- ਲਾਭਪਾਤਰੀ ਮਹਿਲਾਵਾਂ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
- ਪਹਿਲੇ ਦੋ ਦਿਨਾਂ ’ਚ ਹੁਸ਼ਿਆਰਪੁਰ ਰੋਡਵੇਜ਼ ਡਿਪੂ ਤੋਂ 2650 ਮਹਿਲਾਵਾਂ ਨੇ 1,32,932 ਰੁਪਏ ਦਾ ਮੁਫ਼ਤ ਬੱਸ ਸੁਵਿਧਾ ਦਾ ਲਿਆ ਲਾਭ
ਹੁਸ਼ਿਆਰਪੁਰ, 3 ਅਪ੍ਰੈਲ 2021 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਕਦਮ ਉਠਾਉਂਦੇ ਹੋਏ ਸੂਬੇ ਦੀਆਂ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸੁਵਿਧਾ ਨਾਲ ਮਹਿਲਾਵਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਵਿਸ਼ੇਸ਼ ਕਰਕੇ ਕੰਮਕਾਜ ਵਾਲੀਆਂ ਮਹਿਲਾਵਾਂ ਲਈ ਮੁਫ਼ਤ ਬੱਸ ਸਫਰ ਦੀ ਸੁਵਿਧਾ ਇਕ ਬਹੁਤ ਵੱਡੀ ਰਾਹਤ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਰੋਜ਼ਾਨਾ ਇਕ ਸਥਾਨ ਤੋਂ ਦੂਜੇ ਸਥਾਨ ’ਤੇ ਜਾਣ ਵਾਲੀਆਂ ਮਹਿਲਾਵਾਂ ਨੂੰ ਸਰਕਾਰ ਦੀ ਇਸ ਯੋਜਨਾ ਤੋਂ ਆਰਥਿਕ ਰੂਪ ਵਿੱਚ ਕਾਫ਼ੀ ਲਾਭ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਮੁਫ਼ਤ ਬੱਸ ਸਫ਼ਰ ਦੀ ਸੁਵਿਧਾ ਲਈ ਮਹਿਲਾਵਾਂ ਸਿਰਫ਼ ਪੰਜਾਬ ਦੇ ਨਿਵਾਸੀ ਹੋਣ ਦਾ ਪਹਿਚਾਣ ਪੱਤਰ ਦਿਖਾ ਕੇ ਸਰਕਾਰੀ ਗੈਰ ਏ.ਸੀ. ਬੱਸਾਂ ਵਿੱਚ ਮੁਫ਼ਤ ਸਫਰ ਕਰ ਸਕਦੀਆਂ ਹਨ।
ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਰਣਜੀਤ ਸਿੰਘ ਬੱਗਾ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਮੁਫ਼ਤ ਬੱਸ ਸੁਵਿਧਾ ਦਾ ਮਹਿਲਾਵਾਂ ਨੇ ਕਾਫ਼ੀ ਲਾਭ ਉਠਾਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦੋ ਦਿਨਾਂ ਵਿੱਚ 2650 ਮਹਿਲਾਵਾਂ ਨੇ 1,32,932 ਰੁਪਏ ਦਾ ਮੁਫ਼ਤ ਬੱਸ ਸੁਵਿਧਾ ਦਾ ਲਾਭ ਉਠਾਇਆ ਹੈ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਨੂੰ 730 ਮਹਿਲਾਵਾਂ ਨੇ ਹੁਸ਼ਿਆਰਪੁਰ ਡਿਪੂ ਤੋਂ ਮੁਫ਼ਤ ਬੱਸ ਸਫ਼ਰ ਕੀਤਾ ਅਤੇ 34750 ਰੁਪਏ ਦਾ ਮੁਫ਼ਤ ਸਫ਼ਰ ਸੁਵਿਧਾ ਦਾ ਲਾਭ ਲਿਆ ਜਦਕਿ 2 ਅਪ੍ਰੈਲ ਨੂੰ 1920 ਮਹਿਲਾਵਾਂ ਨੇ 98182 ਰੁਪਏ ਦਾ ਮੁਫ਼ਤ ਬੱਸ ਸਫ਼ਰ ਦਾ ਅਨੰਦ ਉਠਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਮਹਿਲਾਵਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਰੋਡਵੇਜ਼ ਵਲੋਂ ਆਪਣੀਆਂ ਸਾਰੀਆਂ ਬੱਸਾਂ ਵਿੱਚ ਜੀ.ਪੀ.ਐਸ. ਸਿਸਟਮ ਵੀ ਲਗਾਇਆ ਜਾ ਰਿਹਾ ਹੈ।
ਬੱਸ ਸਟੈਂਡ ਤੋਂ ਮੁਫ਼ਤ ਬੱਸ ਸਫ਼ਰ ਦਾ ਅਨੰਦ ਉਠਾਉਣ ਵਾਲੀ ਸ਼ਿਖਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਉਸ ਦੀ ਲੜਕੀ ਦਾ ਕਿਰਾਇਆ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਲਈ ਕਾਫ਼ੀ ਕੰਮ ਕਰ ਰਹੀ ਹੈ ਜਿਸ ਲਈ ਉਹ ਪ੍ਰਸ਼ੰਸਾ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਬੱਸ ਕਿਰਾਇਆ ਮਾਫ ਕਰਨਾ ਬਹੁਤ ਵੱਡੀ ਗੱਲ ਹੈ। ਲਤਾ ਦੇਵੀ ਨੇ ਕਿਹਾ ਕਿ ਮੁਫ਼ਤ ਬੱਸ ਸੁਵਿਧਾ ਖਾਸ ਕਰਕੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਲਈ ਵਰਦਾਨ ਸਾਬਤ ਹੋਵੇਗਾ। ਰੇਨੂ ਨੇ ਦੱਸਿਆ ਕਿ ਵਿੱਤੀ ਤੌਰ ’ਤੇ ਵਿਦਿਆਰਥਣਾਂ ਨੂੰ ਇਸ ਨਾਲ ਬਹੁਤ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ।