Babushahi Special: ਹਕੂਮਤੀ ਰੰਗ: ਜਿੰਦਰਾ ਜੰਗਾਲ ਖਾ ਗਿਆ ਕੁੰਜੀ ਲੈ ਗਿਆ ਦਿਲਾਂ ਦਾ ਜਾਨੀ
ਅਸ਼ੋਕ ਵਰਮਾ
ਬਠਿੰਡਾ,6 ਮਾਰਚ 2025 : ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਆਮ ਲੋਕਾਂ ਦੀਆਂ ਸ਼ਕਾਇਤਾਂ ਅਧਿਕਾਰੀਆਂ ਤੱਕ ਸਿੱਧਿਆਂ ਹੀ ਪੁੱਜਦੀਆਂ ਕਰਨ ਲਈ ਕਈ ਸਾਲ ਪਹਿਲਾਂ ਲਾਏ ਸ਼ਕਾਇਤ ਬਕਸਿਆਂ ਦੇ ਜਿੰਦਰਿਆਂ ਨੂੰ ਜੰਗਾਲ ਲੱਗ ਗਿਆ ਹੈ ਪਰ ਕਦੇ ਇਹ ਖੁੱਲ੍ਹਦੇ ਨਹੀਂ ਦੇਖੇ ਗਏ ਹਨ। ਲੋਕ ਆਖਦੇ ਹਨ ਕਿ ਇੰਨ੍ਹਾਂ ਜਿੰਦਰਿਆਂ ਨੂੰ ਜੰਗਾਲ ਨਹੀਂ ਲੱਗਿਆ ਬਲਕਿ ਸਮੁੱਚਾ ਸਰਕਾਰੀ ਸਿਸਟਮ ਹੀ ਜੰਗਾਲਿਆ ਗਿਆ ਹੈ। ਮਿੰਨੀ ਸਕੱਤਰੇਤ ’ਚ ਸਥਿਤ ਤਹਿਸੀਲਦਾਰ, ਪੁਲਿਸ ਪ੍ਰਸ਼ਾਸ਼ਨ ਅਤੇ ਟਰਾਂਸਪੋਰਟ ਮਹਿਕਮੇ ਸਮੇਤ ਵੱਖ ਵੱਖ ਥਾਵਾਂ ਤੇ ਲੱਗੇ ਇੰਨ੍ਹਾਂ ਡੱਬਿਆਂ ਦੀ ਇਹੋ ਹੋਣੀ ਹੈ। ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਂ ਨਹੀਂ ਪਤਾ ਕਿ ਅੰਤਿਮ ਵਾਰ ਇੰਨ੍ਹਾਂ ਜਿੰਦਰਿਆਂ ਨੂੰ ਕਦੋਂ ਤੇ ਕਿਸ ਨੇ ਖੋਹਲਿਆ ਸੀ। ਇਹੋ ਹਾਲ ਵਿਜੀਲੈਂਸ ਵਿਭਾਗ ਦੀ ਸ਼ਕਾਇਤ ਪੇਟੀ ਦਾ ਹੈ ਜਿਸ ਨੂੰ ਲਾਉਣ ਦਾ ਮਕਸਦ ਹੀ ਭ੍ਰਿਸ਼ਟਾਚਾਰ ਖਿਲਾਫ ਸਿੱਧੀਆਂ ਸ਼ਕਾਇਤਾਂ ਹਾਸਲ ਕਰਨਾ ਸੀ। ਇਹੀ ਸਥਤਿੀ ਹੋਰਨਾਂ ਮਹਿਕਮਿਆਂ ਵੱਲੋਂ ਲਾਏ ਸ਼ਕਾਇਤ ਬਕਸਿਆਂ ਦਾ ਹੈ ਜੋ ਹੁਣ ਇੱਕ ਤਰਾਂ ਨਾਲ ਬੇਜਾਨ ਹੋਏ ਪਏ ਹਨ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਆਪਣੇ ਕੰਮ ਲਈ ਆਏ ਇੱਕ ਬਜ਼ੁਰਗ ਨੇ ਕਿਹਾ ਕਿ ਇੰਨ੍ਹਾਂ ਜਿੰਦਰਿਆਂ ’ਚ ਜਾਨ ਹੁੰਦੀ ਤਾਂ ਇਹ ਜਿੰਦਰੇ ਸੰਗਤ ਦਰਸ਼ਨਾਂ ਵਿੱਚ ਅਫਸਰਾਂ ਅੱਗੇ ਜਰੂਰ ਪੇਸ਼ ਹੁੰਦੇ ਅਤੇ ਪੁੱਛਦੇ ਕਿ ਆਖਰ ਉਨ੍ਹਾਂ ਦਾ ਕਸੂਰ ਕੀ ਸੀ ਜਿਹੜੀ ਉਨ੍ਹਾਂ ਨਾਲ ਇੰਜ ਹੋਈ ਹੈ। ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਟੀਵੀ ਚੈਨਲਾਂ ਤੇ ਆਪਣੀ ਸਰਕਾਰ ਦੀਆਂ ਉਲੱਬਧੀਆਂ ਗਿਣਾਕੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ’ਚ ਵਾਧਾ ਕਰਨ ਬਾਰੇ ਆਖ ਰਹੇ ਸਨ ਪਰ ਦਿਲਚਸਪ ਗੱਲ ਹੈ ਕਿ ਲੋਕ ਸੇਵਾ ਲਈ ਲਾਏ ਬਕਸਿਆਂ ਵੱਲ ਕਦੇ ਕਿਸੇ ਮੰਤਰੀ ਨੇ ਧਿਆਨ ਨਹੀਂ ਦਿੱਤਾ ਹੈ। ਇਹ ਉਹ ਜਿੰਦਰੇ ਹਨ ਜਿੰਨ੍ਹਾਂ ਨੇ ਲੋਕ ਰਾਜ ਦਾ ਨੀਲਾ ਰੰਗ ਵੀ ਦੇਖਿਆ ਅਤੇ ਚਿੱਟਾ ਵੀ ਪਿੰਡੇ ਤੇ ਹੰਢਾਇਆ ਹੈ ਜਦੋਂਕਿ ਹੁਣ ਬਸੰਤੀ ਵਾਰੀ ਵੀ ਜਿੰਦਰਿਆਂ ਦੀ ਕਿਸਮਤ ਨਹੀਂ ਬਦਲੀ ਹੈ। ਸਰਕਾਰੀ ਵਿਭਾਗਾਂ ਵਿੱਚ ਭਰਤੀ ਹੋਏ ਨਵੇਂ ਮੁਲਾਜਮਾਂ ਨੂੰ ਇਹ ਵੀ ਪਤਾ ਨਹੀਂ ਕਿ ਕੋਈ ਬਕਸੇ ਵੀ ਲੱਗੇ ਹੋਏ ਹਨ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚੋਂ ਸਰਕਾਰੀ ਵਿਭਾਗ ਚੋਂ ਸੇਵਾਮੁਕਤ ਹੋਏ ਇੱਕ ਮੁਲਾਜਮ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਸਰਕਾਰ ਦੀਆਂ ਹਦਾਇਤਾਂ ਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਇਹ ਸ਼ਕਾਇਤ ਪੇਟੀਆਂ ਲਗਵਾਈਆਂ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦਾ ਮਕਸਦ ਸੀ ਕਿ ਜੇਕਰ ਕੋਈ ਵੀ ਨਾਗਰਿਕ ਕਿਸੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਤੋਂ ਸੰਤੁਸ਼ਟ ਨਹੀਂ ਹੈ ਜਾਂ ਫਿਰ ਕਿਸੇ ਨੂੰ ਸਰਕਾਰੀ ਮੁਲਾਜਮਾਂ ਦਾ ਰਵਈਏ ਪ੍ਰਤੀ ਸ਼ਕਾਇਤ ਹੈ ਤਾਂ ਉਹ ਆਪਣੀ ਅਰਜੀ ਜਾਂ ਸ਼ਕਾਇਤ ਇੰਨ੍ਹਾਂ ਬਕਸਿਆਂ ਵਿੱਚ ਪਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸ਼ਕਾਇਤ ਪੇਟੀਆਂ ਨੂੰ ਹਫਤੇ ਵਿੱਚ ਇੱਕ ਵਾਰ ਖੋਹਲਣ ਅਤੇ ਸ਼ਕਾਇਤਾਂ ਦਾ ਨਿਪਟਾਰਾ ਕਰਨ ਦੀ ਗੱਲ ਵੀ ਆਖੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਈ ਸੀਟਾਂ ਤੇ ਲਗਾਤਰ ਸੇਵਾ ਨਿਭਾਈ ਹੈ ਪਰ ਉਨ੍ਹਾਂ ਨੇ ਇੰਨ੍ਹਾਂ ਬਕਸਿਆਂ ਨੂੰ ਕਦੀ ਖੁੱਲ੍ਹਦਾ ਜਾਂ ਕਿਸੇ ਨੂੰ ਖੋਹਲਦਾ ਨਹੀਂ ਦੇਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤਾਂ ਸ਼ਾਇਦ ਜਿੰਦਰਿਆਂ ਦੀ ਚਾਬੀਆਂ ਵੀ ਨਹੀਂ ਹੋਣੀਆਂ ਹਨ।
