂ ਅਛੂਤ ਹੋਈਏ। ਉਨ੍ਹਾਂ ਕਿਹਾ ਕਿ ਮਜਬੂਰਨ ਉਨ੍ਹਾਂ ਨੂੰ ਵੀ ਸਵਾਰੀਆਂ ਖਾਤਰ ਤਬਦੀਲੀ ਕਰਨੀ ਪਈ ਹੈ। ਦੇਖਿਆ ਗਿਆ ਕਿ ਕਾਫੀ ਬੱਸਾਂ ਵਾਲਿਆਂ ਵੱਲੋਂ ਬੱਸ ਅੱਡੇ ’ਚ ਦੋ ਸਵਾਰੀਆਂ ਨਾਲ ਔਰਤ ਸਵਾਰੀ ਨੂੰ ਮੁਫਤ ਯਾਤਰਾ ਦਾ ਚੋਗਾ ਪਾਇਆ ਜਾ ਰਿਹਾ ਸੀ ਜਿਸ ਲਈ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਸਵਾਰੀਆਂ ਨੂੰ ਅਵਾਜਾਂ ਮਾਰਨ ਲਈ ਰੱਖੇ ਹਾਕਰਾਂ ਨੇ ਮੋਰਚਾਬੰਦੀ ਕੀਤੀ ਹੋਈ ਹੈ।
ਪ੍ਰਾਈਵੇਟ ਬੱਸਾਂ ਵਾਲਿਆਂ ਨੇ ਬਠਿੰਡਾ ਬੱਸ ਅੱਡੇ ‘ਤੇ ਦਰਜਨਾਂ ਦੀ ਗਿਣਤੀ ਵਿੱਚ ਅਜਿਹੇ ਵਰਕਰਾਂ ਦੀ ਤਾਇਨਾਤੀ ਕਰ ਦਿੱਤੀ ਹੈ ਜੋ ਬੱਸ ਦੇ ਕਾਂਊਟਰ ਤੋਂ ਤੁਰਨ ਤੋਂ ਲੈਕੇ ਮੁੱਖ ਸੜਕ ਤੇ ਪੁੱਜਣ ਤੱਕ ਸਵਾਰੀਆਂ ਨੂੰ ਵਾਜਾਂ ਮਾਰ ਮਾਰ ਚੜ੍ਹਾਉਣ ਲੱਗੇ ਹਨ। ਬੱਸ ਅੱਡੇ ਵਿੱਚ ਪ੍ਰਾਈਵੇਟ ਬੱਸਾਂ ਲਈ ਅਵਾਜਾਂ ਦੇਣ ਵਾਲਿਆਂ ਦੀ ਸਾਰਾ ਸਾਰਾ ਦਿਨ ਕਾਵਾਂ ਰੌਲੀ ਪੈਂਦੀ ਰਹਿਣ ਲੱਗੀ ਹੈ ਜੋਕਿ ਪ੍ਰਾਈਵੇਟ ਟਰਾਂਸਪੋਰਟਰਾਂ ਲਈ ਠੁਮਣਾ ਦੇਣ ਵਾਲੀ ਸਿੱਧ ਹੋ ਰਹੀ ਹੈ। ਵੇਰਵਿਆਂ ਅਨੁਸਾਰ ਪੀਆਰਟੀਸੀ ਕੋਲ ਕਰੀਬ 1130 ਬੱਸਾਂ ਹਨ, ਜੋ ਰੋਜ਼ਾਨਾ ਕਰੀਬ 3.50 ਲੱਖ ਕਿਲੋਮੀਟਰ ਸਫ਼ਰ ਕਰਦੀਆਂ ਹਨ। ਪੀਆਰਟੀਸੀ ਨੂੰ ਰੋਜ਼ਾਨਾ ਦੇ ਅਪਰੇਸ਼ਨ ਤੋਂ 1.35 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ।
ਭਾਵੇਂ ਔਰਤਾਂ ਲਈ ਮੁਫਤ ਯਾਤਰਾ ਕਾਰਨ ਅਦਾਰੇ ਦੀ ਕਮਾਈ ’ਚ ਕਮੀ ਆਈ ਹੈ ਪਰ ਪ੍ਰਾਈਵੇਟ ਬੱਸਾਂ ਨੂੰ ਸਵਾਰੀਆਂ ਦੇ ਪੱਖ ਤੋਂ ਰਗੜਾ ਲਾਉਣ ਵਾਲੀ ਸਾਬਤ ਹੋ ਰਹੀ ਹੈ। ਇਸ ਪੱਤਰਕਾਰ ਨੇ ਦੇਖਿਆ ਕਿ ਅੱਜ ਪੀਆਰਟੀਸੀ ਦੀਆਂ ਬੱਸਾਂ ਔਰਤਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਸਨ। ਬੇਸ਼ੱਕ ਦੋ ਪੁਰਸ਼ਾਂ ਨਾਲ ਤੀਸਰੀ ਔਰਤ ਸਵਾਰੀ ਹੋਣ ਕਰਕੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਸਵਾਰੀ ਮਿਲਣ ਰਹੀ ਸੀ ਪਰ ਕੱਲੀਆਂ ਕਹਿਰੀਆਂ ਔਰਤਾਂ ਸਰਕਾਰੀ ਬੱਸਾਂ ਦਾ ਪਤਾ ਪੁੱਛਦੀਆਂ ਨਜ਼ਰ ਆ ਰਹੀਆਂ ਸਨ। ਫਰੀਦਕੋਟ ਨੂੰ ਜਾ ਰਹੀ ਬਜ਼ੁਰਗ ਜਸਮੇਲ ਕੋਰ ਨੇ ਦੱਸਿਆ ਕਿ ਪ੍ਰਾਈਵੇਟ ਬੱਸ ਵਾਲੇ ਔਰਤ ਸਵਾਰੀ ਨੂੰ ਬੱਸ ਵਿੱਚ ਬੈਠਣ ਅਤੇ ਸੀਟ ਦਿਵਾਉਣ ਦੀ ਗੱਲ ਆਖ ਰਹੇ ਸਨ ਕਿਰਾਇਆ ਘੱਟ ਨਹੀਂ ਕੀਤਾ ਜਿਸ ਕਰਕੇ ਉਹ 20 ਮਿੰਟ ਬਾਅਦ ’ਚ ਚੱਲਣ ਵਾਲੀ ਸਰਕਾਰੀ ਬੱਸ ’ਚ ਬੈਠੀ ਹੈ।
