- ਮਹਿਲਾ ਸਵਾਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਇਸ ਨੂੰ ਮਹਿਲਾ ਸਸ਼ਕਤੀਕਰਨ ਲਈ ਇਤਿਹਾਸਕ ਕਦਮ ਦੱਸਿਆ
- ਮਹਿਲਾਵਾਂ ਆਪਣਾ ਪਹਿਚਾਣ ਪੱਤਰ ਲੈ ਕੇ ਸਰਕਾਰੀ ਬੱਸਾਂ ’ਚ ਮੁਫ਼ਤ ਸਫਰ ਕਰਨ ਦੀ ਸੁਵਿਧਾ ਦਾ ਉਠਾਉਣ ਲਾਭ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 2 ਅਪ੍ਰੈਲ 2021 - ਪੰਜਾਬ ਸਰਕਾਰ ਵਲੋਂ ਏ.ਸੀ. ਬੱਸਾਂ ਨੂੰ ਛੱਡ ਕੇ ਸਾਰੀਆਂ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਨੂੰ ਲੈ ਕੇ ਮਹਿਲਾਵਾਂ ਵਿੱਚ ਬਹੁਤ ਉਤੁਸ਼ਾਹ ਦੇਖਣ ਨੂੰ ਮਿਲਿਆ ਹੈ। ਭਗਵਾਨ ਵਾਲਮੀਕਿ ਅੰਤਰਰਾਜੀ ਬੱਸ ਸਟੈਂਡ ਹੁਸ਼ਿਆਰਪੁਰ ਵਿੱਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਦੇ ਚਿਹਰੇ ’ਤੇ ਇਕ ਵੱਖਰੀ ਚਮਕ ਸੀ ਅਤੇ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਵੀ ਸਨ। ਨੌਕਰੀਪੇਸ਼ਾ ਮਹਿਲਾ ਜਿਥੇ ਆਪਣੇ ਘਰਾਂ ਤੇ ਦਫ਼ਤਰਾਂ ਨੂੰ ਜਾ ਰਹੀਆਂ ਸਨ ਉਥੇ ਕਈ ਮਹਿਲਾਵਾਂ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਜ਼ਰੂਰੀ ਕੰਮ ਵਿੱਚ ਬੱਸ ਸਫ਼ਰ ਕਰ ਰਹੀਆਂ ਸਨ।
ਭਗਵਾਨ ਵਾਲਮੀਕਿ ਅੰਤਰਰਾਜੀ ਬੱਸ ਸਟੈਂਡ ਹੁਸ਼ਿਆਰਪੁਰ ਤੋਂ ਸਫ਼ਰ ਕਰਨ ਵਾਲੀ ਨੌਕਰੀਪੇਸ਼ਾ ਮਹਿਲਾ ਮੋਨਿਕਾ ਨੇ ਦੱਸਿਆ ਕਿ ਉਹ ਆਪਣੇ ਪੇਕੇ ਜਾ ਰਹੀ ਹੈ ਅਤੇ ਉਸ ਨੂੰ ਸਫ਼ਰ ਲਈ ਟਿਕਟ ਦੇ ਪੈਸੇ ਨਹੀਂ ਦੇਣੇ ਪਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਦਾ ਜੋ ਫੈਸਲਾ ਲਿਆ ਹੈ, ਉਹ ਕਾਫ਼ੀ ਚੰਗਾ ਫੈਸਲਾ ਹੈ, ਜਿਹੜਾ ਕਿ ਹਰ ਵਰਗ ਦੀਆਂ ਔਰਤਾਂ ਲਈ ਫਾਇਦੇਮੰਦ ਹੋਵੇਗਾ।
ਦਸੂਹਾ ਦੀ ਰਣਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਦਸੂਹਾ ਹੁਸ਼ਿਆਰਪੁਰ ਆਉਣ ਲਈ ਬੱਸ ਦਾ ਕਿਰਾਇਆ ਨਹੀਂ ਦੇਣਾ ਪਿਆ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਔਰਤਾਂ ਲਈ ਬੱਸ ਸਫ਼ਰ ਮੁਫ਼ਤ ਕਰਕੇ ਇਕ ਇਤਿਹਾਸਕ ਕਦਮ ਚੁਕਿਆ ਹੈ। ਇਸੇ ਤਰ੍ਹਾਂ ਰਾਮਾ ਮੰਡੀ ਜਲੰਧਰ ਤੋਂ ਸਰਕਾਰੀ ਬੱਸ ਵਿੱਚ ਹੁਸ਼ਿਆਰਪੁਰ ਪਹੁੰਚੀ ਕੁਲਵਿੰਦਰ ਕੌਰ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥਣਾਂ, ਕੰਮਕਾਜ ਵਾਲੀਆਂ ਔਰਤਾਂ ਅਤੇ ਆਮ ਔਰਤਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਕਈ ਅਹਿਮ ਕਦਮ ਚੁੱਕੇ ਗਏ ਹਨ ਜੋ ਕਿ ਸ਼ਲਾਘਾਯੋਗ ਹਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਫੈਸਲੇ ਨੂੰ ਮਹਿਲਾ ਸਸ਼ਕਤੀਕਰਨ ਦੀ ਹੋਰ ਮਜ਼ਬੂਤੀ ਵੱਲ ਵੱਡਾ ਕਦਮ ਦੱਸਦਿਆਂ ਕਿਹਾ ਕਿ ਹੁਣ ਸਰਕਾਰੀ ਬੱਸਾਂ ਵਿੱਚ ਸਫ਼ਰ ਦੌਰਾਨ ਔਰਤਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਸਫ਼ਰ ਦੌਰਾਨ ਪੰਜਾਬ ਦੇ ਨਿਵਾਸੀ ਹੋਣ ਦਾ ਕੋਈ ਇਕ ਦਸਤਾਵੇਜ਼ ਦਿਖਾਉਣਾ ਪਵੇਗਾ ਅਤੇ ਉਨ੍ਹਾਂ ਦਾ ਕੋਈ ਕਿਰਾਇਆ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਸਕੀਮ ਸ਼ੁਰੂ ਹੋਣ ਨਾਲ ਵਿਦਿਆਰਥਣਾਂ ਨੂੰ ਬੱਸ ਪਾਸ ਬਨਾਉਣ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਬੱਸਾਂ ਵਿੱਚ ਸੁਰੱਖਿਆ ਦੇ ਲੋੜੀਂਦੇ ਇੰਤਜ਼ਾਮ ਵੀ ਅਮਲ ਵਿੱਚ ਲਿਆਂਦੇ ਜਾ ਰਹੇ ਹਨ।