ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 3 ਅਪਰੈਲ 2021 - ਮਹਿਲਾ ਸਸ਼ਕਤੀਕਰਨ ਵੱਲ ਇਕ ਹੋਰ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਸੂਬੇ ਵਿੱਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਾ ਵਰਚੁਅਲ ਤੌਰ 'ਤੇ ਆਗਾਜ਼ ਕੀਤਾ। ਜਿਸ ਦਾ ਔਰਤ ਵਰਗ ਵੱਲੋਂ ਭਾਰੀ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਮੋਗਾ ਡੀਪੂ ਦੇ ਜਨਰਲ ਮੈਨੇਜਰ ਸ੍ਰ ਜਗਰਾਜ ਸਿੰਘ ਅਤੇ ਵਰਕਸ਼ਾਪ ਮੈਨੇਜਰ ਸ਼੍ਰੀ ਮੇਰਿਕ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਸੇਵਾ ਮਿਤੀ 1 ਅਪ੍ਰੈਲ ਤੋਂ ਚਾਲੂ ਕੀਤੀ ਗਈ ਹੈ, ਜਿਸ ਪ੍ਰਤੀ ਔਰਤ ਯਾਤਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੋਗਾ ਡੀਪੂ ਦੀਆਂ ਬੱਸਾਂ ਨੇ ਮਿਤੀ 1 ਅਪ੍ਰੈਲ ਨੂੰ 336 ਅਤੇ 2 ਅਪ੍ਰੈਲ ਨੂੰ 2827 ਔਰਤਾਂ ਨੂੰ ਮੁਫ਼ਤ ਸਫ਼ਰ ਕਰਾਇਆ। ਇਹਨਾਂ ਯਾਤਰੀਆਂ ਦੀ ਕੁੱਲ ਸਫ਼ਰ ਰਾਸ਼ੀ 1,53,357 ਰੁਪਏ ਬਣਦੀ ਹੈ। ਜੇਕਰ ਪੰਜਾਬ ਸਰਕਾਰ ਇਹ ਸਹੂਲਤ ਨਾ ਲਿਉਂਦੀ ਤਾਂ ਇਹ ਰਾਸ਼ੀ ਆਮ ਗਰੀਬ ਔਰਤਾਂ ਦੀ ਜੇਬ ਵਿੱਚੋਂ ਜਾਣੀ ਸੀ।
ਉਹਨਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਮਿਲੇ ਆਦੇਸ਼ ਦੀ ਪਾਲਣਾ ਕਰਦਿਆਂ ਸਮੂਹ ਕੰਡਕਟਰ ਅਤੇ ਡਰਾਈਵਰਾਂ ਨੂੰ ਕਿਹਾ ਗਿਆ ਹੈ ਕਿ ਵੱਧ ਤੋਂ ਵੱਧ ਯੋਗ ਔਰਤਾਂ ਨੂੰ ਇਸ ਸਹੂਲਤ ਦਾ ਲਾਭ ਦਿਵਾਇਆ ਜਾਵੇ। ਇਸ ਸਬੰਧੀ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਬੱਸਾਂ ਦਾ ਸਫ਼ਰ ਜਰੂਰ ਕਰਨ। ਕਿਉਂਕਿ ਹੁਣ ਉਹ ਸਮਾਂ ਲੰਘ ਗਿਆ ਹੈ ਕਿ ਸਰਕਾਰੀ ਬੱਸਾਂ ਵਿਚ ਨਿੱਜ਼ੀ ਬੱਸਾਂ ਜਿਹੀਆਂ ਸਹੂਲਤਾਂ ਨਹੀਂ ਹੁੰਦੀਆਂ ਸਨ। ਸੇਵਾ ਦੇ ਮਾਮਲੇ ਵਿਚ ਅੱਜ ਸਰਕਾਰੀ ਬੱਸਾਂ ਨਿਜ਼ੀ ਬੱਸਾਂ ਤੋਂ ਕਿਧਰੇ ਵੀ ਘੱਟ ਨਹੀਂ ਹਨ।