ਆਮ ਆਦਮੀ ਨਹੀਂ ਏਜੰਡਾ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸਪੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਆਮ ਆਦਮੀ ਸਰਕਾਰਾਂ ਦੇ ਕਦੇ ਏਜੰਡੇ ਤੇ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਲੋਕਾਂ ਨਾਲ ਸਰੋਕਾਰ ਰੱਖਦੀ ਤਾਂ ਸ਼ਕਾਇਤ ਬਕਸਿਆਂ ਦੀ ਜਰੂਰਤ ਹੀ ਨਹੀਂ ਪੈਣੀ ਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸਿਆਸੀ ਲੋਕ ਆਪਣੀ ਵਾਹ ਵਾਹ ਕਰਵਾਉਣ ਲਈ ਅਜਿਹੀ ਸ਼ੋਸ਼ੇਬਾਜੀ ਕਰਦੇ ਰਹਿੰਦੇ ਹਨ ਪਰ ਮਗਰੋਂ ਸਭ ਕੁੱਝ ਵਿਸਾਰ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਸੇਵਾਵਾਂ ਦਾ ਸਰਲੀਕਰਨ ਕਰਕੇ ਸਰਕਾਰ ਅਧਿਕਾਰੀਆਂ ਨੂੰ ਹਦਾਇਤਾਂ ਤਾਂ ਜੋ ਆਮ ਆਦਮੀ ਨੂੰ ਨਾਂ ਤਾਂ ਸ਼ਕਾਇਤ ਪੇਟੀਆਂ ਦੀ ਜਰੂਰਤ ਪਵੇ ਅਤੇ ਨਾਂ ਹੀ ਦਰ ਦਰ ਠੋਕਰਾਂ ਖਾਣੀਆਂ ਪੈਣ।
ਹਰ ਮਹੀਨੇ ਖੁੱਲ੍ਹਣਗੇ ਜਿੰਦਰੇ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਇਸ ਲਈ ਹੁਣ ਭਵਿੱਖ ਵਿੱਚ ਹਰ ਮਹੀਨੇ ਸ਼ਕਾਇਤ ਬਕਸਿਆਂ ਨੂੰ ਖੁਲਵਾਉਣਾ ਤੇ ਮਿਲੀਆਂ ਸ਼ਕਾਇਤਾਂ ਤੇ ਕਾਰਵਾਈ ਕਰਵਾਉਣੀ ਵੀ ਯਕੀਨੀ ਬਣਾਈ ਜਾਏਗੀ।
ਖੁੱਲ੍ਹਦਾ ਹੈ ਜਿੰਦਰਾ: ਵਿਜੀਲੈਂਸ
ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ ਐਸ ਐਸ ਪੀ ਹਰਪਾਲ ਸਿੰਘ ਦਾ ਕਹਿਣਾ ਸੀ ਕਿ ਵਿਜੀਲੈਂਸ ਵੱਲੋਂ ਹਰ ਹਫਤੇ ਤਾਲਾ ਖੋਹਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਸ਼ਕਾਇਤ ਬਾਕਸ ਚੋਂ ਅਕਸਰ ਸ਼ਕਾਇਤਾਂ ਮਿਲਦੀਆਂ ਵੀ ਹਨ ਜਿੰਨ੍ਹਾਂ ਤਦੇ ਬਕਾਇਦਾ ਕਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੇ ਬਾਹਰ ਗਾਰਦ ਲੱਗੀ ਹੋਣ ਕਰਕੇ ਜਿਆਦਾਤਰ ਸ਼ਕਾਇਤਕਰਤਾ ਰਾਤ ਵਕਤ ਸ਼ਕਾਇਤਾਂ ਪਾਉਂਦੇ ਹਨ।
ਡਿਪਟੀ ਕਮਿਸ਼ਨਰ ਰੁੱਝੇ
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਨਿੱਜੀ ਸਹਾਇਕ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਰੁੱਝੇ ਹੋਏ ਹਨ ਇਸ ਲਈ ਫਿਲਹਾਲ ਗੱਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਸਾਹਿਬ ਵਿਹਲੇ ਹੋਣਗੇ ਉਹ ਇਸ ਸਬੰਧ ਵਿੱਚ ਉਨ੍ਹਾਂ ਨੂੰ ਜਾਣਕਾਰੀ ਦੇ ਦੇਣਗੇ।