ਪਰਵਿੰਦਰ ਸਿੰਘ ਕੰਧਾਰੀ
- ਮੁਫ਼ਤ ਸਫ਼ਰ ਸਕੀਮ ਦਾ 1.31 ਕਰੋੜ ਔਰਤਾਂ / ਲੜਕੀਆਂ ਨੂੰ ਹੋਵੇਗਾ ਲਾਭ
- ਮੁਫ਼ਤ ਬੱਸ ਸਫ਼ਰ ਕਰਦੀਆਂ ਔਰਤਾਂ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ
ਫ਼ਰੀਦਕੋਟ, 4 ਅਪ੍ਰੈਲ 2021 - ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰੇਕ ਵਰਗ ਦੀ ਭਲਾਈ ਅਤੇ ਉੱਨਤੀ ਲਈ ਵੱਡੀ ਪੱਧਰ 'ਤੇ ਯੋਜਨਾਵਾਂ/ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉੱਥੇ ਹੀ ਰਾਜ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਔਰਤ ਵਰਗ ਦੀ ਉੱਨਤੀ ਅਤੇ ਵਿਕਾਸ ਲਈ ਵੱਡੀ ਪੱਧਰ 'ਤੇ ਯੋਜਨਾਵਾਂ ਅਤੇ ਸਕੀਮਾਂ ਦਾ ਆਗਾਜ਼ ਕੀਤਾ ਗਿਆ ਹੈ। ਰਾਜ ਸਰਕਾਰ ਵੱਲੋਂ ਹਾਲ ਹੀ ਵਿੱਚ ਔਰਤ ਵਰਗ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਕੇ ਇਤਿਹਾਸਕ ਤੇ ਦੂਰ ਅੰਦੇਸ਼ੀ ਫ਼ੈਸਲਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਫ਼ਰੀਦਕੋਟ ਤੋਂ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਔਰਤਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਇਸ ਨਾਲ ਰੋਜਾਨਾ ਇਕ ਥਾਂ ਤੋਂ ਦੂਜੀ ਥਾਂ ਜਾਣ ਵਾਲੀਆਂ ਮਹਿਲਾਵਾਂ/ਲੜਕੀਆਂ ਨੂੰ ਆਰਥਿਕ ਪੱਖੋਂ ਪੈਸੇ ਦੀ ਬਚਤ ਹੋਵੇਗੀ।ਉਨਾਂ ਕਿਹਾ ਕਿ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਚੋਣਾਂ `ਚ 50 ਫੀਸਦੀ ਰਾਖਵਾਂਕਰਨ ਦਾ ਅਧਿਕਾਰ ਅਤੇ ਸਰਕਾਰੀ ਨੌਕਰੀਆਂ `ਚ 33 ਫੀਸਦੀ ਰਾਖਵਾਂਕਰਨ ਵੀ ਦਿੱਤਾ ਗਿਆ ਜੋ ਔਰਤ ਵਰਗ ਦੇ ਸਸ਼ਤੀਕਰਨ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਦੀਆਂ ਔਰਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਔਰਤਾਂ ਨੂੰ ਦਿੱਤੇ ਇਸ ਸ਼ਾਨਦਾਰ ਤੌਹਫੇ ਲਈ ਉਨ੍ਹਾਂ ਦੀਆਂ ਧੰਨਵਾਦੀ ਹਨ।
ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ਅੰਦਰ ਔਰਤਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੂੰ ਇੰਨੀਆਂ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ, ਜਿੰਨੀਆਂ ਪੰਜਾਬ ਅੰਦਰ ਲੋੜਵੰਦਾਂ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਬੱਸਾਂ ਵਿੱਚ ਬਿਲਕੁੱਲ ਕਿਰਾਇਆ ਮਾਫ ਕਰਨਾ ਕੋਈ ਛੋਟੀ ਗੱਲ ਨਹੀਂ, ਬਲਕਿ ਸਰਕਾਰ ਦਾ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਕਿਹਾ ਕਿ ਮੁਫਤ ਬੱਸ ਸਫਰ ਦੀ ਸਹੂਲਤ ਨਾਲ ਮਹਿਲਾਵਾਂ ਅਤੇ ਲੜਕੀਆਂ ਨੂੰ ਪੜਾਈ ਤੇ ਨੌਕਰੀ ਲਈ ਬਾਹਰ ਜਾਣਾ ਹੁਣ ਸੁਖਾਲਾ ਹੋ ਗਿਆ ਹੈ ।
ਉਨ੍ਹਾਂ ਬੱਚੀਆਂ, ਔਰਤਾਂ ਅਤੇ ਬਜ਼ੁਰਗ ਮਾਤਾਵਾਂ ਨੂੰ ਪੰਜਾਬ ਸਰਕਾਰ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਸਹੂਲਤ ਨਾਲ ਸਹੀ ਅਰਥਾਂ ਵਿੱਚ ਔਰਤਾਂ ਦਾ ਸਸ਼ਕਤੀਕਰਨ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਮਹਿਲਾਵਾਂ ਭਾਵੇਂ ਉਹ ਕੋਈ ਵੀ ਵਿੱਤੀ ਰੁਤਬਾ ਰੱਖਦੀਆਂ ਹੋਣ, ਸਿਰਫ ਆਧਾਰ ਜਾਂ ਵੋਟਰ ਜਾਂ ਕੋਈ ਵੀ ਯੋਗ ਸ਼ਨਾਖਤੀ ਕਾਰਡ ਦਿਖਾ ਕੇ ਸਾਰੀਆਂ ਸਰਕਾਰੀ ਗੈਰ ਏ.ਸੀ.ਬੱਸਾਂ 'ਤੇ ਸੂਬੇ ਅੰਦਰ ਮੁਫਤ ਸਫਰ ਕਰ ਸਕਦੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਅੱਜ ਫ਼ਰੀਦਕੋਟ ਤੋਂ ਬਠਿੰਡਾ ਜਾ ਰਹੀਆਂ ਮਨਪ੍ਰੀਤ ਕੌਰ ,ਅਸ਼ਵਿੰਦਰ ਕੌਰ ਅਤੇ ਫ਼ਰੀਦਕੋਟ ਤੋਂ ਫਿਰੋਜ਼ਪੁਰ ਜਾ ਰਹੀ ਸੁਰਜੀਤ ਕੌਰ ਅਤੇ ਮੁੰਨੀ ਦੇਵੀ ਸਮੇਤ ਵੱਡੀ ਗਿਣਤੀ ਵਿਚ ਔਰਤਾਂ/ਲੜਕੀਆਂ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇ ਕੇ ਵੱਡਾ ਫ਼ੈਸਲਾ ਕੀਤਾ ਹੈ ਜਿਸ ਦਾ ਸਮੁੱਚੇ ਔਰਤ ਵਰਗ ਨੂੰ ਭਰਪੂਰ ਲਾਭ ਮਿਲੇਗਾ।
ਪੀ.ਆਰ.ਟੀ.ਸੀ., ਫ਼ਰੀਦਕੋਟ ਦੇ ਅਧਿਕਾਰੀ ਪਰਮਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਵਿਭਾਗ ਵੱਲੋਂ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਲਈ ਸਰਕਾਰ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕੀਤੀ ਜਾ ਰਹੀ ਹੈ ਅਤੇ ਔਰਤਾਂ/ਲੜਕੀਆਂ ਨੂੰ ਬੱਸ ਸਫ਼ਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।