ਬਲਵਿੰਦਰ ਸਿੰਘ ਧਾਲੀਵਾਲ
- ਕਪੂਰਥਲਾ ਡਿਪੂ ਤੋਂ ਰੋਜ਼ਾਨਾ ਵੱਖ-ਵੱਖ ਰੂਟਾਂ ’ਤੇ ਚੱਲਦੀਆਂ ਨੇ 82 ਸਰਕਾਰੀ ਬੱਸਾਂ
- ਮਹਿਲਾ ਭਲਾਈ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਔਰਤਾਂ ਨੇ ਕਿਹਾ ‘ਸਰਕਾਰਾਂ ਨੂੰ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ’
ਸੁਲਤਾਨਪੁਰ ਲੋਧੀ, 2 ਅਪ੍ਰੈਲ 2021 - ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਬਿਲਕੁਲ ਮੁਫਤ ਸਫਰ ਦੀ ਸਹੂਲਤ ਦਾ ਜਿੱਥੇ ਮਹਿਲਾਵਾਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਕਪੂਰਥਲਾ ਪੀ.ਆਰ.ਟੀ.ਸੀ,. ਡਿਪੂ ਤੋਂ ਰੋਜ਼ਾਨਾ ਵੱਖ-ਵੱਖ ਰੂਟਾਂ ਉੱਪਰ ਚੱਲਣ ਵਾਲੀਆਂ ਸਰਕਾਰੀ ਬੱਸਾਂ ਰਾਹੀਂ ਪਹਿਲੀ ਅਪ੍ਰੈਲ ਨੂੰ ਹੀ ਲਗਭਗ 3.50 ਲੱਖ ਰੁਪੈ ਦੇ ਕਿਰਾਏ ਦਾ ਲਾਭ ਜ਼ਨਾਨਾ ਸਵਾਰੀਆਂ ਨੂੰ ਮਿਲਿਆ ਹੈ।
ਕਪੂਰਥਲਾ ਦੀ ਵਾਸੀ ਇੰਦਰ ਰਾਣੀ ਨੇ ਦੱਸਿਆ ਕਿ ਉਸਨੇ ਰੇਡੀਓ ਰਾਹੀਂ ਸਰਕਾਰੀ ਬੱਸਾਂ ਵਿਚ ਸਫਰ ਮੁਫਤ ਹੋਣ ਬਾਰੇ ਸੁਣਿਆ ਸੀ, ਪਰ ਉਸਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਸਰਕਾਰ ਏਨਾ ਵੱਡਾ ਫੈਸਲਾ ਕਿਵੇਂ ਲੈ ਸਕਦੀ ਹੈ। ਉਸਨੇ ਕਿਹਾ ਕਿ ‘ਮੈਂ ਉਸੇ ਦਿਨ ਸਵੇਰੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜਾ ਕੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਤਾਂ ਜੋ ਗੁਰੂ ਘਰ ਦੇ ਦਰਸ਼ਨ ਕਰਨ ਦੇ ਨਾਲ-ਨਾਲ ਉਹ ਪੰਜਾਬ ਸਰਕਾਰ ਦੇ ਨਵੇਂ ਫੈਸਲੈ ਬਾਰੇ ਵੀ ਸੱਚਾਈ ਤੋਂ ਜਾਣੂੰ ਹੋ ਸਕੇ। ਇੰਦਰ ਰਾਣੀ ਨੇ ਦੱਸਿਆ ਕਿ ਕੰਡਕਟਰ ਨੇ ਟਿਕਟ ਤਾਂ ਦਿੱਤੀ ਪਰ ਪੈਸਾ ਕੋਈ ਨਹੀਂ ਲਿਆ।
ਪ੍ਰਵੀਨ ਰਾਣੀ ਨੇ ਸਰਕਾਰੀ ਬੱਸ ਵਿਚ ਸਫਰ ਦੌਰਾਨ ਕਿਹਾ ਕਿ ਬਜ਼ੁਰਗ ਅਵਸਥਾ ਵਿਚ ਦੂਰ ਦੁਰਾਡੇ ਜਾਣ ਲਈ ਕਈ ਵਾਰ ਪੈਸੇ ਨਹੀਂ ਹੁੰਦੇ ਪਰ ਹੁਣ ਸੌਖਾ ਹੋ ਗਿਆ ਹੈ। ਉਸਨੇ ਕਿਹਾ ਕਿ ‘ਸਰਕਾਰਾਂ ਨੂੰ ਅਜਿਹੇ ਲੋਕ ਭਲਾਈ ਵਾਲੇ ਫੈਸਲੇ ਕਰਦੇ ਰਹਿਣਾ ਚਾਹੀਦਾ ਹੈ।
ਕਪੂਰਥਲਾ ਡਿਪੂ ਦੇ ਜਨਰਲ ਮੈਨੇਜ਼ਰ ਸ਼੍ਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਡਿਪੂ ਤੋਂ ਰੋਜ਼ਾਨਾ 82 ਸਰਕਾਰੀ ਬੱਸਾਂ ਵੱਖ-ਵੱਖ ਰੂਟਾਂ ਜਿਵੇਂ ਕਿ ਚੰਡੀਗੜ੍ਹ, ਅੰਬਾਲਾ, ਪਟਿਆਲਾ, ਜਲੰਧਰ, ਧਾਰਮਿਕ ਸਥਾਨਾਂ ਸ੍ਰੀ ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ ਆਦਿ ਨੂੰ ਜਾਂਦੀਆਂ ਹਨ, ਅਤੇ ਮੁਫਤ ਸਫਰ ਦੇ ਪਹਿਲੇ ਦਿਨ ਹੀ 3.50 ਲੱਖ ਰੁਪੈ ਤੋਂ ਜਿਆਦਾ ਦੇ ਸਫਰ ਦਾ ਲਾਭ ਮਹਿਲਾ ਸਵਾਰੀਆਂ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਇਸ ਸਬੰਧੀ ਸਮੂਹ ਕੰਡਕਟਰਾਂ ਤੇ ਹੋਰ ਅਮਲੇ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਮਹਿਲਾ ਸਵਾਰੀਆਂ ਨੂੰ ਕੋਈ ਦਿੱਕਤ ਨਾ ਆਵੇ।
ਜ਼ਿਕਰਯੋਗ ਹੈ ਕਿ ਪੀ.ਆਰ.ਟੀ.ਸੀ. ਤੇ ਰੋਡਵੇਜ਼ ਵਲੋਂ ਮਹਿਲਾ ਸਵਾਰੀ ਦੀ ਵੀ ਜ਼ੀਰੋ ਰੁਪੈ ਦੀ ਟਿਕਟ ਕੱਟੀ ਜਾਵੇਗੀ ਜਿਸ ਉੱਪਰ ਉਸਦੇ ਬੱਸ ਵਿਚ ਬੈਠਣ ਤੇ ਉਤਰਨ ਦੇ ਸਥਾਨ ਬਾਰੇ ਜਾਣਕਾਰੀ ਹੋਵੇਗੀ , ਜਿਸ ਅਨੁਸਾਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਅਦਾਰਿਆਂ ਨੂੰ ਉਸਦੇ ਇਵਜ਼ ਵਿਚ ਅਦਾਇਗੀ ਕੀਤੀ ਜਾਵੇਗੀ।