ਦੱਸਣਯੋਗ ਹੈ ਕਿ ਲੰਘੀ 8 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਦੇ ਬਜਟ ’ਚ ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫਤ ਸਫਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ। ਇਸ ਸਕੀਮ ਨੂੰ ਪਹਿਲੀ ਅਪਰੈਲ ਤੋਂ ਲਾਗੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਰੋਡਵੇਜ਼,ਪਨਬੱਸ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਔਰਤਾਂ ਲਈ ਪਹਿਲੀ ਤਰਜੀਹ ਬਣ ਗਈਆਂ ਹਨ ਜਿਸ ਨੂੰ ਲੈਕੇ ਪ੍ਰਾਈਵੇਟ ਬੱਸ ਮਾਲਕ ਸਵਾਰੀਆਂ ਦੇ ਪੱਖ ਤੋਂ ਕਸੂਤੇ ਫਸੇ ਹੋਏ ਹਨ। ਟਰਾਂਸਪੋਰਟਰ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਕਈ ਬੱਸਾਂ ਨੇ ਠੇਕੇ ਤੇ ਲਈਆਂ ਹੋਈਆਂ ਹਨ ਜਿੰਨ੍ਹਾਂ ਨੇ ਇਹ ਰਿਆਇਤੀ ਸਫਰ ਆਰੰਭਿਆ ਹੈ।
ਮਜਬੂਰੀ ਵੱਸ ਰਿਆਇਤੀ ਸਕੀਮ ਦਿੱਤੀ
ਪ੍ਰਾਈਵੇਟ ਬੱਸ ਕੰਪਨੀ ਜੀ.ਐਨ.ਟੀ ਟਰਾਂਸਪੋਰਟ ਨਾਲ ਸਬੰਧਤ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਔਰਤਾਂ ਲਈ ਮੁਫਤ ਸਫਰ ਯੋਜਨਾ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਤੇ ਭਾਰੀ ਪਈ ਹੈ। ਉਨ੍ਹਾਂ ਆਖਿਆ ਕਿ ਕਰੋਨਾ ਕਾਰਨ ਟਰਾਂਸਪੋਰਟ ਖੇਤਰ ਤਾਂ ਪਹਿਲਾਂ ਹੀ ਮੰਦੇ ਦੀ ਮਾਰ ਹੇਠ ਆਇਆ ਹੋਇਆ ਹੈ ,ਉੱਪਰੋਂ ਇਸ ਨਵੇਂ ਫੈਸਲੇ ਨੇ ਸਵਾਰੀਆਂ ਨੂੰ ਨਿੱਜੀ ਬੱਸਾਂ ਤੋਂ ਦੂਰ ਕਰ ਦਿੱਤਾ ਹੈ ਜਦੋਂ ਕਿ ਟਾਇਰਾਂ ਦੀ ਘਸਾਈ,ਟੈਕਸ,ਮਹਿੰਗਾ ਡੀਜ਼ਲ ਅਤੇ ਹੋਰ ਖਰਚੇ ਜਿਓਂ ਦੇ ਤਿਓਂ ਪੈ ਰਹੇ ਹਨ। ਉਨ੍ਹਾਂ ਆਖਿਆ ਕਿ ਬਹੁਤੇ ਰੂਟਾਂ ਤੇ ਬੱਸਾਂ ਖਾਲੀ ਘੁੰਮਣ ਲੱਗੀਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀ ਵੱਸ ਰਿਆਇਤੀ ਦਰਾਂ ਤੇ ਸਫਰ ਦੀ ਪੇਸ਼ਕਸ਼ ਕਰਨੀ ਪਈ ਹੈ।
ਜਾਂਦੇ ਚੋਰ ਦੀ ਪੱਗ ਵਾਲੀ ਗੱਲ
ਬਠਿੰਡਾ ਬੱਸ ਕੰਪਨੀ ਦੇ ਮਾਲਕ ਹਰਵਿੰਦਰ ਹੈਪੀ ਅਤੇ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ ਪਰ ਕੁੱਝ ਬੱਸਾਂ ਵਾਲਿਆਂ ਨੇ ਸਵਾਰੀ ਟੁੱਟਦੀ ਦੇਖਕੇ ਆਪਣੇ ਪੱਧਰ ਤੇ ਫੈਸਲਾ ਲੈ ਲਿਆ ਹੈ। ਉਨ੍ਹਾਂ ਆਖਿਆ ਕਿ ਅਸਲ ’ਚ ਤਾਂ ਇਹ ਧੰਦਾ ਘਾਟੇ ਦਾ ਸੌਦਾ ਬਣ ਗਿਆ ਹੈ ਬੱਸ ਗੱਡੀ ਰਿੜ੍ਹਨ ਵਾਲੀ ਗੱਲ ਹੈ।