ਗੁਰਪ੍ਰੀਤ ਸਿੰਘ ਮੰਡਿਆਣੀ
- ਕਿਹਾ ! ਬੱਸ ਪਾਸ ਬਣਾਉਣ ਨਾਲ ਵੀ 2-3 ਹਜ਼ਾਰ ਰੁਪਏ ਖਰਚਾ ਹੋ ਜਾਂਦਾ ਸੀ, ਹੁਣ ਬਚੇਗਾ
- ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਸਹੂਲਤ ਲਈ ਕੀਤਾ ਧੰਨਵਾਦ
ਮੋਗਾ, 2 ਅਪਰੈਲ 2021 - ਮਹਿਲਾ ਸਸ਼ਕਤੀਕਰਨ ਵੱਲ ਇਕ ਹੋਰ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿੱਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਾ ਵਰਚੁਅਲ ਤੌਰ 'ਤੇ ਆਗਾਜ਼ ਕੀਤਾ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਾਰੇ ਵਰਗਾਂ ਖਾਸ ਕਰਕੇ ਔਰਤਾਂ ਨੇ ਭਰਪੂਰ ਸਵਾਗਤ ਕੀਤਾ ਹੈ।
ਇਸ ਸਹੂਲਤ ਦਾ ਲਾਭ ਲੈਣ ਵਾਲੀ ਜ਼ਿਲ੍ਹਾ ਮੋਗਾ ਦੀ ਹਰਮੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਔਰਤਾਂ ਨੂੰ ਆਰਥਿਕ ਤੌਰ ਉੱਤੇ ਉਤਾਂਹ ਚੁੱਕਣ ਵਿੱਚ ਵੀ ਸਫ਼ਲਤਾ ਮਿਲੇਗੀ। ਮੋਗਾ ਦੇ ਮੁੱਖ ਬੱਸ ਅੱਡੇ ਉੱਤੇ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਉਹ ਰੋਜ਼ਾਨਾ ਬੱਸ ਦੇ ਸਫ਼ਰ ਰਾਹੀਂ ਡਿਊਟੀ ਲਾਈ ਆਉਣ ਜਾਣ ਕਰਦੀ ਹੈ। ਭਾਵੇਂ ਉਸਨੇ ਨੇ ਸਰਕਾਰੀ ਬੱਸ ਦਾ ਪਾਸ ਬਣਾਇਆ ਹੋਇਆ ਸੀ ਪਰ ਫਿਰ ਵੀ ਮਹੀਨੇ ਦਾ 2-3 ਹਜ਼ਾਰ ਰੁਪਏ ਖਰਚਾ ਹੋ ਹੀ ਜਾਂਦਾ ਸੀ। ਇਸ ਸਹੂਲਤ ਨਾਲ ਹੁਣ ਇਹ ਸਾਰਾ ਖਰਚਾ ਵੀ ਬਚਣ ਲੱਗਾ ਹੈ। ਇਸ ਨਾਲ ਔਰਤਾਂ ਦੀ ਆਰਥਿਕਤਾ ਨੂੰ ਬਹੁਤ ਹੁਲਾਰਾ ਮਿਲੇਗਾ। ਹਰਮੀਤ ਕੌਰ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਸਹੂਲਤ ਲਈ ਬਹੁਤ ਹੀ ਧੰਨਵਾਦ ਕੀਤਾ।
ਜ਼ਿਲ੍ਹਾ ਮੋਗਾ ਦੀਆਂ ਬੱਚੀਆਂ, ਔਰਤਾਂ ਅਤੇ ਬਜ਼ੁਰਗ ਮਾਤਾਵਾਂ ਨੂੰ ਪੰਜਾਬ ਸਰਕਾਰ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕਿਹਾ ਕਿ ਇਸ ਸਹੂਲਤ ਨਾਲ ਸਹੀ ਅਰਥਾਂ ਵਿੱਚ ਔਰਤਾਂ ਦਾ ਸਸ਼ਕਤੀਕਰਨ ਹੋਵੇਗਾ। ਉਹਨਾਂ ਕਿਹਾ ਕਿ ਸਾਰੀਆਂ ਮਹਿਲਾਵਾਂ ਚਾਹੇ ਉਹ ਕੋਈ ਵੀ ਵਿੱਤੀ ਰੁਤਬਾ ਰੱਖਦੀਆਂ ਹੋਣ, ਸਿਰਫ ਆਧਾਰ ਜਾਂ ਵੋਟਰ ਜਾਂ ਕੋਈ ਵੀ ਯੋਗ ਸ਼ਨਾਖਤੀ ਕਾਰਡ ਦਿਖਾ ਕੇ ਸਾਰੀਆਂ ਗੈਰ ਏ.ਸੀ.ਬੱਸਾਂ ਤੇ ਸੂਬੇ ਅੰਦਰ ਚੱਲਣ ਵਾਲੀਆਂ ਬੱਸਾਂ ਵਿੱਚ ਮੁਫਤ ਸਫਰ ਕਰ ਸਕਦੀਆਂ ਹਨ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਟਰਾਂਸਪੋਰਟ ਵਿਭਾਗ ਵਾਹਨਾਂ ਦੀ ਟਰੈਕਿੰਗ ਲਈ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵਿੱਚ ਜੀ.ਪੀ.ਐਸ. ਸਿਸਟਮ ਲਗਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੰਗਾਮੀ ਹਾਲਤ ਲਈ ਪੈਨਿਕ ਬਟਨ ਹੋਵੇਗਾ। ਸਰਕਾਰੀ ਬੱਸਾਂ ਵਿੱਚ ਇਹ ਪ੍ਰਕਿਰਿਆ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਪ੍ਰਾਈਵੇਟ ਅਪਰੇਟਰਾਂ ਨੂੰ 31 ਅਗਸਤ ਤੱਕ ਪੂਰਾ ਕਰਨ ਲਈ ਆਖਿਆ ਗਿਆ ਹੈ।