ਜ਼ਿਲ੍ਹਾ ਮੋਗਾ ਦੀਆਂ ਬੱਚੀਆਂ, ਔਰਤਾਂ ਅਤੇ ਬਜ਼ੁਰਗ ਮਾਤਾਵਾਂ ਨੂੰ ਪੰਜਾਬ ਸਰਕਾਰ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੰਦਿਆਂ ਉਹਨਾਂ ਨੇ ਕਿਹਾ ਕਿ ਇਸ ਸਹੂਲਤ ਨਾਲ ਸਹੀ ਅਰਥਾਂ ਵਿੱਚ ਔਰਤਾਂ ਦਾ ਸਸ਼ਕਤੀਕਰਨ ਹੋਵੇਗਾ। ਉਹਨਾਂ ਕਿਹਾ ਕਿ ਇਸ ਮੁਫਤ ਸਫਰ ਸਕੀਮ ਦਾ ਸੂਬੇ ਵਿੱਚ 1.31 ਕਰੋੜ ਔਰਤਾਂ ਤੇ ਲੜਕੀਆਂ ਨੂੰ ਫਾਇਦਾ ਹੋਵੇਗਾ। ਸਾਰੀਆਂ ਮਹਿਲਾਵਾਂ ਚਾਹੇ ਉਹ ਕੋਈ ਵੀ ਵਿੱਤੀ ਰੁਤਬਾ ਰੱਖਦੀਆਂ ਹੋਣ, ਸਿਰਫ ਆਧਾਰ ਜਾਂ ਵੋਟਰ ਜਾਂ ਕੋਈ ਵੀ ਯੋਗ ਸ਼ਨਾਖਤੀ ਕਾਰਡ ਦਿਖਾ ਕੇ ਸਾਰੀਆਂ ਗੈਰ ਏ.ਸੀ.ਬੱਸਾਂ ਤੇ ਸੂਬੇ ਅੰਦਰ ਚੱਲਣ ਵਾਲੀਆਂ ਬੱਸਾਂ ਵਿੱਚ ਮੁਫਤ ਸਫਰ ਕਰ ਸਕਦੀਆਂ ਹਨ।
ਉਹਨਾਂ ਨੇ ਕਿਹਾ ਕਿ ਪੰਜਾਬ ਰੋਡਵੇਜ਼ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਟਰਾਂਸਪੋਰਟ ਵਿਭਾਗ ਵਾਹਨਾਂ ਦੀ ਟਰੈਕਿੰਗ ਲਈ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵਿੱਚ ਜੀ.ਪੀ.ਐਸ. ਸਿਸਟਮ ਲਗਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੰਗਾਮੀ ਹਾਲਤ ਲਈ ਪੈਨਿਕ ਬਟਨ ਹੋਵੇਗਾ। ਸਰਕਾਰੀ ਬੱਸਾਂ ਵਿੱਚ ਇਹ ਪ੍ਰਕਿਰਿਆ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਪ੍ਰਾਈਵੇਟ ਅਪਰੇਟਰਾਂ ਨੂੰ 31 ਅਗਸਤ ਤੱਕ ਪੂਰਾ ਕਰਨ ਲਈ ਆਖਿਆ ਗਿਆ ਹੈ।
ਇਸ ਦੌਰਾਨ ਮੋਗਾ ਦੇ ਬੱਸ ਅੱਡੇ ਉੱਤੇ ਇਕ ਰਾਜਵਿੰਦਰ ਕੌਰ ਨਾਂ ਦੀ ਮਹਿਲਾ ਨੇ ਕਿਹਾ ਕਿ ਇਹ ਫੈਸਲਾ ਹੁਣ ਉਸ ਨੂੰ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਬਿਨਾਂ ਕੋਈ ਖਰਚਾ ਕੀਤੇ ਮਿਲਣ ਲਈ ਬਹੁਤ ਸਹਾਈ ਸਿੱਧ ਹੋਵੇਗਾ। ਇਕ ਹੋਰ ਔਰਤ ਨੇ ਇਸ ਮਹਾਨ ਫੈਸਲੇ ਨੂੰ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਫੈਸਲਾ ਕਰਾਰ ਦਿੱਤਾ।ਇਸ ਤੋਂ ਇਲਾਵਾ ਹੋਰ ਔਰਤ ਯਾਤਰੀਆਂ ਨੇ ਵੀ ਕਿਹਾ ਕਿ ਇਹ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਉਪਰ ਚੁੱਕਣ ਦਾ ਉਪਰਾਲਾ ਹੈ।