ਹਰਜਿੰਦਰ ਸਿੰਘ ਭੱਟੀ
- ਔਰਤਾਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ
ਐਸ ਏ ਐਸ ਨਗਰ , 03 ਅਪਰੈਲ 2021 - ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਹੱਈਆ ਕਰਵਾਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਾ ਔਰਤਾਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ ਤੇ ਇਹ ਸਹੂਲਤ ਔਰਤਾਂ ਦੀ ਆਰਥਿਕ ਸਥਿਤੀ ਸੁਧਾਰਨ ਵਿੱਚ ਯੋਗਦਾਨ ਪਾਉਣ ਲੱਗੀ ਹੈ। ਔਰਤਾਂ ਵੱਲੋਂ ਇਸ ਸਹੂਲਤ ਲਈ ਪੰਜਾਬ ਸਰਕਾਰ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਜ਼ੀਰਕਪੁਰ ਵਾਸੀ ਸੰਤੋਸ਼ ਪਾਠਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਜੋ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੈ, ਉਹ ਇਤਿਹਾਸਕ ਹੈ ਤੇ ਇਹ ਫ਼ੈਸਲਾ ਸਮਾਜ ਵਿੱਚ ਔਰਤਾਂ ਦੇ ਵਿਕਾਸ ਸਬੰਧੀ ਅਹਿਮ ਭੂਮਿਕਾ ਨਿਭਾਏਗਾ।ਇਸ ਨਾਲ ਕੰਮ ਕਾਜੀ ਔਰਤਾਂ ਜੋ ਰੋਜ਼ਾਨਾ ਬੱਸਾਂ ਵਿੱਚ ਸਫ਼ਰ ਕਰਦੀਆਂ ਹਨ ਤੇ ਆਰਥਿਕ ਤੌਰ ਉਤੇ ਕਮਜ਼ੋਰ ਔਰਤਾਂ, ਦੋਵਾਂ ਨੂੰ ਆਰਥਿਕ ਤੌਰ ਉਤੇ ਲਾਭ ਹੋਵੇਗਾ ਤੇ ਇਸ ਸਕੀਮ ਔਰਤਾਂ ਦੀ ਆਰਥਿਕ ਸਥਿਤੀ ਸੁਧਾਰਨ ਵਿੱਚ ਯੋਗਦਾਨ ਪਾਉਣ ਲੱਗੀ ਹੈ।
ਇਸੇ ਤਰ੍ਹਾਂ ਕੁਰਾਲੀ ਬੱਸ ਸਟੈਂਡ ਵਿਖੇ ਅਮਰਜੀਤ ਕੌਰ ਸਮੇਤ ਵੱਖ ਵੱਖ ਔਰਤਾਂ ਨੇ ਕੈਪਟਨ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਸਬੰਧੀ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਤੇ ਉਹ ਸਹਿਜੇ ਹੀ ਇਸ ਸਹੂਲਤ ਦਾ ਲਾਭ ਲੈ ਸਕਦੀਆਂ ਹਨ।
ਸਭ ਤੋਂ ਵੱਧ ਲਾਭ ਤਾਂ ਆਰਥਿਕ ਤੌਰ ਉਤੇ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ ਹੋ ਰਿਹਾ ਹੈ, ਜੋ ਕਈ ਵਾਰ ਕਿਰਾਏ ਦੀ ਅਣਹੋਂਦ ਕਾਰਨ ਆਪਣੇ ਅਤਿ ਜ਼ਰੂਰੀ ਕਾਰਜ ਕਰਨ ਤੋਂ ਵੀ ਖੁੰਝ ਜਾਂਦੀਆਂ ਸਨ ਪਰ ਪੰਜਾਬ ਸਰਕਾਰ ਦੀ ਇਸ ਸਕੀਮ ਸਦਕਾ ਉਨ੍ਹਾਂ ਦੀਆਂ ਅਜਿਹੀਆਂ ਸਾਰੀਆਂ ਦਿੱਕਤਾਂ ਦੂਰ ਹੋਈਆਂ ਹਨ।
ਇਸ ਦੇ ਨਾਲ ਕੁਰਾਲੀ ਦੀ ਹੀ ਕਾਂਤਾ ਦੇਵੀ ਨੇ ਵੀ ਪੰਜਾਬ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਇਹ ਸਕੀਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਵਿੱਚੋਂ ਸਭ ਤੋਂ ਅਹਿਮ ਹੈ ਤੇ ਇਹ ਸਹੂਲਤ ਔਰਤਾਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਏਗੀ।
ਇਸ ਸਕੀਮ ਬਾਬਤ ਹੋਰ ਗੱਲਬਾਤ ਕਰਦਿਆਂ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਔਰਤਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਦੇ ਵੱਧ ਤੋਂ ਵੱਧ ਮੌਕੇ ਦੇਣ ਲਈ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਹਨ ਤੇ ਉਨ੍ਹਾਂ ਉਪਰਾਲਿਆਂ ਦੀ ਲੜੀ ਤਹਿਤ ਹੀ ਇਹ ਬਹੁਤ ਅਹਿਮ ਉਪਰਾਲਾ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।