← ਪਿਛੇ ਪਰਤੋ
Special Story: ਸਰਪੰਚੀ ਦੇ ਨਵੇਂ ਨਕੋਰ ਰੰਗ ਨਤੀਜੇ ਦੇਖ ਰਹਿ ਜਾਓਗੇ ਦੰਗ
ਅਸ਼ੋਕ ਵਰਮਾ
ਬਠਿੰਡਾ, 8 ਨਵੰਬਰ 2024: ਪੰਜਾਬ ’ਚ ਕੁੱਝ ਦਿਨ ਪਹਿਲਾਂ ਹੋਈਆਂ ਪੰਚਾਇਤ ਚੋਣਾਂ ’ਚ ਪਈਆਂ ਵੋਟਾਂ ਦੀ ਗਿਣਤੀ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਵਿੱਚ ਇੱਕ ਨਿਵੇਕਲਾ ਰੰਗ ਸਾਹਮਣੇ ਆਇਆ ਹੈ ਕਿ ਜਿੱਥੇ ਜਿੱਤ ਹਾਰ ਦੇ ਫਰਕ ਨਾਲੋਂ ਰੱਦ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਵੱਧ ਹੈ ਜਿਸ ਤੋਂ ਨਵੇਂ ਚਰਚੇ ਛਿੜ ਗਏ ਹਨ। ਚੋਣਾਂ ਦੇ ਨਤੀਜਿਆਂ ਦੀ ਪੁਣਛਾਣ ਦੌਰਾਨ ਇਹ ਤੱਥ ਉੱਭਰੇ ਹਨ ਜੋਕਿ ਹੈਰਾਨ ਕਰਨ ਵਾਲੇ ਹਨ। ਹਾਰਨ ਵਾਲੇ ਉਮੀਦਵਾਰ ਆਖਦੇ ਹਨ ਕਿ ਉਨ੍ਹਾਂ ਨੂੰ ਹਰਾਉਣ ਲਈ ਕਿਸੇ ਸਾਜਿਸ਼ ਤਹਿਤ ਇਹ ਜੱਗੋਂ ਤੇਰਵੀਂ ਕੀਤੀ ਗਈ ਹੈ ਜਦੋਂਕਿ ਸਰਕਾਰੀ ਸੂਤਰ ਨਤੀਜਿਆਂ ਨੂੰ ਸਟੀਕ ਦੱਸ ਰਹੇ ਹਨ। ਇਸ ਮਾਮਲੇ ਨੂੰ ਲੈਕੇ ਅਧਿਕਾਰੀ ਕਿਸੇ ਕਿਸਮ ਦੀ ਪ੍ਰਤੀਕਿਰਿਆ ਦੇਣ ਨੂੰ ਤਿਆਰ ਨਹੀਂ ਪਰ ਏਦਾਂ ਹੋਈ ਜਿੱਤ ਹਾਰ ਨੂੰ ਲੈਕੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੋ ਰਹੀਆਂ ਹਨ। ਇਸ ਮਾਮਲੇ ਨੂੰ ਲੈਕੇ ਆਉਣ ਵਾਲੇ ਦਿਨਾਂ ਦੌਰਾਨ ਮੈਦਾਨ ਭਖਣ ਦੇ ਆਸਾਰ ਬਣਦੇ ਦਿਖਾਈ ਦੇ ਰਹੇ ਹਨ। ਬਲਾਕ ਬਠਿੰਡਾ ਦੇ ਪਿੰਡ ਝੁੰਬਾ ’ਚ ਸਰਪੰਚੀ ਦੀ ਚੋਣ ਨੂੰ ਲੈਕੇ ਵੱਡਾ ਰੱਫੜ ਪੈ ਜਾਏ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਇਸ ਪਿੰਡ ’ਚ ਮਹਿਲਾ ਉਮੀਦਵਾਰ ਬਲਦੇਵ ਕੌਰ ਜੇਤੂ ਰਹੀ ਹੈ ਜਿਸ ਨੂੰ 1563 ਵੋਟਾਂ ਪਈਆਂ ਹਨ ਜਦੋਂਕਿ ਹਾਰਨ ਵਾਲੀ ਕਿੰਦਰਜੀਤ ਕੌਰ ਪਈਆਂ ਵੋਟਾਂ ਦੀ ਗਿਣਤੀ 1323 ਹੈ। ਇਸ ਚੋਣ ’ਚ ਜਿੱਤ ਹਾਰ ਦਾ ਫਰਕ 240 ਹੈ ਜਦੋਂਕਿ ਰੱਦ ਵੋਟਾਂ ਦੀ ਗਿਣਤੀ 560 ਹੈ ਜੋ ਕਿ ਹੁਣ ਤੱਕ ਦਾ ਅਜੀਬੋਗਰੀਬ ਰਿਕਾਰਡ ਮੰਨਿਆ ਜਾ ਰਿਹਾ ਹੈ। ਇਸੇ ਬਲਾਕ ਦੇ ਪਿੰਡ ਬਸਤੀ ਤਲਾਬ ਨਹਿਰ ਵਿੱਚ ਜੇਤੂ ਜਸਵੰਤ ਕੌਰ ਨੂੰ 462 ਅਤੇ ਹਾਰੀ ਮਨਜੀਤ ਕੌਰ ਨੂੰ 454 ਵੋਟਾਂ ਪਈਆਂ ਜਿੰਨ੍ਹਾਂ ਦਾ ਫਰਕ 8 ਹੈ ਜਦੋਂਕਿ ਰੱਦ ਵੋਟਾਂ ਦੀ ਗਿਣਤੀ 128 ਹੈ। ਬਲਾਕ ਗੋਨਿਆਣਾ ਦੇ ਪਿੰਡ ਭੋਖੜਾ ਵਿੱਚ ਸਿਰਫ ਇੱਕ ਵੋਟ ਦੇ ਫਰਕ ਨਾਲ ਜਿੱਤ ਹਾਰ ਦਾ ਫੈਸਲਾ ਹੋਇਆ ਹੈ ਜਦੋਂਕਿ ਰੱਦ ਕੀਤੀਆਂ ਗਈਆਂ ਵੋਟਾਂ ਦੀ ਗਿਣਤੀ 70 ਹੈ ਜੋਕਿ ਜਿਲ੍ਹੇ ’ਚ ਦੂਸਰਾ ਅਹਿਮ ਰਿਕਾਰਡ ਹੈ। ਜਿੱਤਣ ਵਾਲੀ ਸੁਖਪ੍ਰੀਤ ਕੌਰ ਨੂੰ 702 ਅਤੇ ਹਾਰਨ ਵਾਲੀ ਉਮੀਦਵਾਰ ਪਰਮਿੰਦਰ ਕੌਰ ਨੂੰ 701 ਵੋਟਾਂ ਪਈਆਂ ਹਨ। ਂ ਦਿਲਚਸਪ ਤੱਥ ਇਹ ਵੀ ਹੈ ਕਿ ਸਾਲ 2018 ਦੌਰਾਨ ਵੀ ਭੋਖੜਾ ’ਚ ਕਾਂਗਰਸੀ ਉਮੀਦਵਾਰ 39 ਵੋਟਾਂ ਨਾਲ ਜਿੱਤਿਆ ਸੀ ਜਦੋਂਕਿ ਰੱਦ ਵੋਟਾਂ ਦੀ ਗਿਣਤੀ 75 ਰਹੀ ਸੀ। ਬਲਾਕ ਰਾਮਪੁਰਾ ਦੇ ਪਿੰਡ ਘੜੈਲੀ ਵਿੱਚ ਵੀ ਹਾਰ ਜਿੱਤ ਦਾ ਫੈਸਲਾ ਇੱਕ ਵੋਟ ਨਾਲ ਹੋਇਆ ਹੈ। ਇਸ ਪਿੰਡ ’ਚ ਚੋਣ ਜਿੱਤਣ ਵਾਲੇ ਮਲਕੀਤ ਸਿੰਘ ਨੂੰ 246 ਅਤੇ ਹਾਰਨ ਵਾਲੇ ਕੇਵਲ ਸਿੰਘ ਨੂੰ 245 ਵੋਟਾਂ ਪਈਆਂ ਹਨ ਜਦੋਂਕਿ ਰੱਦ ਵੋਟਾਂ ਹੋਈਆਂ ਦੀ ਗਿਣਤੀ 12 ਰਹੀ ਹੈ। ਬਲਾਕ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਵਿੱਚ ਵੀ ਜਿੱਤ ਹਾਰ ’ਚ ਫਰਕ ਇੱਕ ਵੋਟ ਦਾ ਹੈ ਜਦੋਂਕਿ ਰੱਦ ਵੋਟਾਂ ਦੀ ਗਿਣਤੀ 14 ਹੈ। ਜੇਤੂ ਲਖਵੀਰ ਸਿੰਘ ਨੂੰ 340 ਅਤੇ ਹਾਰੇ ਕੇਵਲ ਸਿੰਘ ਨੂੰ 339 ਵੋਟਾਂ ਪਈਆਂ ਹਨ। ਬਲਾਕ ਨਥਾਣਾ ਦੇ ਪਿੰਡ ਗੰਗਾ ’ਚ ਵੀਰਪਾਲ ਕੌਰ ਨੂੰ 839 ਵੋਟਾਂ ਪਈਆਂ ਤੇ ਸਖਤ ਮੁਕਾਬਲੇ ਦੌਰਾਨ ਸੁਖਵਿੰਦਰ ਕੌਰ 837 ਵੋਟਾਂ ਹਾਸਲ ਕਰ ਸਕੀ। ਵੀਰਪਾਲ ਕੌਰ 2 ਵੋਟਾਂ ਵੱਧ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦੋਂਕਿ ਰੱਦ ਹੋਈਆਂ ਵੋਟਾਂ ਦੀ ਗਿਣਤੀ 36 ਹੈ। ਇਸ ਪਿੰਡ ’ਚ ਪਿੰਡ ਗੰਗਾ ’ਚ 2018 ਦੌਰਾਨ ਵੀ ਜਿੱਤ ਹਾਰ ਦਾ ਫਰਕ 31 ਵੋਟਾਂ ਦਾ ਅਤੇ ਰੱਦ ਵੋਟਾਂ ਦੀ ਗਿਣਤੀ 40 ਸੀ। ਇਸੇ ਬਲਾਕ ਦੇ ਪਿੰਡ ਹਰਜੋਗਿੰਦਰ ਨਗਰ ਵਿੱਚ ਹਰਪ੍ਰੀਤ ਕੌਰ 5 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਅਤੇ ਰੱਦ ਵੋਟਾਂ ਦੀ ਗਿਣਤੀ 17ਰਹੀ । ਹਰਪ੍ਰੀਤ ਕੌਰ ਨੂੰ 468ਅਤੇ ਵਿਰੋਧੀ ਬਲਜੀਤ ਕੌਰ ਨੂੰ 463 ਵੋਟਾਂ ਪਈਆਂ ਹਨ। ਬਲਾਕ ਫੂਲ ਦੇ ਪਿੰਡ ਫੂਲੇਵਾਲਾ ਵਿੱਚ ਜੇਤੂ ਕੁਲਵਿੰਦਰ ਸਿੰਘ ਨੂੰ 713 ਅਤੇ ਹਾਰਨ ਵਾਲੇ ਸੁਖਚੈਨ ਸਿੰਘ ਨੂੰ 682 ਵੋਟਾਂ ਪਈਆਂ ਹਨ। ਇਸ ਪਿੰਡ ’ਚ ਜਿੱਤ ਹਾਰ ਦਾ ਫਰਕ 31ਅਤੇ ਰੱਦ ਵੋਟਾਂ ਦੀ ਗਿਣਤੀ 33 ਹੈ । ਏਦਾਂ ਦਾ ਹੀ ਮਾਮਲਾ ਬਲਾਕ ਰਾਮਪੁਰਾ ਦੇ ਪਿੰਡ ਰਾਮਨਿਵਾਸ ’ਚ ਵੀ ਸਾਹਮਣੇ ਆਇਆ ਹੈ ਜਿੱਥੇ 21 ਵੋਟਾਂ ਨਾਲ ਜੇਤੂ ਰਹੀ ਕਰਮਜੀਤ ਕੌਰ ਨੂੰ 758 ਅਤੇ ਜਸਵੀਰ ਕੌਰ ਨੂੰ 737 ਵੋਟਾਂ ਪਈਆਂ ਜਦੋਂਕਿ ਰੱਦ ਵੋਟਾਂ ਦਾ ਅੰਕੜਾ 33 ਹੈ। ਇਸੇ ਬਲਾਕ ਦੇ ਪਿੰਡ ਸੂਚ ਵਿੱਚ ਚੋਣ ਜਿੱਤੀ ਹਰਵਿੰਦਰ ਕੌਰ ਨੂੰ 582 ਅਤੇ ਹਾਰਨ ਵਾਲੀ ਲਖਵੀਰ ਕੌਰ ਨੂੰ 571 ਵੋਟਾਂ ਪਈਆਂ ਹਨ। ਪਿੰਡ ਸੂਚ ਵਿੱਚ ਜਿੱਤ ਹਾਰ ਦਾ ਫਰਕ 11 ਹੈ ਜਦੋਂਕਿ ਰੱਦ ਵੋਟਾਂ ਦੀ ਗਿਣਤੀ 20 ਰਹੀ। ਬਲਾਕ ਰਾਮਪੁਰਾ ਦੇ ਪਿੰਡ ਬੁਰਜ ਮਾਨਸਾ ਵਿੱਚ ਜੇਤੂ ਟੇਕ ਸਿੰਘ ਨੇ 355 ਅਤੇ ਹਾਰ ਜਾਣ ਵਾਲੇ ਬੀਰਬਲ ਸਿੰਘ ਨੇ 346 ਵੋਟਾਂ ਹਾਸਲ ਕੀਤੀਆਂ। ਇੱਥੇ ਜਿੱਤ ਹਾਰ ਦਾ ਅੰਤਰ 9 ਵੋਟਾਂ ਸੀ ਜਦੋਂਕਿ 20 ਵੋਟਾਂ ਰੱਦ ਹੋਈਆਂ। ਬਲਾਕ ਸੰਗਤ ਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿੱਚ ਜੇਤੂ ਸੁਖਦੇਵ ਕੌਰ ਨੂੰ 999 ਅਤੇ ਹਾਰਨ ਵਾਲੀ ਰਮਨਪ੍ਰੀਤ ਕੌਰ ਨੂੰ 965 ਵੋਟਾਂ ਪਈਆਂ ਜਿੰਨ੍ਹਾਂ ਦਾ ਆਪਸੀ ਫਰਕ 34 ਹੈ ਅਤੇ ਰੱਦ ਵੋਟਾਂ 46 ਹਨ। ਬਲਾਕ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਵਿੱਚ ਜੇਤੂ ਬੂਟਾ ਸਿੰਘ ਨੂੂੰ 1238 ਅਤੇ ਵਿਰੋਧੀ ਗੁਰਜੰਟ ਸਿੰਘ 1191 ਵੋਟਾਂ ਪਈਆਂ। ਲਾਲੇਆਣਾ ਵਿੱਚ ਜਿੱਤ ਹਾਰ ਦਾ ਅੰਤਰ 45 ਰਿਹਾ ਜਦੋਂਕਿ ਰੱਦ ਵੋਟਾਂ ਦੀ ਸੰਖਿਆ 83 ਹੈ। ਕੁੱਝ ਹੋਰ ਵੀ ਪਿੰਡ ਹਨ ਜਿੱਥੇ ਰੱਦ ਵੋਟਾਂ ਅਤੇ ਜੇਤੂ ਅੰਕੜਾ ਜਿਆਦਾ ਤਾਂ ਨਹੀਂ ਪਰ ਭਿੜਦਾ ਨਜ਼ਰ ਆ ਰਿਹਾ ਹੈ।
Total Responses : 221