- ਸੂਬਾ ਸਰਕਾਰ ਵੱਲੋਂ ਮਹਿਲਾ ਯਾਤਰੀਆਂ ਨੂੰ ਮੁਫ਼ਤ ਬੱਸ ਸੇਵਾਵਾਂ ਦੇਣ ਦੇ ਫੈਸਲੇ ਨੂੰ ਜ਼ਿਲ੍ਹੇ ਭਰ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ
- ਲਾਭਪਾਤਰੀ ਔਰਤਾਂ ਨੇ ਇਸ ਉਪਰਾਲੇ ਨੂੰ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਕਰਾਰ ਦਿੱਤਾ
ਜਲੰਧਰ, 3 ਅਪ੍ਰੈਲ 2021 - ਕੈਪਟਨ ਸਰਕਾਰ ਵੱਲੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਦੇ ਫੈਸਲੇ ਨੂੰ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪਿਛਲੇ ਦੋ ਦਿਨਾਂ ਵਿਚ ਜਲੰਧਰ ਰੋਡਵੇਜ਼ ਡਿਪੂਆਂ ਤੋਂ 4949 ਔਰਤਾਂ ਨੇ ਸਰਕਾਰੀ ਬੱਸਾਂ ਵਿਚ ਮੁਫ਼ਤ ਯਾਤਰਾ ਦਾ ਲਾਭ ਲਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਤੇਜਿੰਦਰ ਸ਼ਰਮਾ ਅਤੇ ਨਵਰਾਜ ਬਾਤਿਸ਼ ਨੇ ਦੱਸਿਆ ਕਿ ਕੁੱਲ 4949 ਮਹਿਲਾ ਯਾਤਰੀਆਂ ਵੱਲੋਂ 1 ਅਤੇ 2 ਅਪ੍ਰੈਲ, 2021 ਨੂੰ ਦੋਵੇਂ ਡਿਪੂਆਂ ਦੀਆਂ 185 ਸਰਕਾਰੀ ਬੱਸਾਂ ਰਾਹੀਂ ਇਸ ਸਹੂਲਤ ਦਾ ਲਾਭ ਲਿਆ ਗਿਆ ਹੈ। ਸਕੀਮ ਦੀ ਸ਼ੁਰੂਆਤ ਵਾਲੇ ਦਿਨ ਲਗਭਗ 1529 ਔਰਤਾਂ ਨੇ ਮੁਫ਼ਤ ਯਾਤਰਾ ਕੀਤੀ ਜਦਕਿ ਅਗਲੇ ਦਿਨ 3462 ਲਾਭਪਾਤਰੀਆਂ ਨੇ ਇਸ ਸਹੂਲਤ ਦਾ ਲਾਭ ਉਠਾਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਯੋਜਨਾ 'ਤੇ ਹੁਣ ਤੱਕ ਕਾਫੀ ਰਾਸ਼ੀ ਖਰਚ ਕੀਤੀ ਗਈ ਹੈ।
ਜਨਰਲ ਮੈਨੇਜਰਾਂ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਦੀ ਅਧਿਕਾਰਤ ਤੌਰ 'ਤੇ ਸ਼ੁਰੂਆਤ ਭਾਵ 1 ਅਪ੍ਰੈਲ 2021 ਤੋਂ ਪਹਿਲਾਂ ਹੀ ਬੱਸਾਂ ਵਿੱਚ ਢੁੱਕਵੇਂ ਪ੍ਰਬੰਧ ਕਰ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਟਿਕਟਿੰਗ ਮਸ਼ੀਨਾਂ ਵਿੱਚ ਵੱਖ-ਵੱਖ ਸਾਫ਼ਟਵੇਅਰ ਅਪਡੇਟਸ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੱਸਾਂ ਵਿੱਚ ਪੈਨਿਕ ਬਟਨ ਅਤੇ ਜੀਪੀਐਸ ਟਰੈਕਿੰਗ ਪ੍ਰਣਾਲੀਆਂ ਦੀ ਸ਼ੁਰੂਆਤ ਕੀਤੀ ਗਈ।
ਦੂਜੇ ਪਾਸੇ ਰਾਜ ਭਰ ਵਿੱਚ ਲਾਭਪਾਤਰੀ ਔਰਤਾਂ ਵੱਲੋਂ ਸੁਰੱਖਿਅਤ, ਭਰੋਸੇਮੰਦ ਅਤੇ ਮੁਫ਼ਤ ਯਾਤਰਾ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕੈਪਟਨ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਰੋਜ਼ਾਨਾ ਯਾਤਰਾ ਕਰਨ ਵਾਲੀ ਸਰਬਜੀਤ ਕੌਰ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਸੂਬਾ ਸਰਕਾਰ ਦੇ ਫੈਸਲੇ ਨੂੰ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਉਸ ਨੇ ਕਿਹਾ ਕਿ ਔਰਤਾਂ ਨੂੰ ਮੁਫ਼ਤ ਬੱਸ ਸੇਵਾਵਾਂ ਤੋਂ ਇਲਾਵਾ ਪੈਨਿਕ ਬਟਨ ਅਤੇ ਬੱਸਾਂ ਦੀ ਜੀਪੀਐਸ ਟਰੈਕਿੰਗ ਉਨ੍ਹਾਂ ਵਿਚ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨਗੇ ।
ਇਕ ਹੋਰ ਯਾਤਰੀ ਬਲਜੀਤ ਕੌਰ ਨੇ ਕਿਹਾ ਕਿ ਇਹ ਫੈਸਲਾ ਔਰਤਾਂ ਦੀ ਸਮਾਜਿਕ-ਆਰਥਿਕ ਭਲਾਈ ਦੇ ਨਜ਼ਰੀਏ ਤੋਂ ਲੰਮੇ ਸਮੇਂ ਲਈ ਪ੍ਰਭਾਵ ਪਾਵੇਗਾ ਕਿਉਂਕਿ ਇਸ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਦੀਆਂ ਲੜਕੀਆਂ ਉੱਚ ਸਿੱਖਿਆ ਅਤੇ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਕਰਨ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵੱਡੇ ਸ਼ਹਿਰਾਂ ਵਿਚ ਜਾਣ ਲਈ ਉਤਸ਼ਾਹਤ ਹੋਣਗੀਆਂ।
ਸ਼ਹਿਰ ਵਿੱਚ ਵਟਸ ਐਪ ਸਟੇਟਸ ਵਜੋਂ ਟਰੈਂਡ ਕਰਦੀ ਰਹੀ ਜ਼ੀਰੋ ਕਿਰਾਏ ਦੀ ਰਸੀਦ
ਰਾਜ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਦੇਣ ਦੇ ਫੈਸਲੇ ਨੂੰ ਸ਼ਹਿਰ ਵਿੱਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਵੱਲੋਂ ਜ਼ੀਰੋ ਕਿਰਾਏ ਦੀ ਰਸੀਦ ਨੂੰ ਵਟਸ ਐਪ ਸਟੇਟਸ, ਡੀਪੀ ਅਤੇ ਫੇਸਬੁੱਕ ਸਟੋਰੀ ਵਜੋਂ ਪੋਸਟ ਕੀਤਾ ਜਾ ਰਿਹਾ ਹੈ। ਸਰਕਾਰੀ ਬੱਸ ਵਿੱਚ ਸਫ਼ਰ ਕਰਨ 'ਤੇ ਮਹਿਲਾ ਯਾਤਰੀਆਂ ਨੂੰ ਇਕ ਟਿਕਟ ਮਿਲ ਰਹੀ ਹੈ, ਜੋ ਜ਼ੀਰੋ-ਕਿਰਾਇਆ ਦਰਸਾਉਂਦੀ ਹੈ, ਜਿਸ ਨੂੰ ਲਾਭਪਾਤਰੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ।