ਬਲਵਿੰਦਰ ਸਿੰਘ ਧਾਲੀਵਾਲ
- ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀ ਸ਼ਿਕਾਇਤ ਨਿਵਾਰਨ ਅਥਾਰਟੀ ਵਜੋਂ ਅਧਿਕਾਰਤ
ਸੁਲਤਾਨਪੁਰ ਲੋਧੀ, 3 ਅਪ੍ਰੈਲ 2021 - ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦਾ ਨਿਰਵਿਘਨ ਲਾਭ ਦੇਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਰੋਜ਼ਾਨਾ ਦੇ ਕੰਮਕਾਜ ਲਈ ਆਉਣ-ਜਾਣ ਵਾਲੀਆਂ ਔਰਤਾਂ, ਵਿਦਿਆਰਥਣਾਂ, ਨੌਕਰੀਪੇਸ਼ਾ ਮਹਿਲਾਵਾਂ ਨੂੰ ਮੁਫਤ ਸਫਰ ਦਾ ਲਾਭ ਲੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਮੁਫਤ ਸਫਰ ਵਿਚ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਲਈ ਸ਼ਿਕਾਇਤ ਨਿਵਾਰਨ ਅਥਾਰਟੀ ਵਜੋਂ ਪੰਜਾਬ ਸਰਕਾਰ ਨੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਬਲਾਕ ਪੱਧਰੀ ਅਧਿਕਾਰੀਆਂ ਨੂੰ ਅਧਿਕਾਰਤ ਕੀਤਾ ਹੈ। ਇਸ ਤੋਂ ਇਲਾਵਾ 181 ਹੈਲਪਲਾਇਨ ਉੱਪਰ ਵੀ ਔਰਤਾਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਵਲੋਂ ਇਸ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਬਣਾਈਆਂ ਗਈਆਂ ਟੀਮਾਂ ਜਿਸਦੀ ਅਗਵਾਈ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਸਨੇਹ ਲਤਾ ਤੇ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਸ੍ਰੀਮਤੀ ਬਿੱਟੀ ਮਨਚੰਦਾ ਵਲੋਂ ਜਿਲ੍ਹੇ ਦੇ ਵੱਖ-ਵੱਖ ਬੱਸ ਅਡਿਆਂ ਉੱਪਰ ਮਹਿਲਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਮੁਫਤ ਸਫਰ ਵਿਚ ਕਿਸੇ ਵੀ ਕਿਸਮ ਦੀ ਦਿੱਕਤ ਬਾਰੇ ਜਾਣਕਾਰੀ ਲਈ ਜਾ ਰਹੀ ਹੈ।
ਉਨ੍ਹਾਂ ਵਲੋਂ ਵਿਸ਼ੇਸ਼ ਤੌਰ ’ਤੇ ਪਿੰਡਾਂ ਦੀਆਂ ਔਰਤਾਂ ਜੋ ਕਿ ਵਿੱਤੀ ਕੰਮਕਾਜ ਤੇ ਸਵੈ ਰੁਜ਼ਗਾਰ ਲਈ ਰੋਜ਼ਾਨਾ ਸਫਰ ਕਰਦੀਆਂ ਹਨ, ਨਾਲ ਸੰਪਰਕ ਕਰਕੇ ਲੋੜੀਂਦਾ ਫੋਟੋ ਸ਼ਨਾਖਤੀ ਕਾਰਡ ਕੋਲ ਰੱਖਣ ਬਾਰੇ ਦੱਸਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਮਕਸਦ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਰਾਹੀਂ ਲੜਕੀਅਾਂ ਦੀ ਸਿੱਖਿਆ ਤੇ ਸੂਬੇ ਦੀ ਆਰਥਿਕਤਾ ਵਿਚ ਔਰਤਾਂ ਦੇ ਯੋਗਦਾਨ ਨੂੰ ਵਧਣ-ਫੁੱਲਣ ਦਾ ਮੌਕਾ ਦੇਣਾ ਹੈ।
ਪੀ.ਆਰ.ਟੀ.ਸੀ. ਦੇ ਜੀ.ਐਮ. ਸ੍ਰੀ ਪ੍ਰਵੀਨ ਕੁਮਾਰ ਦੱਸਦੇ ਹਨ ਕਿ ਪੂਰੇ ਜਿਲ੍ਹੇ ਵਿਚ 3875 ਮਹਿਲਾਵਾਂ ਵਲੋਂ ਕਿਰਾਏ ਦੀ ਛੋਟ ਦਾ ਲਾਭ ਲਿਆ ਗਿਆ ਹੈ । ਪਹਿਲੀ ਅਪ੍ਰੈਲ ਨੂੰ 1125 ਤੇ ਦੂਜੀ ਅਪ੍ਰੈਲ ਨੂੰ 2750 ਔਰਤਾਂ ਵਲੋਂ ਮੁਫਤ ਸਫਰ ਦੀ ਸਹੂਲਤ ਲਈ ਗਈ।