ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰ ਰਹੀਆਂ ਔਰਤਾਂ ਨੇ ਕੀਤਾ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਪ੍ਰੰਤੂ ਸਰਕਾਰੀ ਬੱਸਾਂ ਦਾ ਟਾਈਮ ਨਾ ਮਾਤਰ ਹੋਣ ਕਾਰਨ ਔਰਤਾਂ ਨਾਲ ਕੋਝਾ ਮਜ਼ਾਕ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 2 ਅਪ੍ਰੈਲ,2021- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਾਲ ਹੀ ਵਿਚ ਪੇਸ਼ ਕੀਤੇ ਬਜਟ ਵਿਚ ਸੂਬੇ ਦੀਆਂ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਕਰਨ ਦੀ ਸਹੂਲਤ 1ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ | ਔਰਤਾਂ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰ ਰਹੀਆਂ ਹਨ, ਸੁਲਤਾਨਪੁਰ 'ਚ ਔਰਤਾਂ ਵਲੋਂ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਹੈ ਅਤੇ ਔਰਤਾਂ ਦਾ ਕਹਿਣਾ ਹੈ ਕਿ ਸਰਕਾਰ ਬੱਸਾਂ ਵਿੱਚ ਅਧਾਰ ਕਾਰਡ ਤੋਂ ਬਿਨਾਂ ਸਫ਼ਰ ਕਰਨ ਦੀ ਸਹੂਲਤ ਦਵੇ | ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਵੱਖ ਵੱਖ ਸ਼ਹਿਰਾਂ ਨੂੰ ਜਾਣ ਵਾਸਤੇ ਸਰਕਾਰੀ ਬੱਸਾਂ ਦੇ ਟਾਈਮ ਟੇਬਲ ਬਹੁਤ ਘੱਟ ਹੈ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੁਲਤਾਨਪੁਰ ਲੋਧੀ ਤੋਂ ਪਿੰਡਾਂ ਨੂੰ ਸਰਕਾਰੀ ਬੱਸਾਂ ਦੇ ਟਾਈਮ ਨਹੀਂ ਹਨ।
ਉਹਨਾਂ ਨੂੰ ਸਵੇਰ ਵੇਲੇ ਸਕੂਲਾਂ, ਕਾਲਜਾਂ ਨੂੰ ਆਉਣ ਲੲੀ ਪ੍ਰਾਈਵੇਟ ਬੱਸਾਂ ਵਿਚ ਹੀ ਸਫ਼ਰ ਕਰਨਾ ਪੈ ਰਿਹਾ ਹੈ। ਇਸ ਕਰਕੇ ਜੋ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਸਹੂਲਤ ਦਿੱਤੀ ਹੈ ਉਸ ਦਾ ਔਰਤਾਂ ਨੂੰ ਨਿਗੁਣਾ ਜਿਹਾਂ ਹੀ ਫਾਇਦਾ ਹੋਇਆ ਹੈ। ਇਸ ਮੌਕੇ ਨਵਨੀਤ ਕੌਰ, ਰਾਜਵਿੰਦਰ ਕੌਰ ਬਾੜਾ ਜੋਧ ਸਿੰਘ, ਪਿੰਦਰਜੀਤ ਕੌਰ, ਕੁਲਵਿੰਦਰ ਕੌਰ ਜਡਿਆਲਾ ਆਦਿ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਬਹੁਤ ਵਧੀਆ ਹੈ ਅਸੀਂ ਅੱਜ ਸਰਕਾਰੀ ਬੱਸਾਂ ਵਿਚ ਸਫ਼ਰ ਕੀਤਾ ਪਰ ਟਾਈਮ ਘੱਟ ਹੋਣ ਕਾਰਨ ਸਾਨੂੰ ਖਜਲ ਖੁਵਾਰ ਬਹੁਤ ਹੋਣਾ ਪਿਆ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੇ ਟਾਈਮ ਜ਼ਿਆਦਾ ਕੀਤੇ ਜਾਣ ਤਾਂ ਜੋ ਸਮੇਂ ਸਿਰ ਆਪਣੇ ਕੰਮਾਂ ਕਾਰਾਂ ਤੇ ਜਾ ਸਕੀਏ ਅਤੇ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੀੲੇ।
ਜ਼ਿਕਰਯੋਗ ਹੈ ਕਿ ਇਸ ਪਵਿੱਤਰ ਧਰਤੀ ਤੋਂ ਧਰਮਿਕ ਅਤੇ ਇਤਿਹਾਸਕ ਅਸਥਾਨਾਂ ਜਿਵੇਂ ਅੰਮ੍ਰਿਤਸਰ, ਅਨੰਦਪੁਰ ਸਾਹਿਬ, ਮਾਤਾ ਚਿੰਤਪੁਰਨੀ, ਨੈਣਾਂ ਦੇਵੀ , ਚੰਡੀਗੜ੍ਹ ਆਦਿ ਨੂੰ ਜਾਣ ਵਾਸਤੇ ਕੋਈ ਵੀ ਸਰਕਾਰੀ ਬੱਸ ਦਾ ਟਾਈਮ ਨਹੀਂ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ ਤੇ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਿਆ ਹੋਇਆ ਹੈ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਇਸ ਨੂੰ ਸੈਰ ਸਪਾਟਾ ਕੇਂਦਰ ਦੇ ਰੂਪ ਵਿਚ ਵਿਕਸਿਤ ਕਰਨ ਦੇ ਦਾਅਵੇ ਕਰਦੀਆਂ ਰਹੀਆਂ ਹਨ। ਪ੍ਰੰਤੂ ਸਰਕਾਰ ਵੱਲੋਂ ਚੱਲ ਰਹੀਆਂ ਸਰਕਾਰੀ ਬੱਸਾਂ ਦੀ ਸਹੂਲਤ ਨਾ ਮਿਲਣ ਕਾਰਨ ਸੰਗਤਾਂ ਦਰਸ਼ਨਾਂ ਨੂੰ ਨਹੀਂ ਆ ਸਕਦੀਆਂ।
ਸ਼ਹਿਰ ਨਿਵਾਸੀ ਔਰਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਜ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਬੱਸਾਂ ਦੇ ਟਾਈਮ ਹੋਰ ਵਧਾਏ ਜਾਣ ਜੋ ਟਾਈਮ ਬੰਦ ਪਏ ਹਨ ਉਹਨਾਂ ਤੇ ਜਲਦੀ ਸਰਕਾਰੀ ਬੱਸਾਂ ਚਲਾਈਆਂ ਜਾਣ ਤਾਂ ਜੋ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆਵਾਂ ਨਾ ਆਵੇ।