ਹਰੀਸ਼ ਕਾਲੜਾ
ਨੰਗਲ 2 ਅਪ੍ਰੈਲ 2021:ਮਹਿਲਾ ਸਸ਼ਕਤੀਕਰਨ ਵੱਲ ਇਕ ਹੋਰ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ 01 ਅਪ੍ਰੈਲ ਤੋਂ ਮੁਫਤ ਸਫਰ ਕਰਨ ਦੀ ਸਹੂਲਤ ਸੁਰੂ ਕਰ ਦਿੱਤੀ ਹੈ। ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਸੂਬਾ ਸਰਕਾਰ ਨੇ ਠੋਸ ਕਦਮ ਚੁੱਕੇ ਹਨ। ਇਸ ਮੁਫਤ ਸਫਰ ਸਕੀਮ ਦਾ ਸੂਬੇ ਵਿੱਚ 1.31 ਕਰੋੜ ਔਰਤਾਂ ਤੇ ਲੜਕੀਆਂ ਨੂੰ ਲਾਭ ਮਿਲੇਗਾ। ਹੁਣ ਮਹਿਲਾਵਾਂ ਅਤੇ ਲੜਕੀਆਂ ਸਿਰਫ ਆਧਾਰ ਜਾਂ ਵੋਟਰ ਜਾਂ ਕੋਈ ਵੀ ਯੋਗ ਸ਼ਨਾਖਤੀ ਕਾਰਡ ਦਿਖਾ ਕੇ ਸਾਰੀਆਂ ਗੈਰ ਏ.ਸੀ.ਬੱਸਾਂ ਤੇ ਸੂਬੇ ਅੰਦਰ ਚੱਲਣ ਵਾਲੀਆਂ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਕਰ ਰਹੀਆਂ ਹਨ।
ਸੁਖਸਾਲ ਦੀਆਂ ਵਸਨੀਕ ਅੋਰਤਾਂ ਸਰੋਜ ਕੁਮਾਰੀ, ਕੰਚਨ ਦੇਵੀ, ਜੋਗਿੰਦਰ ਕੌਰ, ਸੋਮਾ ਦੇਵੀ, ਮਨਜੀਤ ਕੌਰ, ਅਨੀਤਾ ਦੇਵੀ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਬਾਰੇ ਔਰਤਾਂ ਨੂੰ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵਲੋਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲਾਭਪਾਤਰੀ ਇਸ ਸਕੀਮ ਦਾ ਪੂਰਾ ਲਾਭ ਲੈ ਸਕਣ। ਉਹਨਾਂ ਦੱਸਿਆ ਕਿ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੀ ਡੀ ਪੀ ਓ ਜਗਮੋਹਨ ਕੌਰ ਦੇ ਉਪਰਾਲਿਆ ਨਾਲ ਇਸ ਸਕੀਮ ਬਾਰੇ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ। 01 ਅਪ੍ਰੈਲ ਨੂੰ ਵੀਡਿਓ ਕਾਨਫਰੰਸ ਰਾਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਢੇਰ,ਭਲਾਣ, ਨੰਗਲ ਡੈਮ, ਬਾਸੋਵਾਲ, ਕਥੇੜਾ ਆਦਿ ਵਿੱਚ 30-30 ਔਰਤਾਂ ਨੇ ਸ਼ਮੁਲੀਅਤ ਕੀਤੀ ਅਤੇ ਯੋਜਨਾ ਦੇ ਲਾਭ ਲੈਣ ਲਈ ਲੋੜੀਦੇ ਦਸਤਾਵੇਜ ਨਾਲ ਰੱਖਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਨੂੰ ਦੱਸਿਆ ਗਿਆ ਕਿ ਅਧਾਰ ਕਾਰਡ, ਵੋਟਰ ਕਾਰਡ ਅਤੇ ਹੋਰ ਕੋਈ ਵੀ ਸ਼ਨਾਖਤੀ ਕਾਰਡ ਦਾ ਸਬੂਤ ਸਫਰ ਕਰਨ ਸਮੇਂ ਨਾਲ ਹੋਣਾ ਲਾਜਮੀ ਹੈ।
ਜਗਮੋਹਨ ਕੌਰ ਸੀ ਡੀ ਪੀ ਓ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਇਸ ਯੋਜਨਾਂ ਦੀ ਹਰ ਪਾਸੇ ਤੋਂ ਸ਼ਲਾਘਾ ਹੋ ਰਹੀ ਹੈ। ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਔਰਤਾਂ ਤੇ ਬੱਚਿਆ ਦੀ ਭਲਾਈ ਲਈ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਭਾਵੇਂ 50 ਪ੍ਰਤੀਸ਼ਤ ਬੱਸ ਸਫਰ ਕਿਰਾਇਆ ਦੇਣ ਦਾ ਵਾਅਦਾ ਕੀਤਾ ਸੀ ਪਰ ਪੂਰਾ ਕਿਰਾਇਆ ਮਾਫ ਕਰਕੇ ਔਰਤਾ ਨੂੰ ਤੋਹਫਾ ਦਿੱਤਾ ਹੈ ਜਿਸਦੀ ਚਹੂੰ ਤਰਫੋ ਸ਼ਲਾਘਾ ਹੋ ਰਹੀ ਹੈ। ਉਹਨਾਂ ਕਿਹਾ ਕਿ ਲੜਕੀਆਂ ਨੂੰ ਆਪਣੀ ਉਚੇਰੀ ਸਿੱਖਿਆ ਲਈ ਦੂਰ ਦਰਾਂਡੇ ਪੜਾਈ ਲਈ ਜਾਣਾ ਪੈਦਾ ਹੈ ਅਤੇ ਇਹ ਸਹੂਲਤ ਸੁਰੂ ਹੋ ਜਾਣ ਨਾਲ ਉਹਨਾਂ ਨੂੰ ਵੀ ਵਿਸੇਸ਼ ਲਾਭ ਮਿਲੇਗਾ।
ਸੁਖਸਾਲ ਨਿਵਾਸੀ ਸਰੋਜ ਕੁਮਾਰੀ ਅਤੇ ਹੋਰਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਫਤ ਬੱਸ ਸਫਰ ਦੀ ਸਹੂਲਤ ਦੇ ਕੇ ਔਰਤਾਂ ਨੂੰ ਤੋਹਫਾ ਦਿੱਤਾ ਹੈ ਜਿਸਦੇ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਅੱਗੇ ਤੋਂ ਵੀ ਔਰਤਾਂ ਦੀ ਭਲਾਈ ਲਈ ਹੋਰ ਉਪਰਾਲੇ ਤੇ ਯੋਜਨਾਵਾਂ ਚਲਾਈਆ ਜਾਣਗੀਆਂ।